ਅਮਰੀਕਾ ਉੱਤੇ ਟਰੇਡ ਨਿਰਭਰਤਾ ਘਟਾਉਣ ਲਈ ਲਿਬਰਲਾਂ ਵੱਲੋਂ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਦੀ ਲੋੜ ਉੱਤੇ ਜੋ਼ਰ


ਓਟਵਾ, 12 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਖਿਲਾਫ ਜ਼ਾਹਰ ਕੀਤੇ ਜਾ ਰਹੇ ਗੁੱਸੇ ਦੇ ਸਬੰਧ ਵਿੱਚ ਫੈਡਰਲ ਲਿਬਰਲਾਂ ਦਾ ਕਹਿਣਾ ਹੈ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਉੱਤੇ ਆਪਣੀ ਟਰੇਡ ਨਿਰਭਰਤਾ ਨੂੰ ਘਟਾਉਣ ਲਈ ਕੈਨੇਡਾ ਨੂੰ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਦੀ ਲੋੜ ਹੈ।
ਕੈਨੇਡਾ ਦੇ 99 ਫੀ ਸਦੀ ਤੇਲ ਐਕਸਪੋਰਟ ਦੀ ਮੰਜਿ਼ਲ ਇਸ ਸਮੇਂ ਅਮਰੀਕਾ ਹੀ ਹੈ। ਇਸ ਨੂੰ ਲਿਬਰਲ ਟਰਾਂਸ ਮਾਊਨਟੇਨ ਦੇ ਨਿਰਮਾਣ ਦੇ ਪੱਖ ਵਿੱਚ ਲਿਜਾਣਾ ਚਾਹੁੰਦੇ ਹਨ, ਜੋ ਕਿ ਕੈਨੇਡੀਅਨ ਬਿਟੂਮਨ ਨੂੰ ਸਮੁੰਦਰ ਰਾਹੀਂ ਏਸ਼ੀਆ ਭੇਜਣ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਸ਼ਨ ਕਾਲ ਦੌਰਾਨ ਆਖਿਆ ਕਿ ਪਿਛਲੇ ਹਫਤੇ ਵਾਪਰੀਆਂ ਘਟਨਾਵਾਂ ਤੋਂ ਤਾਂ ਇਸ ਗੱਲ ਦੀ ਅਹਿਮੀਅਤ ਨਜ਼ਰ ਆਉਂਦੀ ਹੈ ਕਿ ਸਾਨੂੰ ਨਵੀਆਂ ਐਕਸਪੋਰਟ ਮਾਰਕਿਟਸ ਲੱਭਣ ਦੀ ਲੋੜ ਹੈ।
ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਜਿੰਮ ਕਾਰ ਨੇ ਸਹਿਮਤੀ ਪ੍ਰਗਟਾਉਂਦਿਆਂ ਆਖਿਆ ਕਿ ਟਰੰਪ ਦੇ ਵਾੲ੍ਹੀਟ ਹਾਊਸ ਨਾਲ ਸਬੰਧਾਂ ਵਿੱਚ ਪਈ ਫਿੱਕ ਕਾਰਨ ਉਨ੍ਹਾਂ ਨੂੰ ਟਰੇਡ ਵਿੱਚ ਵੀ ਵੰਨ-ਸੁਵੰਨਤਾ ਲਿਆਉਣ ਦੀ ਲੋੜ ਹੈ। ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਤਰਕ ਦਿੱਤਾ ਕਿ ਕੈਨੇਡਾ ਨੂੰ ਭਵਿੱਖ ਲਈ ਐਨਰਜੀ ਸੂਤਰਾਂ ਦੇ ਵਿਕਾਸ ਵਾਸਤੇ ਕਲੀਨ ਟੈਕਨਾਲੋਜੀ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।