ਅਮਰਿੰਦਰ ਨੇ ਬਾਕੀ ਬਚਦੇ ਚਾਰ ਜ਼ਿਲ੍ਹਾ ਕੇਂਦਰ ਵੀ 6-ਲੇਨ ਹਾਈਵੇ ਨਾਲ ਜੋੜਨ ਲਈ ਲਿਖਿਆ

amrinder
ਚੰਡੀਗੜ੍ਹ, 16 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਲਿਖਿਆ ਹੈ ਕਿ ਖੰਨਾ-ਮਲੇਰ ਕੋਟਲਾ-ਰਾਏਕੋਟ-ਜਗਰਾਓਂ-ਨਕੋਦਰ ਸੜਕ ਨੂੰ ਨਵਾਂ ਹਾਈਵੇ ਐਲਾਨਣ ਤੇ ਪੰਜਾਬ ਦੇ ਬਾਕੀ ਬਚਦੇ ਚਾਰ ਜ਼ਿਲ੍ਹਾ ਕੇਂਦਰਾਂ ਨੂੰ ਵੀ ਚਾਰ ਮਾਰਗੀ/ ਛੇ ਮਾਰਗੀ ਹਾਈਵੇਜ਼ ਨਾਲ ਜੋੜਨ ਵਾਸਤੇ ਉਹ ਨਿੱਜੀ ਦਖਲ ਦੇਣ। ਗਡਕਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਉਨ੍ਹਾਂ ਦਾ ਧਿਆਨ ਭਾਰਤ ਸਰਕਾਰ ਦੇ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਕੋਲ ਪੈਂਡਿੰਗ ਬਹੁਤ ਸਾਰੇ ਮਹੱਤਵ ਪੂਰਨ ਮੁੱਦਿਆਂ ਨੂੰ ਵਿਚਾਰਨ ਤੇ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਵੱਲ ਦਿਵਾਇਆ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਮੰਤਰਾਲੇ ਨਾਲ ਤਾਲਮੇਲ ਕਰਨ ਅਤੇ ਇਨ੍ਹਾਂ ਮੁੱਦਿਆਂ ਨੂੰ ਅੱਗੇ ਤੋਰਨ ਲਈ ਹੁਕਮ ਦਿੱਤੇ। ਮੁੱਖ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਕੇਂਦਰੀ ਮੰਤਰੀ ਨਿੱਜੀ ਤੌਰ ‘ਤੇ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਇਨ੍ਹਾਂ ਮੁੱਦਿਆਂ ਬਾਰੇ ਤੇਜ਼ੀ ਨਾਲ ਵਿਚਾਰ ਕਰਨ/ ਅੰਤਿਮ ਰੂਪ ਦੇਣ ਦੀ ਸਲਾਹ ਦੇਣਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹਾ ਚਾਰ ਮਾਰਗੀ ਅਤੇ ਛੇ ਮਾਰਗੀ ਸੜਕਾਂ ਰਾਹੀਂ ਨੈਸ਼ਨਲ ਹਾਈਵੇਜ਼ ਨਾਲ ਜੁੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ, ਮਾਨਸਾ, ਮੁਕਤਸਰ ਸਾਹਿਬ ਤੇ ਫਾਜ਼ਿਲਕਾ ਜ਼ਿਲ੍ਹੇ ਅਜੇ ਵੀ ਦੋ-ਮਾਰਗੀ ਸੜਕਾਂ ਰਾਹੀਂ ਨੈਸ਼ਨਲ ਹਾਈਵੇਜ਼ ਨਾਲ ਜੁੜਦੇ ਹਨ। ਉਨ੍ਹਾਂ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਚਾਰ ਮਾਰਗੀ/ ਛੇ ਮਾਰਗੀ ਨੈਸ਼ਨਲ ਹਾਈਵੇਜ਼ ਨਾਲ ਜੋੜਨ ਦੀ ਬੇਨਤੀ ਕਰਦੇ ਹੋਏ ਐੱਨ ਐੱਚ 703 ਦਾ ਬਰਨਾਲਾ ਮਾਨਸਾ ਸੈਕਸ਼ਨ ਅਤੇ ਐੱਨ ਐੱਚ 10 ਦਾ ਡੱਬਵਾਲੀ-ਮਲੋਟ-ਅਬੋਹਰ-ਫਾਜ਼ਿਲਕਾ ਸੈਕਸ਼ਨ ਚਾਰ ਮਾਰਗੀ ਕਰਨ ਨੂੰ ਕਿਹਾ ਹੈ, ਕਿਉਂਕਿ ਇਹ ਪ੍ਰੋਜੈਕਟ ਦੇਸ਼ ਦੀ ਨੈਸ਼ਨਲ ਹਾਈਵੇਜ਼ ਅਥਾਰਟੀ ਕੋਲ ਪੈਂਡਿੰਗ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਲਵੰਡੀ-ਫਿਰੋਜ਼ਪੁਰ ਅਤੇ ਮੁਕਤਸਰ ਸਾਹਿਬ-ਮਲੋਟ ਸੈਕਸ਼ਨਾਂ ਦਾ ਪੱਧਰ ਉਚਾ ਚੁੱਕਣ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਖੰਨਾ-ਮਾਲਰਕੋਟਲਾ-ਰਾਏਕੋਟ-ਜਗਰਾਓਂ-ਨਕੋਦਰ ਨੂੰ ਨਵੇਂ ਨੈਸ਼ਨਲ ਹਾਈਵੇ ਵਜੋਂ ਐਲਾਨੇ ਜਾਣ ਲਈ ਕਿਹਾ ਹੈ। ਮੁੱਖ ਮੰਤਰੀ ਵੱਲੋਂ ਇਸ ਪੱਤਰ ਵਿੱਚ ਬੰਗਾ-ਗੜ੍ਹਸ਼ੰਕਰ-ਆਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਦਾ ਪੱਧਰ ਨੈਸ਼ਨਲ ਹਾਈਵੇ ਵਾਲਾ ਕਰਨ ਨੂੰ ਕਿਹਾ ਹੈ।