ਅਮਰੀਕਾ ‘ਚ ਪੰਜਾਬੀ ਦੀ ਸਫ਼ਲਤਾ, ਢਿੱਲੋਂ ਬਣੇ ‘ਡਰੱਗ ਇਨਫੋਰਸਮੈਂਟ ਏਜੰਸੀ’ ਦੇ ਮੁਖੀ

ਵਾਸ਼ਿੰਗਟਨ, 6 ਜੁਲਾਈ (ਪੋਸਟ ਬਿਊਰੋ): ਵਾਈਟ ਹਾਊਸ ਦੇ ਸੀਨੀਅਰ ਵਕੀਲ ਉੱਤਮ ਢਿੱਲੋਂ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਦੀ ਡਰੱਗ ਇਨਫੋਰਸਮੈਂਟ ਏਜੰਸੀ ਦਾ ਨਵਾਂ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸਤੋਂ ਪਹਿਲਾਂ ਉੱਤਮ ਢਿੱਲੋਂ ਵਾਈਟ ਹਾਊਸ ‘ਚ ਉਪ ਵਕੀਲ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਪ ਸਹਾਇਕ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ। ਅਟਾਰਨੀ ਜਨਰਲ ਜੈਫ ਸੈਸ਼ਨਜ਼ ਨੇ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਰ ਨੌਵੇਂ ਮਿੰਟ ‘ਚ ਡਰੱਗ ਨਾਲ ਇਕ ਅਮਰੀਕੀ ਨਾਗਰਿਕ ਮਰ ਰਿਹਾ ਹੈ। ਡਰੱਗ ਇਨਫੋਰਸਮੈਂਟ ਏਜੰਸੀ ਅਮਰੀਕਾ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਇਸ ਦੀ ਵਰਤੋਂ ਖਿਲਾਫ਼ ਕੰਮ ਕਰਦੀ ਹੈ ਤੇ ਇਹ ਬਹੁਤ ਤਾਕਤਵਰ ਏਜੰਸੀ ਹੈ।ਉੱਤਮ ਢਿੱਲੋਂ ਨੇ ਆਪਣੀ ਲਾਅ ਡਿਗਰੀ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇਅ ਦੇ ਬੋਲਟ ਹਾਲ ਸਕੂਲ ਆਫ ਲਾਅ ਤੋਂ ਕੀਤੀ ਹੈ, ਐਮ.ਏ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸੈਨ ਡੀਆਗੋ ਅਤੇ ਬੀ.ਏ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਤੋਂ ਕੀਤੀ ਹੈ।