ਅਮਰੀਕਾ ਦੀ ਅਗਵਾਈ ਵਿੱਚ ਨਾਟੋ ਫੌਜਾਂ ਦਾ ਸੀਰੀਆ ਉੱਤੇ ਜ਼ੋਰਦਾਰ ਹਵਾਈ ਹਮਲਾ


ਦਮਸ਼ਕ, 15 ਅਪਰੈਲ, (ਪੋਸਟ ਬਿਊਰੋ)- ਸੀਰੀਆ ਵੱਲੋਂ ਕੈਮੀਕਲ ਹਮਲੇ ਕਰਨ ਦੇ ਦੋਸ਼ ਲਾਉਣ ਪਿੱਛੋਂ ਏਦਾਂ ਦੇ ਕਥਿਤ ਹਮਲਿਆਂ ਦੇ ਜਵਾਬ ਵਿੱਚ ਅੱਜ ਅਮਰੀਕਾ, ਫਰਾਂਸ ਤੇ ਬ੍ਰਿਟੇਨ ਦੀਆਂ ਹਵਾਈ ਫੌਜਾਂ ਨੇ ਬਸ਼ਰ ਅਲ ਅਸਦ ਦੀ ਸਰਕਾਰ ਦੇ ਖ਼ਿਲਾਫ਼ ਕਈ ਹਵਾਈ ਹਮਲੇ ਕੀਤੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਮੀਕਲ ਹਮਲਿਆਂ ਨੂੰ ‘ਰਾਖਸ਼ੀ ਜੁਰਮ’ ਕਰਾਰ ਦਿੰਦੇ ਹੋਏ ਵ੍ਹਾਈਟ ਹਾਊਸ ਤੋਂ ਇਨ੍ਹਾਂ ਜਵਾਬੀ ਹਮਲਿਆਂ ਦਾ ਐਲਾਨ ਕੀਤਾ।
ਵਰਨਣ ਯੋਗ ਹੈ ਕਿ ਅਮਰੀਕਾ ਤੇ ਨਾਟੋ ਫੌਜਾਂ ਨੇ ਇਹ ਹਮਲੇ ਰੂਸ ਦੀ ਚਿਤਾਵਨੀ ਦੇ ਬਾਵਜੂਦ ਕੀਤੇ ਹਨ। ਰੂਸੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਗਠਜੋੜ ਫ਼ੌਜਾਂ ਨੇ 103 ਮਿਜ਼ਾਈਲਾਂ ਦਾਗ਼ੀਆਂ, ਪਰ ਸੀਰੀਆ ਦੇ ਹਵਾਈ ਡਿਫੈਂਸ ਸਿਸਟਮ ਨੇ 71 ਨੂੰ ਰਾਹ ਵਿੱਚ ਫੁੰਡ ਦਿੱਤਾ। ਸੀਰੀਆ ਦਾ ਦਾਅਵਾ ਹੈ ਕਿ ਇਸ ਹਮਲੇ ਵਿੱਚ ਤਿੰਨ ਜਣੇ ਜ਼ਖ਼ਮੀ ਹੋਏ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹਵਾਈ ਹਮਲੇ ਕਰਨ ਦਾ ਐਲਾਨ ਕੀਤੇ ਜਾਣ ਮਗਰੋਂ ਸੀਰੀਆ ਦੀ ਰਾਜਧਾਨੀ ਦਮਸ਼ਕ ਵਿੱਚ ਤੇਜ਼ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇਨ੍ਹਾਂ ਹਮਲਿਆਂ ਦੇ ਨਾਲ ਸੱਤ ਸਾਲਾ ਗ੍ਰਹਿ ਯੁੱਧ ਦਾ ਨਵਾਂ ਚੈਪਟਰ ਖੁੱਲ੍ਹਣ ਦੀ ਸੰਭਾਵਨਾ ਹੋ ਗਈ ਹੈ। ਸ਼ਹਿਰ ਵਿੱਚ ਮੌਜੂਦ ਇੱਕ ਪੱਤਰਕਾਰ ਨੇ ਸਥਾਨਕ ਸਮੇਂ ਅਨੁਸਾਰ ਤੜਕੇ ਚਾਰ ਵਜੇ ਲਗਾਤਾਰ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ, ਜਿਸ ਪਿੱਛੋਂ ਜਹਾਜ਼ ਉੱਡਣ ਲੱਗ ਪਏ ਅਤੇ ਰਾਜਧਾਨੀ ਦੇ ਪੂਰਬੀ ਅਤੇ ਉੱਤਰੀ ਇਲਾਕਿਆਂ ਤੋਂ ਆਸਮਾਨ ਵਿੱਚੋਂ ਧੂੰਆਂ ਉਠਦਾ ਦੇਖਿਆ ਗਿਆ।
