ਅਮਰਨਾਥ ਯਾਤਰਾ ਵਾਲੀ ਬੱਸ ਖੱਡ ਵਿੱਚ ਡਿੱਗਣ ਨਾਲ 16 ਮੌਤਾਂ, 31 ਜ਼ਖਮੀ

amarnath yatra accident
ਜੰਮੂ, 16 ਜੁਲਾਈ, (ਪੋਸਟ ਬਿਊਰੋ)- ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਵਾਲੀ ਬੱਸ ਅੱਜ ਬਾਅਦ ਦੁਪਹਿਰ ਜੰਮੂ-ਸ੍ਰੀਨਗਰ ਰੋਡ ਉੱਤੇ ਰਾਮਬਣ ਨੇੜੇ ਖੱਡ ਵਿੱਚ ਡਿੱਗ ਪੈਣ ਕਾਰਨ 16 ਸ਼ਰਧਾਲੂਆਂ ਦੀ ਮੌਕੇ ਉੱਤੇ ਮੌਤ ਹੋ ਗਈ ਤੇ 31 ਜ਼ਖ਼ਮੀ ਹੋ ਗਏ। ਪੀੜਤ ਸ਼ਰਧਾਲੂ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਹਰਿਆਣਾ ਤੇ ਮੱਧ ਪ੍ਰਦੇਸ਼ ਨਾਲ ਸਬੰੰਧਤ ਹਨ। ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸਨ।
ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਰਾਮਬਣ ਨੇੜੇ ਨਚਲਾਨਾ ਖੇਤਰ ਵਿੱਚ ਜੰਮੂ-ਸ੍ਰੀਨਗਰ ਰੋਡ ਉੱਤੇ ਬੱਸ ਬੇਕਾਬੂ ਹੋ ਕੇ ਇੱਕ ਨਾਲੇ ਵਿੱਚ ਜਾ ਡਿਗੀ। ਰਾਮਬਣ ਦੇ ਜਿ਼ਲਾ ਪੁਲੀਸ ਮੁਖੀ ਮੋਹਨ ਲਾਲ ਨੇ ਦੱਸਿਆ ਹੈ ਕਿ ਹਾਦਸਾ ਗ੍ਰਸਤ ਬੱਸ ਜੰਮੂ-ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਸੀ ਅਤੇ ਜੰਮੂ ਤੋਂ ਅਮਰਨਾਥ ਯਾਤਰਾ ਲਈ ਜਾ ਰਹੇ 3603 ਸ਼ਰਧਾਲੂਆਂ ਦੇ ਕਾਫਲੇ ਦਾ ਹਿੱਸਾ ਸੀ। 19 ਗੰਭੀਰ ਜ਼ਖ਼ਮੀਆਂ ਨੂੰ ਹੈਲੀਕਾਪਟਰਾਂ ਰਾਹੀਂ ਜੰਮੂ ਦੇ ਹਸਪਤਾਲ ਵਿੱਚ ਅਤੇ ਅੱਠ ਜ਼ਖ਼ਮੀਆਂ ਨੂੰ ਰਾਮਬਣ ਦੇ ਜ਼ਿਲ੍ਹਾ ਹਸਪਤਾਲ ਭਰਤੀ ਕਰਾਇਆ ਗਿਆ ਹੈ। ਜ਼ਖ਼ਮੀਆਂ ਨੂੰ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਖੱਡ ਵਿੱਚੋਂ ਕੱਢਣ ਵਿੱਚ ਫ਼ੌਜ, ਸੀਮਾ ਸੁਰੱਖਿਆ ਬਲ ਦੇ ਜਵਾਨਾਂ ਤੇ ਸਥਾਨਕ ਲੋਕਾਂ ਨੇ ਸਹਾਇਤਾ ਕੀਤੀ। ਜੰਮੂ-ਕਸ਼ਮੀਰ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਮੀਰ ਅਫਰੋਜ਼ ਅਹਿਮਦ ਦੇ ਦੱਸਣ ਅਨੁਸਾਰ ਸੜਕ ਹਾਦਸੇ ਦੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ।