ਅਮਰੀਕਾ ਤੋਂ ਰਿਫਿਊਜੀਆਂ ਦੀ ਆਮਦ ਤੋਂ ਪੈਦਾ ਹੁੰਦੇ ਸੁਆਲ

zzzzzzzz-300x1111ਅਮਰੀਕਾ ਨਾਲ ਲੱਗਦਾ ਮੈਨੀਟੋਬਾ ਵਿੱਚ ਐਮਰਸਨ ਕਸਬੇ ਦਾ ਬਾਰਡਰ ਅੱਜ ਕੱਲ ਪੂਰੇ ਵਿਸ਼ਵ ਵਿੱਚ ਚਰਚਾ ਦਾ ਅਤੇ ਕਿਸੇ ਹੱਦ ਤੱਕ ਹਾਸੇ ਠੱਠੇ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨੀਂ ਇੱਕ ਖਬ਼ਰ ਦਾ ਬਿਰਤਾਂਤ ਇੰਟਰਨੈੱਟ ਉੱਤੇ ਜੋਰਾਂ ਸ਼ੋਰਾਂ ਨਾਲ ਚੱਕਰ ਲਾਉਂਦਾ ਰਿਹਾ ਕਿ ਕਿਵੇਂ ਇੱਕ ਆਰ ਸੀ ਐਮ ਪੀ ਅਫ਼ਸਰ ਅਮਰੀਕਾ ਵਾਲੀ ਸਾਈਡ ਤੋਂ ਦਾਖ਼ਲ ਹੋ ਰਹੇ ਬੰਦੇ ਨੂੰ ਚੀਕਾਂ ਮਾਰ ਮਾਰ ਕੇ ਦੱਸ ਰਿਹਾ ਹੈ ਕਿ ਕੈਨੇਡਾ ਦਾਖ਼ਲ ਹੋਣਾ ਗੈਰ ਕਨੂੰਨੀ ਹੈ। 31 ਸਾਲਾਂ ਦਾ ਯਮਨੀ ਮੂਲ ਦਾ ਇਹ ਵਿਅਕਤੀ ਆਰ ਸੀ ਐਮ ਪੀ ਅਫ਼ਸਰ ਦੀ ਗੱਲ ਵੱਲ ਉੱਕਾ ਧਿਆਨ ਨਹੀਂ ਦੇਂਦਾ ਸਗੋਂ ਆਪਣੇ ਹੱਥ ਅਫ਼ਸਰ ਦੇ ਹੱਥ ਵਿੱਚ ਫੜੀ ਹੱਥਕੜੀ ਵਿੱਚ ਖੁਦ ਹੀ ਪਾ ਦੇਂਦਾ ਹੈ। ਲਓ ਜੀ ਆਇਆਂ ਨੂੰ, ਹੁਣ ਉਸਦਾ ਕੈਨੇਡਾ ਵਿੱਚ ਰਿਫਿਊਜੀ ਬਣਨ ਦਾ ਕਾਰਜ ਆਰੰਭ ਹੋ ਗਿਆ ਹੈ।

ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਹੇ ਰਿਫਿਊਜੀ ਕਲੇਮ ਕਰਨ ਵਾਲਿਆਂ ਦੀ ਗਿਣਤੀ ਨਿੱਤ ਦਿਨ ਵੱਧ ਰਹੀ ਹ ਜਿਸਦਾ ਇੱਕ ਕਾਰਣ ਡੋਨਾਲਡ ਟਰੰਪ ਦੀਆਂ ਨੀਤੀਆਂ ਹਨ। ਮੈਨੀਟੋਬਾ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ 400 ਤੋਂ ਵੱਧ ਰਿਫਿਊਜੀ ਦਾਖ਼ਲ ਹੋ ਚੁੱਕੇ ਹਨ। ਜਨਵਰੀ 2017 ਵਿੱਚ ਕਿਉਬਿੱਕ ਵਿੱਚ 452 ਲੋਕਾਂ ਨੇ ਰਿਫਿਊਜੀ ਕਲੇਮ ਦਾਇਰ ਕੀਤੇ ਹਨ। ਜਨਵਰੀ 2016 ਵਿੱਚ ਇਹ ਗਿਣਤੀ ਮਹਿਜ਼ 137 ਸੀ। ਮਿਸੀਸਾਗਾ ਅਤੇ ਟੋਰਾਂਟੋ ਦੀਆਂ ਸ਼ੈਲਟਰਾਂ ਵਿੱਚ ਪਨਾਹ ਲੈਣ ਵਾਲੇ ਅਮਰੀਕਾ ਤੋਂ ਆਏ ਰਿਫਿਊਜੀਆਂ ਦੀ ਗਿਣਤੀ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਜਿਹਨਾਂ ਵਿੱਚੋਂ ਜਿ਼ਆਦਾਤਰ ਸੁਡਾਨ ਤੋਂ ਹਨ ਜੋ ਮੈਨੀਟੋਬਾ ਜਾਂ ਕਿਉਬਿੱਕ ਵਿੱਚ ਦਾਖਲ ਹੋਣ ਤੋਂ ਬਾਅਦ ਆਪਣੇ ਸਕੇ ਸਬੰਧੀਆਂ ਕੋਲ ਇੱਥੇ ਆ ਜਾਂਦੇ ਹਨ।