ਵਰਨਣ ਯੋਗ ਹੈ ਕਿ ਦੂਮਾ ਕਸਬੇ ਵਿੱਚ ਇਕ ਹਫ਼ਤਾ ਪਹਿਲਾਂ ਕੈਮੀਕਲ ਹਥਿਆਰਾਂ ਦੇ ਹਮਲੇ ਵਿੱਚ 40 ਤੋਂ ਵੱਧ ਲੋਕ ਮਰਨ ਦੀ ਗੱਲ ਕਹੀ ਗਈ ਸੀ। ਅਮਰੀਕਾ ਦੇ ਸੀਨੀਅਰ ਜਨਰਲ ਜੋਜ਼ੇਫ ਡਨਫੋਰਡ ਨੇ ਕਿਹਾ ਕਿ ਹਮਲਿਆਂ ਵਿੱਚ ਦਮਸ਼ਕ ਤੇ ਹੋਮਸ ਸੂਬੇ ਵਿੱਚ ਵਿਗਿਆਨਕ ਖੋਜ ਕੇਂਦਰ, ਭੰਡਾਰ ਕੇਂਦਰਾਂ ਤੇ ਇਕ ਕਮਾਂਡ ਚੌਕੀ ਸਮੇਤ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੀਰੀਆ ਨੇ ਜ਼ਮੀਨ ਤੋਂ ਹਵਾ ਵਿੱਚ ਮਾਰ ਵਾਲੀਆਂ ਮਿਜ਼ਾਈਲਾਂ ਨਾਲ ਜਵਾਬੀ ਕਾਰਵਾਈ ਕੀਤੀ, ਪਰ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ। ਸੀਰੀਆ ਦੇ ਸਰਕਾਰੀ ਮੀਡੀਆ ਮੁਤਾਬਕ ਹਮਲੇ ਨੂੰ ਰੋਕਣ ਲਈ ਹਵਾਈ ਡਿਫੈਂਸ ਸਿਸਟਮ ਸਰਗਰਮ ਕੀਤਾ ਗਿਆ ਹੈ। ਉਨ੍ਹਾਂ ਰਾਜਧਾਨੀ ਵਿੱਚ ਧੂੰਆਂ ਉੱਠਣ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਟਰੰਪ ਨੇ ਰੂਸ ਤੇ ਇਰਾਨ ਨੂੰ ਸੀਰੀਆ ਵਿੱਚ ਆਪਣੇ ਸਹਿਯੋਗੀ ਨਾਲ ਖੜਾ ਨਾ ਹੋਣ ਦੀ ਚਿਤਾਵਨੀ ਦਿੱਤੀ। ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਕਿਹਾ ਕਿ ਹੋਰ ਹਮਲੇ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਇਸ ਦੌਰਾਨ ਸੀਰੀਆ ਦੇ ਸੰਕਟ ਬਾਰੇ ਰੂਸ ਦੇ ਸਰਕਾਰੀ ਟੀ ਵੀ ਨੇ ਲੋਕਾਂ ਨੂੰ ਤੀਜੇ ਸੰਸਾਰ ਯੁੱਧ ਲਈ ਤਿਆਰ ਰਹਿਣ ਨੂੰ ਕਿਹਾ ਹੈ। ਦੂਸਰੇ ਪਾਸੇ ਅਮਰੀਕਾ ਨੇ ਰੂਸ ਦੇ ਇਸ ਐਲਾਨ ਦਾ ਮਜ਼ਾਕ ਉਡਾਇਆ ਹੈ। ਇਸ ਬਾਰੇ ਅਮਰੀਕਾ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਦਿਲਚਸਪ ਹੈ ਕਿ ਰੂਸ ਇਨ੍ਹਾਂ ਬੇਕਾਰ ਗੱਲਾਂ ਉੱਤੇ ਯਕੀਨ ਕਰਦਾ ਹੈ।