ਅਮਰਿੰਦਰ ਸਿੰਘ ਨੇ ਕਿਹਾ: ਚੰਦਰ ਸ਼ੇਖਰ ਨੇ ਮੈਨੂੰ ਧੋਖਾ ਦਿੱਤਾ, ਮੈ 21 ਖਾੜਕੂ ਸੌਂਪੇ ਤਾਂ ਉਸ ਨੇ ਮਰਵਾ ਦਿੱਤੇ

amrinder singh
ਨਵੀਂ ਦਿੱਲੀ, 19 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਕਾਰਜਕਾਲ ਦੌਰਾਨ 21 ਖਾੜਕੂਆਂ ਦੀ ਮੌਤ ਉੱਤੇ ਦੁੱਖ ਜਤਾਇਆ ਹੈ। ਚੰਦਰ ਸ਼ੇਖਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਵੰਬਰ 1990 ਤੋਂ ਜੂਨ 1991 ਤੱਕ ਸੇਵਾਵਾਂ ਦਿੱਤੀਆਂ ਸਨ।
ਆਪਣੇ ਜੀਵਨ ਬਾਰੇ ਇੱਕ ਲੇਖਕ ਵੱਲੋਂ ਲਿਖੀ ਕਿਤਾਬ ‘ਦਿ ਪੀਪੁਲਸ ਮਹਾਰਾਜਾ’ ਦੇ ਲੋਕ-ਅਰਪਣ ਦੇ ਮੌਕੇ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਚੰਦਰ ਸ਼ੇਖਰ ਨੇ ਉਨ੍ਹਾਂ ਨੂੰ ਧੋਖਾ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਕਿਹਾ ਗਿਆ ਕਿ ਕੁਝ ਖਾੜਕੂ ਸਮਰਪਣ ਕਰਨਾ ਚਾਹੁੰਦੇ ਹਨ, ਇਸ ਲਈ ਮੈਂ ਪ੍ਰਧਾਨ ਮੰਤਰੀ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸਮਰਪਣ ਦੇ ਫੈਸਲੇ ਤੋਂ ਖੁਸ਼ ਦਿੱਸੇ ਤੇ ਉਨ੍ਹਾਂ ਨੇ ਸਮਰਪਣ ਦੀ ਕਾਰਵਾਈ ਕਰਾਉਣ ਲਈ ਕਿਹਾ। ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿਖੇ 21 ਖਾੜਕੂਆਂ ਦਾ ਸਮਰਪਣ ਕਰਾਇਆ, ਪ੍ਰੰਤੂ ਉਨ੍ਹਾਂ ਨੂੰ ਛੇ ਮਹੀਨੇ ਬਾਅਦ ਪਤਾ ਲੱਗਾ ਕਿ ਸਾਰੇ 21 ਜਣਿਆਂ ਨੂੰ ਮਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਚੰਦਰ ਸ਼ੇਖਰ ਉੱਤੇ ਭਰੋਸਾ ਕਰ ਕੇ ਪਛਤਾਵਾ ਹੋਇਆ ਅਤੇ ਓਦੋਂ ਤੋਂ ਉਨ੍ਹਾਂ ਨੇ ਕਿਸੇ ਦੇ ਸਮਰਪਣ ਦੀ ਪਹਿਲ ਨਹੀਂ ਕੀਤੀ। ਪ੍ਰੋਗਰਾਮ ਦੇ ਬਾਅਦ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਕੀਤਾ, ਮੇਰੇ ਵੱਲੋਂ 21 ਜਣਿਆਂ ਦੇ ਆਤਮ ਸਮਰਪਣ ਦੀ ਵਿਵਸਥਾ ਕੀਤੀ ਗਈ, ਜਿਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਮੈਂ ਓਦੋਂ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਵੱਲੋਂ ਠੱਗਿਆ ਹੋਇਆ ਮਹਿਸੂਸ ਕੀਤਾ। ਫਿਰ ਮੈਂ ਉਨ੍ਹਾਂ ਨਾਲ ਕਦੇ ਗੱਲ ਨਹੀਂ ਕੀਤੀ।