ਅਫਸਰੀ, ਪੁਲ ਤੇ ਪਾਣੀ

-ਹਰਿੰਦਰ ਸਿੰਘ ਬੀਸਲਾ
ਨਵੰਬਰ ਮਹੀਨੇ ਦਾ ਐਤਵਾਰ ਸੀ ਤੇ 1994 ਵਾਲਾ ਸਾਲ। ਮੂੰਹ ਹਨੇਰੇ ਗੇਟ ਖੜਕਿਆ। ਤਾਕੀ ਖੋਲ੍ਹੀ ਤਾਂ ਸਾਹਮਣੇ ਦੋ ਪੁਲਸ ਵਾਲੇ ਖੜੇ ਸਨ। ਗਿਆਰਾਂ ਸਾਲਾਂ ਤੋਂ ਪਿੰਡ ਦਾ ਸਰਪੰਚ ਹੋਣ ਕਰਕੇ ਇਹ ਮੇਰੇ ਲਈ ਹੈਰਾਨੀ ਦੀ ਗੱਲ ਨਹੀਂ ਸੀ। ਅੰਦਰ ਆ ਕੇ ਉਨ੍ਹਾਂ ਜੋ ਕੁਝ ਦੱਸਿਆ, ਉਹ ਬੜਾ ਦਰਦਨਾਕ ਸੀ। ਮੇਰੇ ਪਿੰਡ ਦਾ ਰਹਿਣ ਵਾਲਾ ਰਾਮ ਲਾਲ, ਜਿਹੜਾ ਥੋੜ੍ਹਾ ਸਿੱਧਾ ਜਿਹਾ ਵੀ ਸੀ, ਸੜਕ ਹਾਦਸੇ ਵਿੱਚ ਮਾਰਿਆ ਗਿਆ ਸੀ। ਉਸ ਵਕਤ ਉਹ ਭਾਵੇਂ ਆਪਣੇ ਸਹੁਰੇ ਪਿੰਡ ਰਹਿ ਰਿਹਾ ਸੀ, ਪਰ ਜੇਬ ਵਿੱਚੋਂ ਨਿਕਲੇ ਸ਼ਨਾਖਤੀ ਕਾਰਡ ‘ਤੇ ਤਲਵੰਡੀ ਫੱਤੂ ਦਾ ਪਤਾ ਹੋਣ ਕਰਕੇ ਉਹ ਦੱਸਣ ਆ ਗਏ ਸਨ। ਉਨ੍ਹਾਂ ਦੋਵਾਂ ਨੂੰ ਚਾਹ ਪਿਲਾ ਕੇ ਰੁਖਸਤ ਕਰਨ ਪਿੱਛੋਂ ਮੈਂ ਰਾਮ ਲਾਲ ਦੇ ਘਰ ਦੱਸਣ ਤੁਰ ਪਿਆ।
ਪਿੰਡ ਵਿੱਚ ਰਾਮ ਲਾਲ ਦੀ ਦਾਦੀ ਅਤੇ ਅੱਖਾਂ ਤੋਂ ਵਾਂਝਾ ਭਰਾ ਸੀ। ਉਸ ਦੇ ਸਹੁਰੀਂ ਸੁਨੇਹਾ ਦੇਣ ਲਈ ਮੰੁਡਿਆਂ ਦੀ ਜ਼ਿੰਮੇਵਾਰੀ ਲਾ ਕੇ ਮੈਂ ਪੰਚਾਂ ਨੂੰ ਨਾਲ ਲੈ ਕੇ ਮੌਕੇ ‘ਤੇ ਗਿਆ। ਬਹੁਤ ਭਿਆਨਕ ਦਿ੍ਰਸ਼ ਸੀ। ਦੇਹ ਤੋਂ ਸਾਰੀ ਰਾਤ ਗੱਡੀਆਂ ਲੰਘਦੀਆਂ ਰਹੀਆਂ ਸਨ। ਛੋਟੇ ਥਾਣੇਦਾਰ ਨੇ ਕੋਲ ਜਿਹੇ ਹੁੰਦਿਆਂ ਮੈਨੂੰ ਪੁੱਛਿਆ, ‘ਲਾਸ਼ ਦੀ ਜੋ ਹਾਲਤ ਹੈ, ਪੋਸਟ ਮਾਰਟਮ ਕਰਾਉਣ ਦੀ ਜੇ ਪਰਵਾਰ ਲੋੜ ਨਹੀਂ ਸਮਝਦਾ ਤਾਂ ਅਸੀਂ ਲਿਖ ਦਿਆਂਗੇ, ਤੁਸੀਂ ਐਸ ਡੀ ਐਮ ਤੋਂ ਇਜਾਜ਼ਤ ਲੈ ਆਓ।’ ਉਹਦੀ ਗੱਲ ਸੀ ਵੀ ਠੀਕ, ਹਾਲਤ ਮੁਤਾਬਕ ਉਸ ਦਾ ਕੀ ਪੋਸਟ ਮਾਰਟਮ ਕਰਵਾਉਣਾ ਸੀ?
