ਅਮਰਿੰਦਰ ਸਿੰਘ ਦੇ ਖਿਲਾਫ ਚੱਲਦੇ ਕੇਸ ਦੀ ਬਹਿਸ ਮੁਕੰਮਲ, 24 ਨੂੰ ਫੈਸਲੇ ਦੀ ਸੰਭਾਵਨਾ

amrinder case
ਮੋਹਾਲੀ, 2 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਪੰ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਮੁਲਜਮਾਂ ਦੇ ਖਿਲਾਫ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ ਬਾਰੇ ਮੋਹਾਲੀ ਅਦਾਲਤ ਵਿੱਚ ਚੱਲਦੇ ਦੇ ਕੇਸ ਦੀ ਸੁਣਵਾਈ ਕੱਲ੍ਹ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਈ। ਇਸ ਮੌਕੇ ਪਬਲਿਕ ਪ੍ਰੋਸੀਕਿਊਟਰ ਵੱਲੋਂ ਚਾਰ ਮੁੱਦਿਆਂ ਉੱਤੇ ਕੀਤੀ ਜਾਣ ਵਾਲੀ ਬਹਿਸ ਮੁਕੰਮਲ ਹੋ ਗਈ। ਅਦਾਲਤ ਨੇ ਕੇਸ ਦੀ ਸੁਣਵਾਈ 24 ਜੁਲਾਈ ਨਿਸ਼ਚਿਤ ਕੀਤੀ ਹੈ, ਜਿਸ ਦੌਰਾਨ ਇਸ ਕੇਸ ਵਿੱਚ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ।
ਸਰਕਾਰੀ ਵਕੀਲ ਵਿਜੇ ਸਿੰਗਲਾ ਨੇ ਅਦਾਲਤ ਵਿੱਚ ਬਹਿਸ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਸ ਕੇਸ ਵਿੱਚ ਹਾਈ ਕੋਰਟ ਦੇ ਹੁਕਮਾਂ ਉੱਤੇ ਹੋਈ ਤਾਜ਼ਾ ਜਾਂਚ ਵਿੱਚ ਵਿਧਾਨ ਸਭਾ ਦੀ ਪ੍ਰੋਸੀਡਿੰਗਜ਼ ਵਿੱਚ ਕੋਈ ਛੇੜਛਾੜ ਸਾਹਮਣੇ ਨਹੀਂ ਆਈ ਅਤੇ ਨਾ ਕੋਈ ਜਾਅਲੀ ਏਜੰਡਾ ਤਿਆਰ ਕੀਤਾ ਨਿਕਲਿਆ ਹੈ। ਉਨ੍ਹਾਂ ਨੇ ਕਿਹਾ ਕਿ 12ਵੀਂ ਵਿਧਾਨ ਸਭਾ ਵਿੱਚ ਸਪੀਕਰ ਨੇ ਕਿਹਾ ਸੀ ਕਿ ਉਨ੍ਹਾਂ ਜੋ ਵੀ ਕੀਤਾ, ਨਿਯਮਾਂ ਦੇ ਮੁਤਾਬਕ ਕੀਤਾ ਹੈ, ਇਸ ਲਈ ਉਸ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਉਸ ਪਿੱਛੋਂ 13ਵੀਂ ਵਿਧਾਨ ਸਭਾ ਨੇ ਵੀ ਕਿਹਾ ਸੀ ਕਿ ਇਸ ਕੇਸ ਵਿੱਚ ਕਾਰਵਾਈ ਦੀ ਜ਼ਰੂਰਤ ਨਹੀਂ। ਸਰਕਾਰੀ ਵਕੀਲ ਨੇ ਕਿਹਾ ਕਿ ਇਸ ਕੇਸ ਵਿੱਚ ਪੈਸੇ ਦਾ ਕੋਈ ਲੈਣ ਦੇਣ ਸਾਬਤ ਨਹੀਂ ਹੋਇਆ। ਇਸ ਨਾਲ ਕੱਲ੍ਹ ਅਦਾਲਤ ਵਿੱਚ ਬਹਿਸ ਮੁਕੰਮਲ ਹੋ ਗਈ ਹੈ। ਅਦਾਲਤ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਈ ਮੁਲਜ਼ਮ ਕੇਸ ਦੀ ਸੁਣਵਾਈ ਮੌਕੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਆਪਣੇ ਵਕੀਲਾਂ ਰਾਹੀਂ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਲਈ ਹੋਈ ਸੀ।