ਅਮਰੀਕਾ ਤੋਂ ਬਾਅਦ ਹੁਣ ਗੁਆਟੇਮਾਲਾ ਨੇ ਆਪਣੀ ਅੰਬੈਸੀ ਇਜ਼ਰਾਈਲ ਵਿੱਚ ਖੋਲ੍ਹੀ

ਯੇਰੂਸ਼ਲੇਮ, 16 ਮਈ (ਪੋਸਟ ਬਿਊਰੋ) : ਅਮਰੀਕਾ ਦੀ ਦੇਖਾ ਦੇਖੀ ਗੁਆਟੇਮਾਲਾ ਨੇ ਵੀ ਬੁੱਧਵਾਰ ਨੂੰ ਆਪਣੀ ਅੰਬੈਸੀ ਯੇਰੂਸ਼ਲੇਮ ਵਿੱਚ ਖੋਲ੍ਹ ਲਈ। ਅਮਰੀਕਾ ਤੋਂ ਬਾਅਦ ਅਜਿਹਾ ਕਰਨ ਵਾਲਾ ਉਹ ਦੂਜਾ ਦੇਸ਼ ਬਣ ਗਿਆ ਹੈ। ਇੱਕ ਪਾਸੇ ਗਾਜ਼ਾ ਵਿੱਚ ਤਬਾਹੀ ਮਚਾ ਰਹੇ ਇਜ਼ਰਾਈਲ ਨੂੰ ਜਿੱਥੇ ਕੌਮਾਂਤਰੀ ਪੱਧਰ ਉੱਤੇ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਨ੍ਹਾਂ ਦੋਵਾਂ ਦੇਸ਼ਾਂ ਦੇ ਆਪਣੀ ਪਿੱਠ ਉੱਤੇ ਆ ਖੜ੍ਹਨ ਨਾਲ ਉਸ ਨੂੰ ਥੋੜ੍ਹਾ ਹੌਸਲਾ ਵੀ ਮਿਲਿਆ ਹੈ।
ਗੁਆਟੇਮਾਲਾ ਦੇ ਰਾਸ਼ਟਰਪਤੀ ਜਿੰਮੀ ਮੌਰੇਲਜ਼ ਨੇ ਅਮਰੀਕਾ ਵੱਲੋਂ ਤਲ ਅਵੀਵ ਤੋਂ ਅੰਬੈਸੀ ਯੇਰੂਸ਼ਲੇਮ ਬਦਲੀ ਕਰਨ ਤੋਂ ਦੋ ਦਿਨ ਬਾਅਦ ਹੀ ਆਪਣੀ ਅੰਬੈਸੀ ਵੀ ਇੱਥੇ ਸਿ਼ਫਟ ਕਰ ਲਈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਯਾਹੂ ਨੇ ਆਖਿਆ ਕਿ ਇਹ ਸਹੀ ਕਦਮ ਵੀ ਹੈ ਕਿਉਂਕਿ 70 ਸਾਲ ਪਹਿਲਾਂ ਇਜ਼ਰਾਈਲ ਨੂੰ ਅਮਰੀਕਾ ਤੋਂ ਬਾਅਦ ਮਾਨਤਾ ਦੇਣ ਵਾਲਾ ਗੁਆਟੇਮਾਲਾ ਦੂਜਾ ਦੇਸ਼ ਬਣਿਆ ਸੀ।
ਗੁਆਟੇਮਾਲਾ ਦੀ ਅੰਬੈਸੀ ਦੇ ਉਦਘਾਟਨ ਮੌਕੇ ਨੇਤਨਾਯਾਹੂ ਨੇ ਆਖਿਆ ਕਿ ਤੁਸੀਂ ਹਮੇਸ਼ਾਂ ਮੁੱਢਲੀ ਕਤਾਰ ਵਾਲਿਆਂ ਵਿੱਚੋਂ ਰਹੇ ਹੋਂ। ਅਸੀਂ ਆਪਣੇ ਦੋਸਤਾਂ ਨੂੰ ਚੇਤੇ ਰੱਖਦੇ ਹਾਂ। ਗੁਆਟੇਮਾਲਾ ਸਾਡਾ ਦੋਸਤ ਹੈ, ਉਦੋਂ ਵੀ ਸੀ ਤੇ ਹੁਣ ਵੀ ਹੈ। ਜਿ਼ਕਰਯੋਗ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਸੰਬਰ ਵਿੱਚ ਇਜ਼ਰਾਈਲ ਦੀ ਰਾਜਧਾਨੀ ਵਜੋਂ ਯੇਰੂਸ਼ਲੇਮ ਨੂੰ ਮਾਨਤਾ ਦਿੱਤੀ ਸੀ ਤੇ ਇਹ ਵੀ ਉਦੋਂ ਹੀ ਆਖਿਆ ਸੀ ਕਿ ਉਹ ਆਪਣੀ ਅੰਬੈਸੀ ਉੱਥੇ ਸਿ਼ਫਟ ਕਰਨਗੇ। ਇਸ ਨਾਲ ਨੇਤਨਾਯਾਹੂ ਦੀ ਸਰਕਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ।