ਅਮਰਿੰਦਰ ਵੱਲੋਂ ਅਰੁਣ ਜੇਤਲੀ ਨੂੰ ਚਿੱਠੀ: ਪੁਰਾਣੇ ਕਰਜ਼ਿਆਂ ਨੂੰ ਸਸਤੇ ਵਿੱਚ ਬਦਲ ਦਿਓ

amrinder
ਜਲੰਧਰ, 12 ਅਕਤੂਬਰ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਦੇ ਪੁਰਾਣੇ ਕਰਜ਼ਿਆਂ ਨੂੰ ਸਸਤੇ ਕਰਜ਼ਿਆਂ ਵਿੱਚ ਬਦਲਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਰਾਜ ਸਰਕਾਰ ਉੱਤੇ ਸਾਲਾਨਾ ਕਰਜ਼ਿਆਂ ਦਾ ਭਾਰ ਘੱਟ ਹੋ ਸਕੇ। ਪੰਜਾਬ ਸਰਕਾਰ ਇੰਝ ਕਰ ਕੇ ਸਾਲਾਨਾ 2700 ਕਰੋੜ ਰੁਪਿਆ ਬਚਾਉਣਾ ਚਾਹੁੰਦੀ ਹੈ।
ਕੇਂਦਰੀ ਖਜ਼ਾਨਾ ਮੰਤਰੀ ਨੂੰ ਭੇਜੀ ਚਿੱਠੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਰਾਜ ਸਰਕਾਰ ਨੇ ਐੱਨ ਐੱਸ ਐੱਸ ਐੱਫ ਅਤੇ ਬਾਜ਼ਾਰ ਤੋਂ 8.5 ਤੋਂ ਲੈ ਕੇ 9.5 ਫੀਸਦੀ ਦੀ ਵਿਆਜ ਦਰ ਨਾਲ ਕਰਜ਼ਾ ਪਿਛਲੇ ਕੁਝ ਸਾਲਾਂ ਵਿੱਚ ਲਿਆ ਸੀ। ਹੁਣ ਦੇਸ਼ ਵਿੱਚ ਵਿਆਜ ਦਰਾਂ ਘੱਟ ਹੋ ਚੁੱਕੀਆਂ ਹਨ ਅਤੇ ਜੋ ਪੁਰਾਣੇ ਕਰਜ਼ੇ ਨੂੰ ਨਵੀਆਂ ਘੱਟ ਵਿਆਜ ਦਰਾਂ ਵਿੱਚ ਬਦਲਣ ਦੀ ਵਿੱਤ ਮੰਤਰਾਲਾ ਆਗਿਆ ਦੇ ਦੇਵੇ ਤਾਂ ਇਸ ਦਾ ਪੰਜਾਬ ਨੂੰ ਲਾਭ ਹੋਵੇਗਾ।
ਸਾਲ 2016-17 ਵਿੱਚ ਪੰਜਾਬ ਉੱਤੇ ਕੁੱਲ ਕਰਜ਼ਾ 1.83 ਲੱਖ ਕਰੋੜ ਸੀ, ਪਰ ਬਾਅਦ ‘ਚ ਸੱਤਾ ਤਬਦੀਲੀ ਹੋਣ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਬਿਆਨ ਦਿੱਤਾ ਕਿ ਸੂਬੇ ਉੱਤੇ ਚੜ੍ਹੇ ਕਰਜ਼ੇ ਦੀ ਕੁੱਲ ਰਕਮ ਕਿਤੇ ਵੱਧ ਬਣਦੀ ਹੈ। ਇਹ ਰਕਮ ਸਵਾ ਦੋ ਲੱਖ ਕਰੋੜ ਹੋਣ ਦੀ ਗੱਲ ਮੁੱਖ ਮੰਤਰੀ ਨੇ ਕਹੀ ਸੀ। ਅਮਰਿੰਦਰ ਸਿੰਘ ਰਾਜ ਦੀ ਆਰਥਕ ਸਥਿਤੀ ਸੁਧਾਰਨ ਲਈ ਕਈ ਹੋਰ ਕਦਮ ਚੁੱਕਣਾ ਚਾਹੁੰਦੇ ਹਨ। ਇਸ ਲਈ ਅਗਲੀ ਕੈਬਨਿਟ ਬੈਠਕ ਵਿੱਚ ਮੁੱਖ ਮੰਤਰੀ ਵੱਲੋਂ ਮੰਤਰੀਆਂ ਨਾਲ ਚਰਚਾ ਕੀਤੀ ਜਾਵੇਗੀ।