ਅਮਰੀਕਾ ਆਉਣ ਵਾਲੇ ਕੁੱਝ ਜਹਾਜ਼ਾਂ ਦੇ ਯਾਤਰੀ ਨਹੀਂ ਲਿਆ ਸਕਣਗੇ ਇਲੈਕਟ੍ਰੌਨਿਕਸ ਦਾ ਸਮਾਨ!

canada 1
ਵਾਸਿੰਗਟਨ, 20 ਮਾਰਚ (ਪੋਸਟ ਬਿਊਰੋ) : ਅੱਠ ਮੱਧ ਪੂਰਬੀ ਤੇ ਉੱਤਰੀ ਅਫਰੀਕੀ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੀਆਂ ਨਾਨ ਸਟਾਪ ਉਡਾਨਾਂ ਦੇ ਯਾਤਰੀਆਂ ਉੱਤੇ ਅਮਰੀਕੀ ਸਰਕਾਰ ਵੱਲੋਂ ਆਰਜ਼ੀ ਤੌਰ ਉੱਤੇ ਲੈਪਟੌਪਸ, ਆਈਪੈਡਜ਼, ਕੈਮਰੇ ਤੇ ਇਲੈਕਟ੍ਰੌਨਿਕਸ ਦਾ ਹੋਰ ਸਾਜੋ. ਸਮਾਨ ਲਿਆਉਣ ਉੱਤੇ ਰੋਕ ਲਾਈ ਗਈ ਹੈ।
ਇਸ ਪਾਬੰਦੀ ਦਾ ਖੁਲਾਸਾ ਸੋਮਵਾਰ ਨੂੰ ਰੌਇਲ ਜਾਰਡੈਨੀਅਨ ਏਅਰਲਾਈਨਜ਼ ਤੇ ਸਾਊਦੀ ਅਰਬ ਦੀ ਸਰਕਾਰੀ ਖਬਰ ਏਜੰਸੀ ਵੱਲੋਂ ਬਿਆਨ ਜਾਰੀ ਕਰਕੇ ਕੀਤਾ ਗਿਆ। ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ ਪਾਬੰਦੀ ਅੱਠ ਮੁਲਕਾਂ ਦੇ 10 ਏਅਰਪੋਰਟਸ ਤੋਂ ਅਮਰੀਕਾ ਲਈ ਆਉਣ ਵਾਲੀਆਂ ਨਾਨ ਸਟਾਪ ਉਡਾਨਾਂ ਉੱਤੇ ਲਾਗੂ ਹੋਵੇਗੀ। ਅਧਿਕਾਰੀ ਨੇ ਨਾ ਤਾਂ ਦੇਸ਼ਾਂ ਦਾ ਨਾਂ ਹੀ ਲਿਆ ਤੇ ਨਾ ਹੀ ਏਅਰਪੋਰਟਸ ਬਾਰੇ ਕੋਈ ਜਾਣਕਾਰੀ ਦਿੱਤੀ। ਇਹ ਜਾਣਕਾਰੀ ਉਕਤ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦਿੱਤੀ।
ਇਸ ਪਾਬੰਦੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹੋਮਲੈਂਡ ਸਕਿਊਰਿਟੀ ਡਿਪਾਰਟਮੈਂਟ ਦੇ ਬੁਲਾਰੇ ਡੇਵਿਡ ਲਾਪਾਨ ਨੇ ਕੋਈ ਵੀ ਟੀਕਾ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਟਰਾਂਸਪੋਰਟੇਸ਼ਨ ਸਕਿਊਰਿਟੀ ਐਡਮਨਿਸਟ੍ਰੇਸ਼ਨ, ਜੋ ਕਿ ਹੋਮਲੈਂਡ ਸਕਿਊਰਿਟੀ ਦਾ ਹੀ ਹਿੱਸਾ ਹੈ, ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਰੌਇਲ ਜਾਰਡੇਨੀਅਨ ਨੇ ਦੱਸਿਆ ਕਿ ਸੈੱਲਫੋਨਜ਼ ਤੇ ਮੈਡੀਕਲ ਡਿਵਾਈਸਿਜ਼ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਏਅਰਲਾਈਨ ਨੇ ਆਖਿਆ ਕਿ ਬਾਕੀ ਹੋਰ ਚੀਜ਼ਾਂ ਚੈੱਕ ਕੀਤੇ ਜਾ ਚੁੱਕੇ ਸਮਾਨ ਵਿੱਚ ਪੈਕ ਹੋਣੀਆਂ ਚਾਹੀਦੀਆਂ ਹਨ। ਇਹ ਵੀ ਸਾਫ ਨਹੀਂ ਹੈ ਕਿ ਹੋਰ ਕਿਹੜੇ ਮੁਲਕਾਂ ਤੇ ਏਅਰਲਾਈਨਜ਼ ਉੱਤੇ ਇਹ ਪਾਬੰਦੀ ਲਾਈ ਗਈ ਹੈ।
ਹੋਮਲੈਂਡ ਸਕਿਊਰਿਟੀ ਸੈਕਟਰੀ ਜੌਹਨ ਕੈਲੀ ਨੇ ਵੀਕੈਂਡ ਉੱਤੇ ਕਾਨੂੰਨ ਘਾੜਿਆਂ ਨੂੰ ਫੋਨ ਕਰਕੇ ਉਨ੍ਹਾਂ ਨੂੰ ਉਨ੍ਹਾਂ ਏਵੀਏਸ਼ਨ ਸਕਿਊਰਿਟੀ ਮੁੱਦਿਆਂ ਉੱਤੇ ਬ੍ਰੀਫ ਕੀਤਾ ਜਿਨ੍ਹਾਂ ਕਾਰਨ ਇਹ ਇਲੈਕਟ੍ਰੌਨਿਕਸ ਪਾਬੰਦੀ ਲਾਈ ਗਈ ਹੈ। ਇੱਕ ਸਰਕਾਰੀ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਪਾਬੰਦੀ ਬਾਰੇ ਪਿਛਲੇ ਕਈ ਹਫਤਿਆਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ। ਰੌਇਲ ਜਾਰਡੇਨੀਅਨ ਨੇ ਦੱਸਿਆ ਕਿ ਇਹ ਪਾਬੰਦੀ ਨਿਊ ਯਾਰਕ, ਸ਼ਿਕਾਗੋ, ਡਿਟਰਾਇਟ ਤੇ ਮਾਂਟਰੀਅਲ ਲਈ ਉਡਾਨਾਂ ਉੱਤੇ ਲਾਗੂ ਹੋਵੇਗੀ। ਸਾਊਦੀ ਅਰਬ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਰਿਆਧ ਤੇ ਜੇਦਾਹ ਤੋਂ ਅਮਰੀਕਾ ਜਾਣ ਵਾਲੀਆਂ ਉਡਾਨਾਂ ਵੀ ਪ੍ਰਭਾਵਿਤ ਹੋਣਗੀਆਂ।