ਅਬੌਰਸ਼ਨ ਬਾਰੇ ਟੋਰੀ ਐਮਪੀ ਦੀ ਟਿੱਪਣੀ ਉੱਤੇ ਵਿਰੋਧੀ ਧਿਰਾਂ ਨੇ ਜਤਾਇਆ ਇਤਰਾਜ਼

ਓਟਵਾ, 9 ਮਈ (ਪੋਸਟ ਬਿਊਰੋ) : ਬੁੱਧਵਾਰ ਨੂੰ ਕੰਜ਼ਰਵੇਟਿਵ ਐਮਪੀ ਵੱਲੋਂ ਅਬੌਰਸ਼ਨ ਬਾਰੇ ਹਾਊਸ ਆਫ ਕਾਮਨਜ਼ ਵਿੱਚ ਕੀਤੀ ਗਈ ਟਿੱਪਣੀ ਕਾਰਨ ਲਿਬਰਲਾਂ ਤੇ ਨਿਊ ਡੈਮੋਕ੍ਰੈਟਸ ਵੱਲੋਂ ਉਸ ਦੀ ਖੂਭ ਆਲੋਚਨਾ ਕੀਤੀ ਗਈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾਂ ਅਬੌਰਸ਼ਨ ਸਬੰਧੀ ਔਰਤਾਂ ਦੇ ਅਧਿਕਾਰ ਦਾ ਪੱਖ ਪੂਰਦੀ ਆਈ ਹੈ ਤੇ ਅੱਗੇ ਵੀ ਅਜਿਹਾ ਕਰਦੀ ਰਹੇਗੀ। ਇਸ ਦੀ ਪ੍ਰਤੀਕਿਰਿਆ ਵਿੱਚ ਮੈਨੀਟੋਬਾ ਤੋਂ ਐਮਪੀ ਟੈੱਡ ਫਾਕ ਨੇ ਚੀਕਦਿਆਂ ਹੋਇਆਂ ਆਖਿਆ ਕਿ ਇਹ ਕੋਈ ਅਧਿਕਾਰ ਨਹੀਂ ਹੈ।
ਫਾਕ ਦੇ ਇਸ ਬਿਆਨ ਉੱਤੇ ਐਨਡੀਪੀ ਐਮਪੀ ਐਨੇ ਮਿਨ੍ਹ-ਥੂ ਕੁਐਕ ਖੜ੍ਹੀ ਹੋ ਗਈ ਤੇ ਉਸ ਨੇ ਆਖਿਆ ਕਿ ਜੋ ਕੁੱਝ ਅਸੀਂ ਹੁਣ ਸੁਣਿਆ ਇਹ ਕਿੰਨਾ ਬੇਤੁਕਾ ਹੈ। ਇਸ ਮਸਲੇ ਉੱਤੇ ਫਿਰ ਤਾਂ ਹਾਊਸ ਵਿੱਚ ਰੌਲਾ ਹੀ ਪੈ ਗਿਆ। ਮਜਬੂਰਨ ਸਪੀਕਰ ਨੂੰ ਕਈ ਵਾਰੀ ਸੰਸਦ ਦੀ ਕਾਰਵਾਈ ਨੂੰ ਸਹੀ ਢੰਗ ਨਾਲ ਚਲਾਉਣ ਲਈ ਮੈਂਬਰਾਂ ਨੂੰ ਤਾਕੀਦ ਕਰਨੀ ਪਈ।
ਫਿਰ ਟਰੂਡੋ ਨੇ ਇਸ ਵਿਸੇ਼ ਉੱਤੇ ਆਪਣਾ ਪੱਖ ਮੁੜ ਰੱਖਦਿਆਂ ਆਖਿਆ ਕਿ ਕਿਸੇ ਵੀ ਔਰਤ ਦੇ ਸ਼ਰੀਰ ਨਾਲ ਕੀ ਹੁੰਦਾ ਹੈ ਇਸ ਦੀ ਚੋਣ ਕਰਨ ਦਾ ਹੱਕ ਉਸ ਦਾ ਆਪਣਾ ਹੈ। ਅਸੀਂ ਹਮੇਸ਼ਾ ਇਸ ਅਧਿਕਾਰ ਦਾ ਸਨਮਾਨ ਕਰਦੇ ਆਏ ਹਾਂ ਤੇ ਕਰਦੇ ਰਹਾਂਗੇ ਫਿਰ ਭਾਵੇਂ ਕੰਜ਼ਰਵੇਟਿਵ ਜੋ ਮਰਜ਼ੀ ਸੋਚਣ ਜਾਂ ਕਰਨ।