ਅਮਰਿੰਦਰ ਸਿੰਘ ਨੇ ਸਾਦਾ, ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਦੀ ਵਾਗ ਸੰਭਾਲੀ

Swearing-in ceremony in Punjab* ਨਵਜੋਤ ਸਿੱਧੂ, ਮਨਪ੍ਰੀਤ ਬਾਦਲ ਸਮੇਤ ਨੌਂ ਮੰਤਰੀ ਬਣਾਏ ਗਏ
* ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਐਲਾਨ
ਚੰਡੀਗੜ੍ਹ, 16 ਮਾਰਚ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜ਼ੋਰਦਾਰ ਜਿੱਤ ਪ੍ਰਾਪਤ ਕਰਨ ਦੇ ਲਈ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਏਥੇ ਪੰਜਾਬ ਰਾਜ ਭਵਨ ਵਿੱਚ ਇੱਕ ਸਾਦਾ ਜਿਹੇ, ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਪੰਜਾਬ ਦੇ 26ਵੇਂ ਮੁੱਖ ਮੰਤਰੀ ਦੇ ਤੌਰ ਉੱਤੇ ਸਹੁੰ ਚੁੱਕੀ। ਸਮਾਗਮ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਈ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ। ਇਸ ਮੌਕੇ ਦੋ ਰਾਜ ਮੰਤਰੀਆਂ ਸਮੇਤ ਨੌਂ ਕੈਬਨਿਟ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ।
ਫ਼ੌਜੀ ਮੈਡਲਾਂ ਨਾਲ ਸਜਾਈ ਕਾਲੀ ਵਾਸਕਟ ਪਹਿਨ ਕੇ ਕੈਪਟਨ ਅਮਰਿੰਦਰ ਸਿੰਘ ਸਵਾ ਦਸ ਵਜੇ ਗਵਰਨਰ ਵੀ ਪੀ ਸਿੰਘ ਬਦਨੌਰ ਦੇ ਨਾਲ ਸਮਾਗਮ ਵਿੱਚ ਆਏ। ਇਸ ਮੌਕੇ ਉਹ ਵਾਰ-ਵਾਰ ਘੜੀ ਦੀਆਂ ਸੂਈਆਂ ਨੂੰ ਵੇਖ ਰਹੇ ਸਨ। ਪੰਜਾਬ ਦੇ ਉਸ ਵਕਤ ਤੱਕ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ 10.17 ਵਜੇ ਸਹੁੰ ਚੁੱਕਣ ਦਾ ਸਮਾਗਮ ਸ਼ੁਰੂ ਕਰਵਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਸਹੁੰ ਚੁੱਕਣ ਦਾ ਸੱਦਾ ਦਿਤਾ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਅੰਗਰੇਜ਼ੀ ਵਿੱਚ ਚੁੱਕੀ।
ਇਸ ਤੋਂ ਬਾਅਦ ਸਾਬਕਾ ਮੰਤਰੀ ਤੇ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਬ੍ਰਹਮ ਮਹਿੰਦਰਾ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਉਹ ਸਹੁੰ ਚੁਕਦੇ ਸਮੇਂ ਅਟਕ ਗਏ ਅਤੇ ਫਿਰ ਐਨਕ ਲਾ ਕੇ ਸਹੁੰ ਚੁੱਕੀ। ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੇ ਠੁੱਕਦਾਰ ਅਤੇ ਬੁਲੰਦ ਆਵਾਜ਼ ਵਿੱਚ ਪੰਜਾਬੀ ਵਿੱਚ ਅਹੁਦੇ ਦੀ ਸਹੁੰ ਪੜ੍ਹੀ ਅਤੇ ਫਿਰ ਰਾਹੁਲ ਗਾਂਧੀ ਅਤੇ ਡਾ. ਮਨਮੋਹਨ ਸਿੰਘ ਤੇ ਪਹਿਲੀ ਕਤਾਰ ਵਿੱਚ ਬੈਠੇ ਹੋਰ ਆਗੂਆਂ ਨੂੰ ਮਿਲਣ ਗਏ। ਉਨ੍ਹਾਂ ਨੂੰ ਤੀਸਰੇ ਨੰਬਰ ਉੱਤੇ ਸਹੁੰ ਚੁਕਾਉਣ ਨਾਲ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਮੁੱਦਾ ਵੀ ਖਤਮ ਹੋ ਗਿਆ ਸਮਝਿਆ ਜਾ ਸਕਦਾ ਹੈ। ਉਨ੍ਹਾਂ ਤੋਂ ਬਾਅਦ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀ ਵਿੱਚ ਸਹੁੰ ਚੁੱਕੀ। ਇਸ ਦੇ ਨਾਭਾ ਹਲਕੇ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ, ਫਤਿਹਗੜ੍ਹ ਚੂੜੀਆਂ ਤੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬੀ ਵਿੱਚ, ਰਾਣਾ ਗੁਰਜੀਤ ਸਿੰਘ ਨੇ ਅੰਗਰੇਜ਼ੀ ਵਿੱਚ ਅਤੇ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਨੇਤਾ ਤੇ ਚਮਕੌਰ ਸਾਹਿਬ ਹਲਕੇ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਵਿੱਚ ਸਹੁੰ ਪੜ੍ਹੀ। ਗੁਰਦਾਸਪੁਰ ਜਿ਼ਲੇ ਦੇ ਦੀਨਾਨਗਰ ਹਲਕੇ ਤੋਂ ਵਿਧਾਇਕਾ ਅਰੁਣਾ ਚੌਧਰੀ ਨੇ ਹਿੰਦੀ ਵਿੱਚ ਅਤੇ ਮਾਲੇਰ ਕੋਟਲਾ ਦੀ ਵਿਧਾਇਕਾ ਰਜ਼ੀਆ ਸੁਲਤਾਨਾ ਨੇ ਪੰਜਾਬੀ ਵਿੱਚ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਸਮਾਗਮ ਕਰੀਬ 25 ਮਿੰਟ ਤੱਕ ਚੱਲਿਆ। ਬਾਅਦ ਵਿੱਚ ਗੱਲਬਾਤ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਸੀਨੀਅਰ ਕਾਂਗਰਸ ਵਿਧਾਇਕਾਂ ਨੂੰ ਮੰਤਰੀ ਨਾ ਬਣਾਏ ਜਾਣ ਬਾਰੇ ਪੁੱਛੇ ਜਾਣ ਉੱਤੇ ਕਿਹਾ ਕਿ ਉਹ ਵੀ ਛੇਤੀ ਮੰਤਰੀ ਬਣਾਏ ਜਾਣਗੇ, ਬੱਸ ਕੁਝ ਦਿਨਾਂ ਦਾ ਮਾਮਲਾ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨਾਲ ਚਾਹ ਪੀਣ ਸਮੇਂ ਸੁਰੱਖਿਆ ਜਵਾਨਾਂ ਨੇ ਜ਼ੋਰ ਲਾ ਕੇ ਜਦੋਂ ਮੀਡੀਆ ਤੇ ਹੋਰ ਲੋਕਾਂ ਨੂੰ ਪਿੱਛੇ ਕੀਤਾ ਤਾਂ ਭੀੜ ਵਧ ਜਾਣ ਦੇ ਕਾਰਨ ਰਾਜ ਭਵਨ ਦੇ ਇਕ-ਦੋ ਸ਼ੀਸ਼ੇ ਵੀ ਟੁੱਟ ਗਏ।
ਅੱਜ ਦੇ ਇਸ ਸਮਾਗਮ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਰਾਜਸਥਾਨ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਭੁਪਿੰਦਰ ਸਿੰਘ ਹੁੱਡਾ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ, ਕਪਿਲ ਸਿੱਬਲ, ਆਨੰਦ ਸ਼ਰਮਾ, ਪਵਨ ਕੁਮਾਰ ਬਾਂਸਲ, ਸਚਿਨ ਪਾਇਲਟ, ਹਰੀਸ਼ ਚੌਧਰੀ, ਅਸ਼ਵਨੀ ਕੁਮਾਰ, ਰਾਜ ਬੱਬਰ, ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਪ੍ਰਤਾਪ ਸਿੰਘ ਬਾਜਵਾ, ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਵਿਦੇਸ਼ ਮੰਤਰੀ ਕੇ. ਨਟਵਰ ਸਿੰਘ ਵਿਸ਼ੇਸ਼ ਵਿਅਕਤੀਆਂ ਵਾਸਤੇ ਬਣਾਈ ਸਟੇਜ ਉੱਤੇ ਪਹਿਲੀ ਕਤਾਰ ਵਿੱਚ ਬੈਠੇ ਹੋਏ ਸਨ। ਸੀਨੀਅਰ ਆਗੂ ਲਾਲ ਸਿੰਘ ਆਪਣੇ ਵਿਧਾਇਕ ਲੜਕੇ ਰਾਜਿੰਦਰ ਸਿੰਘ, ਨਵਾਂ ਸ਼ਹਿਰ ਹਲਕੇ ਤੋਂ ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਆਪਣੇ ਵਿਧਾਇਕ ਪੁੱਤਰ ਅੰਗਦ ਸੈਣੀ ਤੇ ਮੁੱਖ ਮੰਤਰੀ ਦਾ ਪੂਰਾ ਪਰਵਾਰ ਵੀ ਹਾਜ਼ਰ ਸੀ। ਦਿੱਲੀ ਅਕਾਲੀ ਦਲ ਦੇ ਆਗੂ ਦੋਵੇਂ ਸਰਨਾ ਭਰਾ, ਕਈ ਅਖਬਾਰਾਂ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ, ਪੱਛਮੀ ਕਮਾਂਡ ਦੇ ਸੀਨੀਅਰ ਫੌਜੀ ਅਧਿਕਾਰੀ ਤੇ ਕਈ ਸਾਬਕਾ ਫੌਜੀ ਅਫਸਰ ਹਾਜ਼ਰ ਸਨ। ਸਮਾਗਮ ਤੋਂ ਬਾਅਦ ਅੱਜ ਸ਼ਾਮ ਪੰਜਾਬ ਦੇ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਦਫਤਰ ਵਿੱਚ ਸਰਬ ਧਰਮ ਪ੍ਰਾਰਥਨਾ ਸਭਾ ਕਰਵਾਈ ਗਈ, ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੀ ਵਾਰ ਮੁੱਖ ਮੰਤਰੀ ਬਣਨ ਉਤੇ 27 ਫਰਵਰੀ 2002 ਕੀਤੀ ਗਈ ਸੀ।
ਪੰਜਾਬ ਸਿਵਲ ਸਕੱਤਰੇਤ ਵਿੱਚ ਆਪਣਾ ਅਹੁਦਾ ਸੰਭਾਲਣ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਾਰੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹਨ ਤੇ 18 ਮਾਰਚ ਨੂੰ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਮਹੱਤਵ ਪੂਰਨ ਫੈਸਲੇ ਲਏ ਜਾਣਗੇ। ਉਨ੍ਹਾਂ ਚਾਰ ਹਫ਼ਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਰਕਾਰ ਦੇ ਏਜੰਡੇ ਦੇ ਮੁੱਖ ਪ੍ਰੋਗਰਾਮਾਂ ਵਿੱਚ ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਉਦਯੋਗਾਂ ਨੂੰ ਮੁੜ ਪੈਰਾਂ ਉੱਤੇ ਖੜਾ ਕਰਨਾ ਅਤੇ ਰੁਜ਼ਗਾਰ ਪੈਦਾ ਕਰਨਾ ਸ਼ਾਮਲ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਪਹਿਲ ਦੇ ਆਧਾਰ ਉੱਤੇ ਕੰਮ ਕੀਤਾ ਜਾਵੇਗਾ।