ਅਮਰੀਕਾ ਜਾ ਕੇ ਰਾਹੁਲ ਨੇ ਕਿਹਾ: ਵੰਸ਼ਵਾਦ ਵਿੱਚ ਖਰਾਬੀ ਕੋਈ ਨਹੀਂ

california university
* ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਭਾਸ਼ਣ ਦੌਰਾਨ ਟਿੱਪਣੀ
ਵਾਸ਼ਿੰਗਟਨ, 12 ਸਤੰਬਰ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਮੁਤਾਬਕ ਰਾਜਨੀਤੀ ਹੋਵੇ ਜਾਂ ਵਪਾਰ, ਭਾਰਤ ਵਿੱਚ ਹੁਣ ਵੰਸ਼ਵਾਦ ਆਮ ਜਿਹੀ ਗੱਲ ਹੋ ਗਿਆ ਹੈ। ਭਾਰਤ ਸ਼ਾਹੀ ਘਰਾਣਿਆਂ ਵੱਲੋਂ ਚਲਾਇਆ ਜਾ ਰਿਹਾ ਹੈ, ਇਸ ਲਈ ਵੰਸ਼ਵਾਦ ਵਿੱਚ ਕੋਈ ਖਰਾਬੀ ਨਹੀਂ। ਖਾਨਦਾਨ ਤੋਂ ਵਿਅਕਤੀ ਦੀ ਸਮਰੱਥਾ ਵੱਧ ਮਹੱਤਵ ਪੂਰਨ ਹੁੰਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਬੋਲਦਿਆਂ ਰਾਹੁਲ ਨੇ ਵੰਡ ਵਾਲੀ ਰਾਜਨੀਤੀ ਕਰਨ ਦਾ ਦੋਸ਼ ਵੀ ਲਾਇਆ। ਰਾਹੁਲ ਗਾਂਧੀ ਇਥੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਭਾਸ਼ਣ ਦੌਰਾਨ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਜੇ ਕਹੇਗੀ ਤਾਂ ਉਹ ਇਸ ਦੀ ਕਮਾਨ ਸੰਭਾਲਣ ਲਈ ਤਿਆਰ ਹਨ ।
ਯੂਨੀਵਰਸਿਟੀ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅਤਿਵਾਦ ਵਧ ਰਿਹਾ ਅਤੇ ਅਰਥਚਾਰਾ ਤਬਾਹ ਹੋ ਰਿਹਾ ਹੈ। ਵਿਦਿਆਰਥੀਆਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਕਹੇਗੀ ਤਾਂ ਉਹ ਕਾਂਗਰਸ ਦੀ ਕਮਾਨ ਸੰਭਾਲਣ ਨੂੰ ਤਿਆਰ ਹਨ। ਕਾਂਗਰਸ ਪਾਰਟੀ ਉੱਤੇ ਵੰਸ਼ਵਾਦ ਭਾਰੂ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦਲੀਲ ਦਿੱਤੀ ਕਿ ਭਾਰਤ ਰਾਜਵੰਸ਼ਾਂ ਵਲੋਂ ਚਲਾਇਆ ਜਾ ਰਿਹਾ ਹੈ, ਪਰ ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਵਿੱਚ ਵੱਡੀ ਗਿਣਤੀ ਲੋਕ ਹਨ, ਜਿਹੜੇ ਕਿਸੇ ਰਾਜਸੀ ਖਾਨਦਾਨ ਨਾਲ ਸਬੰਧ ਰੱਖਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹੁਣ ਕਾਂਗਰਸ ਵੱਲੋਂ ਆਰੰਭੇ ਕੰਮਾਂ ਨੂੰ ਹੀ ਲਾਗੂ ਕਰ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਨੀਤੀਆਂ ਨਾਲ ਭਾਰਤੀ ਅਰਥਚਾਰੇ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਤੇ ਜਲਦੀਬਾਜ਼ੀ ਵਿੱਚ ਜੀ ਐਸ ਟੀ ਲਾਗੂ ਕਰਨਾ ਗਲਤ ਸੀ। ਪਿਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਦਾ ਫੈਸਲਾ ਦੇਸ਼ ਦੇ ਮੁੱਖ ਆਰਥਿਕ ਸਲਾਹਕਾਰ ਅਤੇ ਪਾਰਲੀਮੈਂਟ ਤੋਂ ਪੁੱਛੇ ਬਗੈਰ ਲਿਆ ਗਿਆ, ਜਿਸ ਨਾਲ ਅਰਥਚਾਰੇ ਨੂੰ ਭਾਰੀ ਨੁਕਸਾਨ ਪੁੱਜਿਆ। ਭਾਰਤ ਨੂੰ ਨੋਟਬੰਦੀ ਦੀ ਵੱਡੀ ਕੀਮਤ ਤਾਰਨੀ ਪਈ। ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਦਰ ਘਟਣ ਨਾਲ ਲੋਕਾਂ ਵਿੱਚ ਰੋਸ ਹੈ। ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਉੱਤੇ ਨੋਟਬੰਦੀ ਰਾਹੀਂ ਲੱਖਾਂ ਦਾ ਰੁਜ਼ਗਾਰ ਖੋਹਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਧਰੁਵੀਕਰਨ ਦੀ ਰਾਜਨੀਤੀ ਦਾ ਭੱਦਾ ਚਿਹਰਾ ਸਿਰ ਚੁੱਕ ਰਿਹਾ ਹੈ।