ਇਹ ਬਿਲਕੁਲ ਉਵੇਂ ਦਾ ਹੀ ਵਰਤਾਰਾ ਹੈ ਜਿਸਨੇ ਯੂਰਪੀਅਨ ਯੂਨੀਅਨ ਮੁਲਕਾਂ ਵਿੱਚ ਤਰੇੜਾਂ ਪਾਈਆਂ ਅਤੇ ਸੱਜੇ ਪੱਖੀ (ਕੱਟੜਪੰਥੀ) ਸਿਆਸਤ ਨੂੰ ਜਨਮ ਦਿੱਤਾ। ਜਰਮਨ ਦੀ ਚਾਂਸਲਰ ਏਂਜਲਾ ਮਰਕਲ ਦੀ ਗੱਦੀ ਨੂੰ ਪੈਦਾ ਹੋਏ ਖਤਰੇ ਦੀ ਜੜ ਨੂੰ ਵੀ ਇਸ ਵਰਤਾਰੇ (ਮਿਡਲ ਈਸਟ ਅਤੇ ਅਫਰੀਕਨ ਮੁਲਕਾਂ ਵਿੱਚੋਂ ਆਉਣ ਵਾਲੇ ਸ਼ਰਨਾਰਥੀ) ਵਿੱਚੋਂ ਲੱਭਿਆ ਜਾ ਰਿਹਾ ਹੈ। ਡੋਨਾਲਡ ਟਰੰਪ ਵੀ ਇਸ ਵਰਤਾਰੇ ਦੀ ਪੈਦਾਇਸ਼ ਹੈ।

ਆਖ਼ਰ ਨੂੰ ਲੋਕ ਮਨਫ਼ੀ 20 ਡਿਗਰੀ ਤਾਪਮਾਨ ਵਿੱਚ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਕੁੱਛੜ ਚੁੱਕੇ ਕੇ ਮੀਲਾਂ ਬੱਧੀ ਬਰਫ਼ ਵਿੱਚ ਪੈਂਡਾ ਮਾਰ ਕੇ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਦਾ ਜੇਰਾ ਕਿਉਂ ਕਰ ਰਹੇ ਹਨ? ਸੁਭਾਵਿਕ ਹੈ ਕਿ ਉਹ ਕੈਨੇਡਾ ਵਿੱਚ ਚੰਗੇ ਜੀਵਨ ਦੀ ਆਸ ਰੱਖਦੇ ਹਨ। ਲੇਕਿਨ ਸੁਆਲ ਹੈ ਕਿ ਕੈਨੇਡਾ ਕਦੋਂ ਤੱਕ ਗੈਰਕਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲਿਆਂ ਨੂੰ ‘ਜੀ ਆਇਆਂ ਨੂੰ’ ਆਖਦਾ ਰਹੇਗਾ? ਚੰਦ ਹਫ਼ਤਿਆਂ ਵਿੱਚ ਸਰਦੀ ਚਲੀ ਜਾਵੇਗੀ। ਪਰੈੱਸ ਰਾਹੀਂ ਦੂਰ ਦੁਰਾਡੇ ਤੱਕ ਅਮਰੀਕਾ ਵਿੱਚ ਖ਼ਬਰਾਂ ਪੁੱਜ ਰਹੀਆਂ ਹਨ ਕਿ ਕੈਨੇਡਾ ਵਿੱਚ ਦਾਖਲ ਹੋਣਾ ਕਿੰਨਾ ਸੌਖਾ ਨਹੀਂ ਹੈ। ਅਮਰੀਕਾ ਵਿੱਚ 1 ਕਰੋੜ 13 ਲੱਖ (13 ਮਿਲੀਅਨ) ਗੈਰਕਨੂੰਨੀ ਇੰਮੀਗਰਾਂਟ ਹਨ। ਜੇਕਰ ਇਹਨਾਂ ਦੇ 1% ਨੇ ਵੀ ਕੈਨੇਡਾ ਵੱਲ ਰੁਖ ਕਰ ਲਿਆ ਤਾਂ 1 ਲੱਖ 30 ਹਜ਼ਾਰ ਰਿਫਿਊਜੀ ਬਣਦੇ ਹਨ। ਸਾਰੀਆਂ ਇੰਮੀਗਰੇਸ਼ਨ ਕੈਟੇਗਰੀਆਂ ਨੂੰ ਮਿਲਾ ਕੇ ਕੈਨੇਡਾ ਇੱਕ ਸਾਲ ਵਿੱਚ ਢਾਈ ਤੋਂ ਤਿੰਨ ਲੱਖ ਦੇ ਦਰਮਿਆਨ ਪਰਵਾਸੀ ਕਬੂਲ ਕਰਦਾ ਹੈ। ਕੀ ਕੈਨੇਡਾ ਅਜਿਹੀ ਸੰਭਾਵਨਾ ਲਈ ਤਿਆਰ ਹੈ?

