ਅਬੂ ਸਲੇਮ ਨੇ ਆਪਣੀ ਜ਼ਮੀਨ ਉਤੇ ਕਬਜ਼ੇ ਹੋਣ ਦੇ ਡਰ ਕਾਰਨ ਮੁੱਖ ਮੰਤਰੀ ਨੂੰ ਚਿੱਠੀ ਲਿਖੀ


ਆਜਮਗੜ੍ਹ, 13 ਮਾਰਚ (ਪੋਸਟ ਬਿਊਰੋ)- ਕਦੇ ਅੰਡਰਵਰਲਡ ਡਾਨ ਅਬੂ ਸਲੇਮ ਦੇ ਨਾਂ ਨਾਲ ਲੋਕ ਕੰਬਦੇ ਸਨ, ਪਰ ਹੁਣ ਆਪਣੀ ਜੱਦੀ ਜ਼ਮੀਨ ਉੱਤੇ ਕਬਜ਼ਾ ਹੋਣ ਦਾ ਉਸ ਨੂੰ ਸਤਾ ਰਿਹਾ ਹੈ। ਅਬੂ ਸਲੇਮ ਨੇ ਜੇਲ ਤੋਂ ਪੱਤਰ ਲਿਖ ਕੇ ਦਬੰਗਾਂ ਵੱਲੋਂ ਜ਼ਮੀਨ ਹੜੱਪਣ ਦੇ ਵਿਰੁੱਧ ਮੁੱਖ ਮੰਤਰੀ ਨੂੰ ਤਰਲਾ ਮਾਰਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਚਿੱਠੀ ਵਿੱਚ ਸਲੇਮ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਹ ਦੱਸਿਆ ਹੈ ਕਿ ਉਸ ਦੀ ਪਿੰਡ ਵਿੱਚ 160 ਹੈਕਟੇਅਰ ਜ਼ਮੀਨ ਹੈ, ਜੋ ਉਸ ਦੇ ਅਤੇ ਉਸ ਦੇ ਭਰਾਵਾਂ ਦੇ ਨਾਂ ਸੀ, ਪਰ ਜਦੋਂ 6 ਨਵੰਬਰ 2017 ਨੂੰ ਪਰਿਵਾਰ ਦੇ ਲੋਕਾਂ ਨੇ ਖਤੌਨੀ ਦੀ ਨਕਲ ਲਈ ਤਾਂ ਪਤਾ ਲੱਗਾ ਕਿ ਉਸ ਦੇ ਜੱਦੀ ਖਾਤੇ ਉੱਤੇ ਮੁਹੰਮਦ ਨਫੀਸ, ਮੁਹੰਮਦ ਸ਼ੌਕਤ, ਸਰਵਰੀ, ਮੋਹਿਉਦੀਨ, ਅਖਲਾਕ, ਅਖਲਾਕ ਖਾਨ ਤੇ ਨਦੀਪ ਅਖਤਰ ਦਾ ਨਾਂ ਦਰਜ ਹੋ ਗਿਆ ਹੈ। ਇਸ ਕਾਰਨ ਇਸ ਪੱਤਰ ਵਿੱਚ ਸਲੇਮ ਨੇ ਕੇਸ ਦਰਜ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ। ਅਬੂ ਸਲੇਮ ਦੇ ਵਕੀਲ ਰਾਜੇਸ਼ ਸਿੰਘ ਨੇ ਦੱਸਿਆ ਕਿ ਅਬੂ ਸਲੇਮ ਨੇ ਮੁੰਬਈ ਸੈਂਟਰਲ ਜੇਲ ਤੋਂ ਆਪਣੀ ਜ਼ਮੀਨ ਉੱਤੇ ਕਬਜ਼ਾ ਹੋਣ ਵਿਰੁੱਧ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ, ਆਜਮਗੜ੍ਹ ਦੇ ਜ਼ਿਲਾ ਅਧਿਕਾਰੀ ਚੰਦਰਭੂਸ਼ਣ ਸਿੰਘ, ਐੱਸ ਪੀ ਆਜਮਗੜ੍ਹ ਅਤੇ ਥਾਣਾ ਮੁਖੀ ਸਰਾਏਮੀਰ ਨੂੰ ਅਰਜ਼ੀ ਭੇਜੀ ਹੈ।
ਮੁੰਬਈ ਬੰਬ ਧਮਾਕਿਆਂ ਦਾ ਮੁੱਖ ਦੋਸ਼ੀ ਅਬੂ ਸਲੇਮ ਸਰਾਏਮੀਰ ਕਸਬਾ ਦੇ ਪਠਾਨ ਟੋਲਾ ਮੁਹੱਲਾ ਦਾ ਮੂਲ ਵਾਸੀ ਹੈ। ਉਹ ਮੁੰਬਈ ਧਮਾਕਿਆਂ ਪਿੱਛੋਂ ਵਿਦੇਸ਼ ਦੌੜ ਗਿਆ ਸੀ, ਜਿਸ ਪਿੱਛੋਂ ਸਾਲ 2002 ਵਿੱਚ ਉਸ ਦੀ ਪੁਰਤਗਾਲ ਵਿੱਚ ਗ੍ਰਿਫਤਾਰੀ ਹੋਣ ਮਗਰੋਂ ਉਸ ਨੂੰ ਹਵਾਲਗੀ ਉੱਤੇ ਭਾਰਤ ਲਿਆਂਦਾ ਗਿਆ ਸੀ। ਉਸੇ ਸਮੇਂ ਤੋਂ ਉਹ ਜੇਲ ਵਿੱਚ ਬੰਦ ਹੈ।