ਅਮਰਿੰਦਰ ਸਿੰਘ ਦੀ ਕੋਠੀ ਵੱਲ ਜਾਂਦੇ ‘ਆਪ’ ਪਾਰਟੀ ਵਿਧਾਇਕਾਂ ਉੱਤੇ ਜਲ ਤੋਪਾਂ ਚੱਲੀਆਂ

arrest 2

arrested
ਚੰਡੀਗੜ੍ਹ, 4 ਸਤੰਬਰ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਮਾਰਚ ਕਰ ਰਹੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਉੱਤੇ ਅੱਜ ਚੰਡੀਗੜ੍ਹ ਪੁਲੀਸ ਨੇ ਜਲ ਤੋਪਾਂ ਚਲਾਈਆਂ, ਜਿਸ ਕਾਰਨ ਕਈ ਆਗੂਆਂ ਤੇ ਪੁਲੀਸ ਵਾਲਿਆਂ ਦੀਆਂ ਪੱਗਾਂ ਲੱਥ ਗਈਆਂ। ਇਸ ਮੌਕੇ ਦੋਵੇਂ ਧਿਰਾਂ ਵਿੱਚ ਕਾਫ਼ੀ ਖਿੱਚ-ਧੂਹ ਵੀ ਹੋਈ। ਪੁਲੀਸ ਨੇ ਪਾਰਲੀਮੈਂਟ ਮੈਂਬਰ ਅਤੇ ‘ਆਪ’ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਪਾਰਟੀ ਦੇ 14 ਵਿਧਾਇਕਾਂ ਤੇ ਪੰਜਾਬ ਇਨਸਾਫ਼ ਪਾਰਟੀ ਦੇ ਦੋਵਾਂ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਪੁਲਸ ਨੇ ਬੱਸਾਂ ਵਿਚ ਸੁੱਟ ਲਿਆ ਅਤੇ ਇਨ੍ਹਾਂ ਸਾਰੇ ਆਗੂਆਂ ਨੂੰ ਸੈਕਟਰ-17 ਦੇ ਥਾਣੇ ਵਿੱਚ ਬੰਦ ਕਰ ਦਿੱਤਾ।
ਲੁਧਿਆਣਾ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਘਪਲਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸ਼ਮੂਲੀਅਤ ਬਾਰੇ ਸੀ ਬੀ ਆਈ ਤੋਂ ਜਾਂਚ ਕਰਾਉਣ ਅਤੇ ਰੇਤ ਕਾਂਡ ਲਈ ਪੰਜਾਬ ਦੇ ਕੈਬਨਿਟ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਮੰਗਣ ਵਾਸਤੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਸੀ। ਇਸ ਪਾਰਟੀ ਦੇ ਸਾਰੇ 20 ਵਿੱਚੋਂ 14 ਵਿਧਾਇਕ, ਦੋਵੇਂ ਵਿਧਾਇਕ ਬੈਂਸ ਭਰਾ ਅਤੇ ‘ਆਪ’ ਪਾਰਟੀ ਦੇ ਆਗੂ ਇਥੇ ਐਮ ਐਲ ਏ ਹੋਸਟਲ ਵਿੱਚ ਇਕੱਠੇ ਹੋਏ ਅਤੇ ਮਾਰਚ ਸ਼ੁਰੂ ਕੀਤਾ। ਚੰਡੀਗੜ੍ਹ ਪੁਲਸ ਦੇ ਡੀ ਐਸ ਪੀ ਰਾਮ ਗੋਪਾਲ ਦੀ ਅਗਵਾਈ ਹੇਠ ਪਹਿਲਾਂ ਹੀ ਪੁਲੀਸ ਨੇ ਸਖ਼ਤ ਪ੍ਰਬੰਧ ਕਰ ਰੱਖੇ ਸਨ। ਜਦੋਂ ਇਹ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਮਾਰਚ ਕਰਨ ਲੱਗੇ ਤਾਂ ਪੁਲੀਸ ਨੇ ਐਮ ਐਲ ਏ ਹੋਸਟਲ ਦੇ ਗੇਟ ਅੱਗੇ ਹੀ ਘੇਰ ਲਿਆ। ਇਸ ਮੌਕੇ ਕਾਫੀ ਖਿੱਚ-ਧੂਹ ਹੋਈ ਤੇ ਅਖ਼ੀਰ ਪੁਲਸ ਨੂੰ ਜਲ ਤੋਪਾਂ ਚਲਾਉਣੀਆਂ ਪੈ ਗਈਆਂ। ਪੁਲਸ ਨਾਲ ਖਿੱਚਧੂਹ ਵਿੱਚ ਆਪ ਪਾਰਟੀ ਦੇ ਕਈ ਆਗੂਆਂ ਦੀਆਂ ਪੱਗਾਂ ਲੱਥ ਗਈਆਂ ਤੇ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਕਈ ਹੋਰ ਆਗੂ ਪਾਣੀ ਦੀਆਂ ਬੁਛਾੜਾਂ ਕਾਰਨ ਭਿੱਜ ਗਏ। ਇਸ ਪਿੱਛੋਂ ਪੁਲੀਸ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਬੱਸਾਂ ਵਿੱਚ ਚਾੜ੍ਹ ਲਿਆ ਅਤੇ ਸੈਕਟਰ-17 ਦੇ ਥਾਣੇ ਵਿੱਚ ਬੰਦ ਕਰ ਦਿੱਤਾ।
ਆਪ ਪਾਰਟੀ ਦੇ ਆਗੂਆਂ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਤੇ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਇਸ ਮੌਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਘਪਲਿਆਂ ਲਈ ਆਪਣੇ ਆਪ ਨੂੰ ਕਲੀਨ ਚਿੱਟ ਦੇ ਕੇ ਹਾਸੇ ਦਾ ਪਾਤਰ ਬਣ ਗਏ ਹਨ। ਉਨ੍ਹਾ ਨੇ ਅਤੇ ਬਾਦਲ ਪਿਓ-ਪੁੱਤਰ ਨੇ ਇੱਕ ਸਮਝੌਤੇ ਤਹਿਤ ਇਕ-ਦੂਜੇ ਵਿਰੁੱਧ ਦਰਜ ਕੇਸਾਂ ਨੂੰ ਖਤਮ ਕਰਨ ਦੀਆਂ ਖੇਡਾਂ ਖੇਡ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹਿਆ ਹੈ। ਬੈਂਸ ਨੇ ਕਿਹਾ ਕਿ ਇਹੋ ਜਿਹੇ ਘਪਲਿਆਂ ਨੂੰ ਸਿਰੇ ਲਾਉਣ ਲਈ ਉਹ ਸੁਪਰੀਮ ਕੋਰਟ ਵੀ ਜਾਣਗੇ। ਵਰਨਣ ਯੋਗ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਵਿਧਾਇਕ ਕੰਵਰ ਸੰਧੂ, ਅਮਨ ਅਰੋੜਾ, ਐਚ ਐਸ ਫੂਲਕਾ, ਨਾਜਰ ਸਿੰਘ ਮਨਸ਼ਾਹੀਆ, ਪ੍ਰਿੰਸੀਪਲ ਬੁੱਧ ਰਾਮ ਅਤੇ ਪਿਰਮਲ ਸਿੰਘ ਖਾਲਸਾ ਸ਼ਾਮਲ ਨਹੀਂ ਹੋਏ, ਜਦ ਕਿ ਬਾਕੀ ਸਾਰੇ ਵਿਧਾਇਕ ਹਾਜ਼ਰ ਸਨ।