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਰਿਊਟਰਜ਼ ਦੇ ਹਵਾਲੇ ਨਾਲ ਬਿਆਨ ਆਇਆ ਹੈ ਕਿ ਅਮਰੀਕਾ ਤੋਂ ਆਉਣ ਵਾਲੇ ਰਿਫਿਊਜੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੁੱਲੇ ਰਹਿਣਗੇ। ਕੀ ਇਸ ਬਿਆਨ ਨੂੰ ਅਮਲੀ ਰੂਪ ਦੇਣ ਲਈ ਅਮਰੀਕਾ ਨਾਲ ਕੀਤੇ ਹੋਏ ‘ਸੇਫ ਥਰਡ ਕੰਟਰੀ ਸਮਝੌਤੇ ਨੂੰ ਰੱਦ ਕੀਤਾ ਜਾਵੇਗਾ? ਇਸ ਸਮਝੌਤੇ ਨੂੰ ਰੱਦ ਕਰਨ ਦਾ ਭਾਵ ਹੋਵੇਗਾ ਕਿ ਕੋਈ ਵੀ ਵਿਅਕਤੀ ਅਮਰੀਕਾ ਰਾਹੀਂ ਕੈਨੇਡਾ ਦੇ ਕਿਸੇ ਵੀ ਬਾਰਡਰ ਉੱਤੇ ਆ ਕੇ ਰਿਫਿਊਜੀ ਕਲੇਮ ਕਰ ਸਕਦਾ ਹੈ ਅਤੇ ਕੈਨੇਡੀਅਨ ਬਾਰਡਰ ਸਿਕਿਉਰਿਟੀ ਸਰਵਿਸਜ਼ ਨੂੰ ਉਹਨਾਂ ਨੂੰ ਅੰਦਰ ਦਾਖਲ ਕਰਨਾ ਹੀ ਹੋਵੇਗਾ। 25 ਹਜ਼ਾਰ ਸੀਰੀਅਨ ਰਿਫਿਊਜੀਆਂ ਨੂੰ ਕੈਨੇਡਾ ਲਿਆਉਣ ਉੱਤੇ ਕੈਨੇਡਾ ਸਰਕਾਰ ਦੇ 1 ਬਿਲੀਅਨ ਤੋਂ ਵੱਧ ਡਾਲਰ ਖਰਚ ਹੋ ਚੁੱਕੇ ਹਨ। ਸੀਰੀਅਨ ਰਿਫਿਊਜੀਆਂ ਨੂੰ ਲਿਆਉਣਾ ਜਰੂਰੀ ਸੀ ਪਰ ਸਰਕਾਰ ਨੂੰ ਪਤਾ ਸੀ ਕਿ ਬੱਸ ਐਨੇ ਰਿਫਿਊਜੀ ਹੀ ਲਿਆਂਦੇ ਜਾਣਗੇ। ਅਮਰੀਕਾ ਦੇ ਬਾਰਡਰ ਦੇ ਖੁੱਲਾ ਹੋਣ ਨਾਲ ਇਸ ਗਿਣਤੀ ਮਿਣਤੀ ਦਾ ਪਤਾ ਨਹੀਂ ਲਾਇਆ ਜਾ ਸਕੇਗਾ।

ਮੈਕਸੀਕੋ ਵਾਸੀਆਂ ਅਤੇ ਅਮਰੀਕਾ ਵਿੱਚ ਮੈਕਸੀਕੋ ਮੂਲ ਦੇ ਰਿਫਿਊਜੀ ਵੀ ਵੱਡੀ ਗਿਣਤੀ ਵਿੱਚ ਕੈਨੇਡਾ ਆ ਸਕਦੇ ਹਨ। ਉਹਨਾਂ ਨੂੰ ਵਿਜ਼ਟਰ ਵੀਜ਼ਾ ਲੈਣ ਦੀ ਵੀ ਲੋੜ ਨਹੀਂ, ਜਿਸ ਦਿਨ ਚਾਹੁਣ ਜਹਾਜ਼ ਫੜ ਕੇ ਕੈਨੇਡਾ ਆਉਣ ਅਤੇ ਕਲੇਮ ਕਰ ਦੇਣ। ਸੁਆਲ ਇਨਸਾਨੀਅਤ ਦੇ ਆਧਾਰ ਉੱਤੇ ਮਦਦ ਦੇਣ ਉੱਤੇ ਸ਼ੱਕ ਕਰਨ ਦਾ ਨਹੀਂ ਹੈ। ਸੁਆਲ ਹੈ ਕਿ ਕੀ ਸਾਡੀ ਬਾਰਡਰ ਸਿਕਿਉਰਿਟੀ ਇਸ ਕੰਮ ਲਈ ਤਿਆਰ ਹੈ, ਕੀ ਸਾਡੇ ਕੋਲ ਬਣਦੇ ਜ਼ਰੀਆਤ ਮੌਜੂਦ ਹਨ?