ਅਮਰੀਕਾ ਜੰਗੀ ਹੈਲੀਕਾਪਟਰ ਭਾਰਤ ਨੂੰ ਦੇਣਾ ਮੰਨਿਆ


ਵਾਸ਼ਿੰਗਟਨ, 13 ਜੂਨ (ਪੋਸਟ ਬਿਊਰੋ)- ਅਮਰੀਕਾ ਨੇ ਭਾਰਤ ਨੂੰ 93 ਕਰੋੜ ਡਾਲਰ ਵਿਚ 6 ‘18-645’ ਅਪਾਚੇ ਜੰਗੀ ਹੈਲੀਕਾਪਟਰ ਵੇਚਣ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੇ ਰੱਖਿਆ ਦਫਤਰ ਪੈਂਟਾਗਨ ਨੇ ਅੱਜ ਕਿਹਾ ਕਿ ਇਸ ਨਾਲ ਅੰਦਰੂਨੀ ਅਤੇ ਖੇਤਰੀ ਖਤਰਿਆਂ ਤੋਂ ਮੁਕਾਬਲੇ ਦੀ ਭਾਰਤ ਦੀ ਸਮਰੱਥਾ ਨੂੰ ਮਜ਼ਬੂਤੀ ਮਿਲੇਗੀ।
ਅਪਾਚੇ ਜੰਗੀ ਹੈਲੀਕਾਪਟਰ ਆਪਣੇ ਅੱਗੇ ਲੱਗੇ ਸੈਂਸਰ ਦੀ ਮਦਦ ਨਾਲ ਰਾਤ ਦੇ ਹਨੇਰੇ ਵਿਚ ਉਡਾਣ ਭਰ ਸਕਦਾ ਹੈ। ਪੇਂਟਾਗਨ ਦੀ ਡਿਫੈਂਸ ਸਿਕਓਰਟੀ ਕਾਰਪੋਰੇਸ਼ਨ ਏਜੰਸੀ ਨੇ ਇਸ ਲਈ ਵਿਦੇਸ਼ ਮੰਤਰਾਲੇ ਦੇ ਫੈਸਲੇ ਬਾਰੇ ਕਾਂਗਰਸ ਨੂੰ ਸੂਚਿਤ ਕੀਤਾ। ਜੇ ਕੋਈ ਪਾਰਲੀਮੈਂਟ ਮੈਂਬਰ ਇਸ ਫੈਸਲੇ ਦਾ ਵਿਰੋਧ ਨਹੀਂ ਕਰਦਾ ਤਾਂ ਵਿਕਰੀ ਦੀ ਪ੍ਰਕਿਰਿਆ ਅੱਗੇ ਵੱਧਣ ਦੀ ਆਸ ਹੈ। ਜੰਗੀ ਹੈਲੀਕਾਪਟਰ ਦੇ ਨਾਲ ਇਸ ਸਮਝੌਤੇ ਵਿਚ ਅੱਗ ਕੰਟਰੋਲ ਰਾਡਾਰ ‘ਹੇਲਫਾਇਰ ਲੋਂਗਬੋ ਮਿਜ਼ਾਈਲ’ ਸਟੀਂਗਰ ਬਲਾਕ 9-928 ਮਿਜ਼ਾਈਲ, ਰਾਤ ਨੂੰ ਨਜ਼ਰ ਰੱਖਣ ਵਿਚ ਸਮਰੱਥ ਨਾਈਟ ਵਿਜ਼ਨ ਸੈਂਸਰ ਅਤੇ ਇਨਟੀਰੀਅਲ ਸ਼ਿਪਿੰਗ ਸਿਸਟਮ ਦੀ ਵਿਕਰੀ ਵੀ ਸ਼ਾਮਲ ਹੈ। ਕਾਂਗਰਸ ਨੂੰ ਭੇਜੇ ਗਏ ਨੋਟੀਫਿਕੇਸ਼ਨ ਵਿਚ ਪੈਂਟਾਗਨ ਨੇ ਕਿਹਾ, ‘ਇਸ ਨਾਲ ਅੰਦਰੂਨੀ ਅਤੇ ਖੇਤਰੀ ਖਤਰਿਆਂ ਨਾਲ ਮੁਕਾਬਲੇ ਦੀ ਭਾਰਤ ਦੀ ਰੱਖਿਆ ਸਮਰੱਥਾ ਵਧੇਗੀ ਅਤੇ ਉਸ ਦਾ ਮਿਲਟਰੀ ਬਲ ਆਧੁਨਿਕ ਹੋਵੇਗਾ।’ ਇਸ ਮੁਤਾਬਕ ਸਾਮਾਨ ਦੀ ਪ੍ਰਸਤਾਵਿਤ ਵਿਕਰੀ ਤੇ ਸਹਿਯੋਗ ਨਾਲ ਖੇਤਰ ਦਾ ਮੁੱਢਲਾ ਫੌਜ ਸੰਤੁਲਨ ਨਹੀਂ ਵਿਗੜੇਗਾ। ਭਾਰਤ ਤੇ ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਕਾਰੋਬਾਰ ਸਾਲ 2008 ਤੋਂ ਕਰੀਬ ਜ਼ੀਰੋ ਤੋਂ 15 ਅਰਬ ਡਾਲਰ ਤੱਕ ਵਧਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ, ‘ਅਗਲੇ ਦਹਾਕੇ ਤੱਕ ਮਿਲਟਰੀ ਆਧੁਨਿਕੀਕਰਨ ਉੱਤੇ ਭਾਰਤ ਦੇ ਅਰਬਾਂ ਖਰਚ ਕਰਨ ਦੀ ਸੰਭਾਵਨਾ ਹੈ ਅਤੇ ਅਸੀਂ ਅਮਰੀਕੀ ਉਦਯੋਗ ਜਗਤ ਲਈ ਇਹ ਮੌਕਾ ਹਾਸਲ ਕਰਨ ਦੇ ਚਾਹਵਾਨ ਹਾਂ। ਅਜਿਹੀਆਂ ਵਿਕਰੀਆਂ ਨਾਲ ਨਾ ਸਿਰਫ ਸਾਡੇ ਰੱਖਿਆ ਸਹਿਯੋਗ ਨੂੰ ਸਮਰਥਨ ਮਿਲੇਗਾ, ਬਲਕਿ ਇਸ ਨਾਲ ਦੇਸ਼ ਦੇ ਅੰਦਰ ਨੌਕਰੀਆਂ ਵੀ ਪੈਦਾ ਹੋਣਗੀਆਂ।’