ਪੰਚਾਇਤੀ ਤੌਰ ‘ਤੇ ਅਸੀਂ ਅਰਜ਼ੀ ਲੈ ਕੇ ਐਸ ਡੀ ਐਮ ਦਫਤਰ ਗਏ ਤਾਂ ਛੁੱਟੀ ਦਾ ਦਿਨ ਹੋਣ ਕਰਕੇ ਉਹ ਨਹੀਂ ਮਿਲੇ। ਨਵਾਂ ਸ਼ਹਿਰ ਉਦੋਂ ਤੱਕ ਜ਼ਿਲਾ ਬਣ ਗਿਆ ਸੀ। ਅਸੀਂ ਡੀ ਸੀ ਦੀ ਕੋਠੀ ਜਾ ਪਹੁੰਚੇ, ਪਰ ਉਹ ਵੀ ਘਰ ਨਹੀਂ ਸਨ। ਉਂਜ ਉਨ੍ਹਾਂ ਦੇ ਜਿਸ ਕਰਮਚਾਰੀ ਨੇ ਸਾਡੀ ਗੱਲ ਸੁਣੀ, ਉਹਨੇ ਸਾਨੂੰ ਅਗਲੇ ਰਾਹ ਪਾ ਦਿੱਤਾ। ਉਸ ਨੇ ਕਿਹਾ ਕਿ ਏ ਡੀ ਸੀ ਘਰੇ ਨੇ, ਤੁਸੀਂ ਉਨ੍ਹਾਂ ਕੋਲ ਚਲੇ ਜਾਓ। ਜਦੋਂ ਅਸੀਂ ਏ ਡੀ ਸੀ ਦੇ ਘਰ ਪਹੁੰਚੇ ਤਾਂ ਉਹ ਸਾਨੂੰ ਆਪਣੇ ਘਰ ਦੇ ਵਿਹੜੇ ਵਿੱਚ ਖੜੇ ਮਿਲ ਗਏ। ਮੈਂ ਅਜੇ ਆਉਣ ਦਾ ਮਕਸਦ ਦੱਸ ਰਿਹਾ ਸਾਂ ਕਿ ਏ ਡੀ ਸੀ ਨੇ ਦਬਕਾ ਮਾਰਿਆ, ‘ਤਹਿਸੀਲਦਾਰ, ਐਸ ਡੀ ਐਮ ਨੂੰ ਛੱਡ ਕੇ ਤੂੰ ਸਿੱਧਾ ਮੇਰੇ ਕੋਲ ਕਿਵੇਂ ਆ ਗਿਆ?’
