ਅਮਰਿੰਦਰ ਸਿੰਘ ਨੇ ਕਿਹਾ: ਅਮਰਿੰਦਰ ਰਹੇ ਨਾ ਰਹੇ, ਜੇ ਪਾਣੀ ਬਾਰੇ ਫੈਸਲਾ ਪੰਜਾਬ ਦੇ ਵਿਰੁੱਧ ਆਇਆ ਤਾਂ ਕੌਮੀ ਸਮੱਸਿਆ ਬਣੇਗੀ

amrinder
ਚੰਡੀਗੜ੍ਹ, 5 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਅਧਿਕਾਰ ਤੋਂ ਵਾਂਝੇ ਕਰਨ ਦੀ ਕਿਸੇ ਵੀ ਕੋਸ਼ਿਸ਼ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਹੈ ਕਿ ਏਦਾਂ ਕੀਤਾ ਤਾਂ ਏਥੇ ਖਾੜਕੂਵਾਦ ਮੁੜ ਕੇ ਉੱਠ ਸਕਦਾ ਹੈ। ਉਨ੍ਹਾ ਚੇਤਾਵਨੀ ਦਿੱਤੀ ਹੈ ਕਿ ‘ਅਮਰਿੰਦਰ ਰਹੇ ਨਾ ਰਹੇ, ਜੇ ਅੰਤਮ ਫੈਸਲਾ ਪੰਜਾਬ ਦੇ ਵਿਰੁੱਧ ਆਇਆ ਤਾਂ ਐਸ ਵਾਈ ਐਲ ਕੌਮੀ ਸਮੱਸਿਆ ਬਣ ਜਾਵੇਗੀ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਭਾਰਤ ਦੀ ਸ਼ਾਂਤੀ ਤੇ ਸਥਿਰਤਾ ਤੇ ਪੰਜਾਬ ਦੇ ਹਿੱਤਾਂ ਵਿੱਚ ਜਲ ਸਰੋਤ ਵਿਭਾਗ ਦੇ ਰਾਹੀਂ ਐਸ ਵਾਈ ਐਲ (ਸਤਲੁਜ ਯਮਨਾ ਲਿੰਕ ਨਹਿਰ) ਮੁੱਦੇ ਦੇ ਕਿਸੇ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਵਾਉਣ।
ਐਸ ਵਾਈ ਐਲ ਦੇ ਮੁੱਦੇ ਬਾਰੇ ਪੰਜਾਬ ਦੀਆਂ ਚਿੰਤਾਵਾਂ ਦਾ ਜਿ਼ਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਫੈਸਲਾ ਪੰਜਾਬ ਦੇ ਖਿਲਾਫ ਗਿਆ ਤਾਂ ਪੰਜਾਬ ਫਿਰ ਕਾਲੇ ਦੌਰ ਵਿੱਚ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਏਦਾਂ ਦੀ ਨਕਾਰਤਮਕ ਸੋਚ ਵੱਡਾ ਸੰਕਟ ਪੈਦਾ ਕਰ ਸਕਦੀ ਹੈ, ਕਿਉਂਕਿ ਪੰਜਾਬ ਵਿੱਚ ਖਾਲਿਸਤਾਨੀ ਅਤੇ ਨਕਸਲੀ ਸਮੇਤ ਸਾਰੀਆਂ ਲਹਿਰਾਂ ਦੱਖਣੀ ਪੰਜਾਬ ਤੋਂ ਸ਼ੁਰੂ ਹੋਈਆਂ ਸਨ, ਜਿਹੜਾ ਐਸ ਵਾਈ ਐਲ ਨਹਿਰ ਬਣਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਪੰਜਾਬ ਨੂੰ ਤਬਾਹੀ ਦੀ ਸਥਿੱਤੀ ਵਿੱਚ ਧੱਕਣ ਲਈ ਅਕਾਲੀਆਂ ਉੱਤੇ ਦੋਸ਼ ਲਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਨੂੰ ਉਨ੍ਹਾਂ ਕੁਦਰਤੀ ਵਸੀਲਿਆਂ ਤੋਂ ਵਾਂਝਾ ਕਰਨ ਲਈ ਜ਼ਿੰਮੇਵਾਰ ਹਨ, ਜਿਹੜੇ ਇਸ ਰਾਜ ਦੀ ਵੰਡ ਦੇ ਨਤੀਜੇ ਵਜੋਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੂੰ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਘੱਟ ਜ਼ਮੀਨ ਦੇ ਬਾਵਜੂਦ ਹਰਿਆਣਾ ਨੂੰ ਵੱਧ ਪਾਣੀ ਮਿਲਿਆ, ਪਰ ਪੰਜਾਬ ਨੂੰ ਯਮੁਨਾ ਨਦੀ ਤੋਂ ਪਾਣੀ ਦਾ ਹਿੱਸਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੀ ਜੜ੍ਹ ਸੂਬੇ ਦੀ ਵੰਡ ਅਤੇ ਸਰੋਤਾਂ ਦੀ ਅਸਾਵੀਂ ਵੰਡ ਵਿੱਚ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕੋਲ ਆਪਣੀ ਜ਼ਮੀਨ ਦੀ ਸਿੰਚਾਈ ਲਈ ਵੀ ਪਾਣੀ ਨਹੀਂ, ਏਥੇ 25 ਫੀਸਦੀ ਤੋਂ ਵੀ ਘੱਟ ਸਿੰਜਾਈ ਨਹਿਰਾਂ ਨਾਲ ਹੁੰਦੀ ਹੈ ਅਤੇ ਇਹ ਖੇਤੀਬਾੜੀ ਚਲਦੇ ਰੱਖਣ ਲਈ ਅਸਮੱਰਥ ਹੈ। ਖੇਤੀ ਵਸਤਾਂ ਦੀਆਂ ਲਾਗਤਾਂ ਵਧ ਗਈਆਂ ਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਓਦਾਂ ਦਾ ਵਾਧਾ ਨਹੀਂ ਹੋਇਆ। ਉਨ੍ਹਾਂ ਸੂਬੇ ਵਿੱਚ ਪਾਣੀ ਦੀ ਚਿੰਤਾਜਨਕ ਸਥਿਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਝੋਨੇ ਦੀ ਸਿੰਜਾਈ ਲਈ ਵੀ ਢੁਕਵੀਂ ਮਾਤਰਾ ਵਿੱਚ ਪਾਣੀ ਨਹੀਂ ਹੈ।