ਅਮਰੀਕਨ ਐਮ ਪੀ ਨੇ ਸਾਢੇ 15 ਘੰਟੇ ਬੋਲ ਕੇ ਟਰੰਪ ਦੇ ਫੈਸਲੇ ਦਾ ਵਿਰੋਧ ਕੀਤਾ

jeff merkley
ਵਾਸ਼ਿੰਗਟਨ, 7 ਅਪ੍ਰੈਲ (ਪੋਸਟ ਬਿਊਰੋ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਫੈਸਲੇ ‘ਤੇ ਅਮਰੀਕੀ ਪਾਰਲੀਮੈਟ ਵਿੱਚ ਬਹਿਸ ਦੇ ਦੌਰਾਨ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਜੈਫ ਮਰਕਲੇ ਨੇ ਕਰੀਬ ਸਾਢੇ 15 ਘੰਟੇ ਬੋਲ ਕੇ ਇਸ ਨਾਮਜ਼ਦਗੀ ਦਾ ਵਿਰੋਧ ਕੀਤਾ। ਟਰੰਪ ਨੇ ਨੀਲ ਗੋਰਸਚ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਲਈ ਨਾਮਜ਼ਦ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਬਾਰੇ ਪਾਰਲੀਮੈਂਟ ਵਿੱਚ ਬਹਿਸ ਹੋ ਰਹੀ ਸੀ।
ਮਰਕਲੇ ਨੇ ਅਮਰੀਕੀ ਸਮੇਂ ਮੁਤਾਬਕ ਸ਼ਾਮ ਨੂੰ ਬੋਲਣਾ ਸ਼ੁਰੂ ਕੀਤਾ ਅਤੇ ਉਹ ਬੁੱਧਵਾਰ ਨੂੰ ਦਿਨ ਚੜ੍ਹਨ ਤੱਕ ਬੋਲਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕੋਟ ਦੇ ਸਾਰੇ ਬਟਨ ਖੋਲ੍ਹ ਲਏ ਅਤੇ ਟਾਈ ਦੀ ਗੰਢ ਕਾਫੀ ਢਿੱਲੀ ਕਰ ਲਈ। ਗੋਰਸਚ ਦੀ ਨਿਯੁਕਤੀ ਉੱਤੇ ਵਿਰੋਧ ਪ੍ਰਗਟ ਕਰਦੇ ਹੋਏ ਮਰਕਲੇ ਨੇ ਕਿਹਾ ਕਿ ਨਾਮਜ਼ਦ ਵਿਅਕਤੀ ਰੂੜ੍ਹੀਵਾਦੀ ਨਿਆਂ ਵਿਵਸਥਾ ਦਾ ਹਮਾਇਤੀ ਹੈ। ਉਸ ਦਾ ਅਸਰ ਉਸ ਦੇ ਕੰਮ-ਕਾਜ ਉੱਤੇ ਵੀ ਦਿਖੇਗਾ। ਅਮਰੀਕੀ ਸਮਾਜ ਹੁਣ ਰੂੜ੍ਹੀਵਾਦੀ ਤੌਰ ਤਰੀਕਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਪਾਰਲੀਮੈਂਟ ਨੂੰ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਦੂਰ ਅੰਦੇਸ਼ ਫੈਸਲਾ ਕਰਨਾ ਚਾਹੀਦਾ ਹੈ। ਗੋਰਸਚ ਇਸ ਸਮੇਂ ਕੋਲੋਰਾਡੋ ਦੀ ਫੈਡਰਲ ਅਪੀਲ ਕੋਰਟ ਦੇ ਜੱਜ ਹਨ। ਉਨ੍ਹਾਂ ਨੂੰ ਨਿਆਂ ਖੇਤਰ ਦਾ ਪ੍ਰਭਾਵਸ਼ਾਲੀ ਨਾਂ ਮੰਨਿਆ ਜਾਂਦਾ ਹੈ, ਜਿਹੜਾ ਹਮੇਸ਼ਾ ਨਿਯਮਾਂ ਦੀ ਪਾਲਣਾ ਕਰਦਾ ਹੈ।