ਮੈਂ ਕਿਹਾ, ‘ਜੀ, ਜੇ ਉਹ ਹੁੰਦੇ ਤਾਂ ਮੈਂ ਤੁਹਾਡੇ ਕੋਲ ਕਾਹਨੂੰ ਆਉਣਾ ਸੀ।’
ਉਹ ਬੋਲੇ, ‘ਮੇਰਾ ਕੋਈ ਕਸੂਰ ਆ, ਜੇ ਬਾਕੀ ਘਰ ਨਹੀਂ ਤੇ ਮੈਂ ਘਰ ਆਂ।’
‘ਕਸੂਰ ਤਾਂ ਵਕਤ ਦਾ ਏ ਜੀ, ਜੇ ਲਾਸ਼ ਤੱਪੜ ਨਾ ਬਣੀ ਪਈ ਹੁੰਦੀ ਤਾਂ ਅਸੀਂ ਤੁਹਾਡੇ ਕੋਲ ਕਾਹਨੂੰ ਆਉਣਾ ਸੀ।’
ਖੈਰ! ਏ ਡੀ ਸੀ ਨੇ ਮੈਥੋਂ ਅਰਜ਼ੀ ਫੜੀ ਤੇ ਮਾਰਕ ਕਰ ਦਿੱਤੀ।
‘ਧੰਨਵਾਦ’ ਕਹਿ ਕੇ ਅਸੀਂ ਵਾਪਸ ਮੁੜੇ ਸੀ ਕਿ ਪਿੱਛੋਂ ਇਕ ਪੁਲਸ ਵਾਲੇ ਨੇ ਮੇਰੇ ਮੋਢੇ ਆ ਹੱਥ ਰੱਖਿਆ, ‘ਸਾਹਿਬ ਨੇ ਸੱਦਿਆ ਤੁਹਾਨੂੰ।’
ਜਦੋਂ ਮੈਂ ਵਾਪਸ ਗਿਆ ਤਾਂ ਏ ਡੀ ਸੀ ਦਾ ਪੂਰਾ ਪਰਵਾਰ ਉਨ੍ਹਾਂ ਨਾਲ ਖੜਾ ਸੀ। ਉਹ ਕਹਿਣ ਲੱਗੇ, ‘ਅਸੀਂ ਸਾਰਾ ਪਰਵਾਰ ਫਿਲਮ ਦੇਖਣ ਜਾ ਰਹੇ ਹਾਂ। ਪੁਲਸ ਆਫੀਸਰ ਦੀ ਸਹਿਮਤੀ ਤੋਂ ਬਾਅਦ ਦੁਬਾਰਾ ਮੇਰੇ ਦਸਖਤ ਹੋਣਗੇ। ਗੰਨਮੈਨ ਸਿਨਮੇ ਦੇ ਬਾਹਰ ਹੋਣਗੇ, ਇਨ੍ਹਾਂ ਕੋਲ ਦਰਖਾਸਤ ਭੇਜ ਦੇਵੀਂ, ਮੈਂ ਦਸਤਖਤ ਕਰ ਦਿਆਂਗਾ।’
ਪੁਲਸ ਦੀ ਕਾਰਵਾਈ ਤੋਂ ਬਾਅਦ ਜਦੋਂ ਅਸੀਂ ਸਿਨਮੇ ਆ ਕੇ ਗੰਨਮੈਨ ਨੂੰ ਦਰਖਾਸਤ ਦਿੱਤੀ ਤਾਂ ੳਸ ਮੁੜ ਆਣ ਕੇ ਕਿਹਾ ਕਿ ‘ਸਾਹਿਬ ਨੇ ਅੰਦਰ ਸੱਦਿਆ ਤੁਹਾਨੂੰ, ਮੈਨੇਜਰ ਦੇ ਦਫਤਰ ਵਿੱਚ।’ ਫਿਲਮ ਦਾ ਅੱਧ ਸਮਾਂ ਹੋਣ ਕਰਕੇ ਏ ਡੀ ਸੀ ਚਾਹ ਦਾ ਲੁਤਫ ਲੈ ਰਹੇ ਸਨ। ਮੈਨੂੰ ਚਾਹ ਦਾ ਕੱਪ ਪਿਆ ਕੇ ਉਨ੍ਹਾਂ ਅਰਜ਼ੀ ‘ਤੇ ਮਨਜ਼ੂਰੀ ਤਾਂ ਦਿੱਤੀ ਹੀ, ਨਾਲ ਪਹਿਲਾਂ ਹੋਈ ਤਲਖ ਕਲਾਮੀ ਦਾ ਵੀ ਜ਼ਿਕਰ ਕੀਤਾ, ਪਰ ਪੁਲਾਂ ਹੇਠੋਂ ਪਾਣੀ ਕਦੋਂ ਦਾ ਲੰਘ ਚੁੱਕਾ ਸੀ!