ਖਾਨਦਾਨੀ ਰਾਜਨੀਤੀ ਦਾ ਸਮਰਥਨ ਕਰਨ ਕਰ ਕੇ ਭਾਜਪਾ ਨੇ ਰਾਹੁਲ ਗਾਂਧੀ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ ਨਾਕਾਮ ਰਾਜਵੰਸ਼ੀ ਤੇ ਨਾਕਾਮ ਰਾਜਨੇਤਾ ਕਹਿ ਕੇ ਨਿੰਦਾ ਕੀਤੀ ਹੈ। ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਦੇ ਭਾਸ਼ਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ 2012 ਤੋਂ ਹੰਕਾਰੀ ਹੋ ਗਈ ਸੀ, ਜਿਹੜਾ ਰਾਹੁਲ ਗਾਂਧੀ ਦਾ ਵੱਡਾ ਰਾਜਸੀ ਕਬੂਲਨਾਮਾ ਹੈ, ਜਿਸ ਦਾ ਪ੍ਰਛਾਵਾਂ ਸੋਨੀਆ ਗਾਂਧੀ ਤੋਂ ਮਿਲਦਾ ਹੈ, ਜਿਹੜੀ ਉਦੋਂ ਤੋਂ ਕਾਂਗਰਸ ਪ੍ਰਧਾਨ ਹੈ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਇਸ ਨਾਕਾਮ ਰਾਜਵੰਸ਼ੀ ਆਗੂ ਨੇ ਆਪਣੇ ਨਾਕਾਮ ਰਾਜਸੀ ਸਫਰ ਬਾਰੇ ਅਮਰੀਕਾ ਵਿੱਚ ਬੋਲਣ ਦਾ ਫੈਸਲਾ ਕੀਤਾ, ਕਿਉਂਕਿ ਦੇਸ਼ ਵਿੱਚ ਉਸ ਨੂੰ ਸੁਣਦਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਾਂਗਰਸ ਦੇ ਮੀਤ ਪ੍ਰਧਾਨ ਨੇ ਪਾਰਟੀ ਪ੍ਰਧਾਨ ਉੱਤੇ ਵਿਅੰਗ ਕੀਤਾ ਹੈ, ਹੁਣ ਪਾਰਟੀ ਨੂੰ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਉਨ੍ਹਾਂ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਉੱਤੇ ਰਾਹੁਲ ਨੂੰ ਖੁਲ੍ਹੀ ਬਹਿਸ ਦੀ ਚੁਣੌਤੀ ਦਿੱਤੀ।
ਕਾਂਗਰਸ ਨੇ ਭਾਜਪਾ ਵੱੱਲੋਂ ਰਾਹੁਲ ਗਾਂਧੀ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵਿਦੇਸ਼ੀ ਧਰਤੀ ਉੱਤੇ ਭਾਰਤ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਪਾਰਟੀ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਅੱਜ ਰਾਹੁਲ ਗਾਂਧੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਪਹਿਲੇ ਵਿਦੇਸ਼ ਦੌਰੇ ਦੌਰਾਨ ਹੀ ਭਾਰਤ ਨੂੰ ਭ੍ਰਿਸ਼ਟ ਦੇਸ਼ ਕਹਿਣ ਦੇ ਨਾਲ ਇਹ ਕਿਹਾ ਸੀ ਕਿ ਇਸ ਦੀ ਪਛਾਣ ਹੱਥ ਵਿੱਚ ਕਟੋਰਾ ਲੈ ਕੇ ਘੁੰਮਣ ਵਾਲੇ ਭਿਖਾਰੀਆਂ ਵਾਲੀ ਹੈ। ਇਸ ਟਿੱਪਣੀ ਨਾਲ ਵਿਦੇਸ਼ ਵਿਚਲੇ ਭਾਰਤੀਆਂ ਨੂੰ ਭਾਰੀ ਨਮੋਸ਼ੀ ਹੋਈ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਸਰਕਾਰ ਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਹੈ, ਦੇਸ਼ ਦੀ ਨਹੀਂ ਕੀਤੀ, ਜੋ ਲੋਕਤੰਤਰ ਦੀ ਵਿਸ਼ੇਸ਼ਤਾ ਹੈ।