ਅਮਰੀਕਾ ਤੋਂ ਪਾਕਿਸਤਾਨ ਨੂੰ ਬਿਨਾਂ ਲਾਇਸੈਂਸ ਐਟਮੀ ਸਮੱਗਰੀ ਦੀ ਸਪਲਾਈ ਹੁੰਦੀ ਰਹੀ

us federal court
* ਪਾਕਿ ਮੂਲ ਦਾ ਅਮਰੀਕੀ ਕਾਰੋਬਾਰੀ ਦੋਸ਼ੀ ਕਰਾਰ ਦਿੱਤਾ ਗਿਆ
ਨਿਊ ਯਾਰਕ, 5 ਜੂਨ, (ਪੋਸਟ ਬਿਊਰੋ)- ਅਮਰੀਕਾ ਦੀ ਫੈਡਰਲ ਅਦਾਲਤ ਨੇ ਅੱਜ ਪਾਕਿਸਤਾਨੀ ਮੂਲ ਦੇ ਇੱਕ ਅਮਰੀਕੀ ਕਾਰੋਬਾਰੀ ਨੂੰ ਪਾਕਿਸਤਾਨ ਦੀ ਐਟਮੀ ਅਤੇ ਸਪੇਸ ਏਜੰਸੀ ਨੂੰ ਬਿਨਾਂ ਲਾਇਸੈਂਸ ਉਤਪਾਦ ਸਪਲਾਈ ਦੇਣ ਦਾ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਪਾਕਿਸਾਨੀ ਮੂਲ ਦੇ ਇਸ ਅਮਰੀਕੀ ਕਾਰੋਬਾਰੀ ਦੀ ਪਛਾਣ ਕਨੈਕਟੀਕਟ ਦੇ ਨੌਰਥ ਹੈਵਨ ਵਿੱਚ ਰਹਿਣ ਵਾਲੇ ਇਮਰਾਨ ਖ਼ਾਨ ਵਜੋਂ ਹੋਈ ਹੈ। ਹਾਰਟਫੋਰਡ ਫੈਡਰਲ ਅਦਾਲਤ ਨੇ ਉਸ ਨੂੰ 2 ਜੂਨ ਨੂੰ ਐਕਸਪੋਰਟ ਬਾਰੇ ਅਮਰੀਕਾ ਦੇ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਹੈ। ਅਦਾਲਤੀ ਦਸਤਾਵੇਜ਼ਾਂ ਅਤੇ ਕੋਰਟ ਵਿੱਚ ਦਿੱਤੇ ਬਿਆਨਾਂ ਮੁਤਾਬਕ ਇਮਰਾਨ ਖਾਨ ਤੇ ਕੁਝ ਹੋਰ ਲੋਕ 2012 ਤੋਂ ਦਸੰਬਰ 2016 ਤਕ ਐਡਮਨਿਸਟਰੇਟਿਵ ਰੈਗੂਲੇਸ਼ਨਜ਼ (ਈ ਏ ਆਰ) ਦੇ ਕੰਟਰੋਲ ਵਾਲੇ ਸਾਮਾਨ ਦੀ ਖਰੀਦੋ ਫਰੋਖ਼ਤ ਵਿੱਚ ਸ਼ਾਮਲ ਸਨ ਤੇ ਉਨ੍ਹਾਂ ਮੁ ਈ ਏ ਆਰ ਦਾ ਉਲੰਘਣ ਕਰਦੇ ਹੋਏ ਬਿਨਾਂ ਕਿਸੇ ਲਾਇਸੈਂਸ ਦੇ ਇਹ ਸਾਮਾਨ ਅੱਗੇ ਪਾਕਿਸਤਾਨ ਨੂੰ ਸਪਲਾਈ ਕੀਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਇਮਰਾਨ ਖ਼ਾਨ, ਬ੍ਰਸ਼ ਲਾਕਰ ਟੂਲਜ਼ ਜਾਂ ਕੌਸਰ ਐਂਟਰਪ੍ਰਾਈਜ਼ ਯੂ ਐਸ ਏ ਨਾਂਅ ਹੇਠ ਕਾਰੋਬਾਰ ਕਰਦਾ ਸੀ। ਸਮਾਨ ਖਰੀਦਣ ਪਿੱਛੋਂ ਨਿਰਮਾਤਾਵਾਂ ਵੱਲੋਂ ਇਹ ਸਾਮਾਨ ਸਿੱਧੇ ਇਮਰਾਨ ਖ਼ਾਨ ਦੇ ਨੌਰਥ ਹੈਵਨ ਵਾਲੇ ਘਰ ਜਾਂ ਉਸ ਦੇ ਕਾਰੋਬਾਰੀ ਪਤੇ ਉੱਤੇ ਭੇਜੇ ਜਾਂਦੇ ਸਨ। ਨਿਆਂ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਫਿਰ ਇਸ ਸਾਮਾਨ ਨੂੰ ਪਾਕਿਸਤਾਨ ਦੇ ਐਟਮੀ ਊਰਜਾ ਕਮਿਸ਼ਨ (ਪੀ ਏ ਈ ਸੀ), ਪਾਕਿਸਤਾਨ ਸਪੇਸ ਅਤੇ ਅੱਪਰ ਐਟਮੌਸਫੇਅਰ ਰਿਸਰਚ ਕਮਿਸ਼ਨ (ਸੁਪਾਰਕੋ) ਜਾਂ ਨੈਸ਼ਨਲ ਇੰਸਟੀਚਿਊਟ ਆਫ਼ ਲੇਜ਼ਰਜ਼ ਐਂਡ ਓਪਟਰੋਨਿਕਸ (ਨਿਲੋਪ) ਨੂੰ ਭੇਜਿਆ ਜਾਂਦਾ ਸੀ। ਇਹ ਤਿੰਨੇ ਸੰਸਥਾਵਾਂ ਅਮਰੀਕਾ ਦੇ ਵਪਾਰ ਵਿਭਾਗ ਦੀ ਸੂਚੀ ਵਿੱਚ ਸ਼ਾਮਲ ਹਨ, ਪਰ ਇਹ ਸਾਮਾਨ ਨਿਯਮਾਂ ਦੀ ਉਲੰਘਣਾ ਕਰ ਕੇ ਚੋਰੀ ਭੇਜਿਆ ਜਾਂਦਾ ਸੀ। ਇਮਰਾਨ ਖ਼ਾਨ ਨੂੰ ਅਗਸਤ ਮਹੀਨੇ ਵਿੱਚ ਸਜ਼ਾ ਸੁਣਾਈ ਜਾਵੇਗੀ, ਜਿਹੜੀ ਵੱਧ ਤੋਂ ਵੱਧ 20 ਸਾਲ ਹੋ ਸਕਦੀ ਹੈ। ਉੁਸ ਨੂੰ ਪਿਛਲੇ ਦਸੰਬਰ ਵਿੱਚ ਗ੍ਰਿਫ਼ਤਾਰ ਕਰਨ ਮਗਰੋਂ ਇਕ ਲੱਖ ਅਮਰੀਕੀ ਡਾਲਰ ਦੇ ਬੌਂਡ ਉੱਤੇ ਰਿਹਾਅ ਕੀਤਾ ਗਿਆ ਸੀ।