ਅਫਗਾਨ ਸੁਰੱਖਿਆ ਬਲਾਂ ਦਾ ਜ਼ਿਲਾ ਕੇਂਦਰ ਉਤੇ ਕਬਜ਼ਾ ਬਹਾਲ


ਕਾਬੁਲ, 13 ਮਾਰਚ (ਪੋਸਟ ਬਿਊਰੋ)- ਅਫਗਾਨਿਸਤਾਨ ਦੇ ਪੱਛਮੀ ਫਰਾਹ ਸੂਬੇ ਵਿਚਲੇ ਜ਼ਿਲਾ ਕੇਂਦਰ ਵਾਲੇ ਸ਼ਹਿਰ ਨੂੰ ਅਫਗਾਨ ਸੁਰੱਖਿਆ ਬਲਾਂ ਨੇ ਕੁਝ ਘੰਟਿਆਂ ਵਿੱਚ ਹੀ ਤਾਲਿਬਾਨ ਦੇ ਕਬਜ਼ੇ ‘ਚੋਂ ਛੁਡਾ ਲਿਆ ਹੈ। ਤਾਲਿਬਾਨ ਲੜਾਕਿਆਂ ਨੇ ਇੱਕ ਦਿਨ ਪਹਿਲਾਂ ਪੁਲਸ ਅਤੇ ਪ੍ਰਸ਼ਾਸਕੀ ਦਫਤਰਾਂ ‘ਤੇ ਹੱਲਾ ਬੋਲਦਿਆਂ ਅੱਠ ਪੁਲਸ ਕਰਮੀਆਂ ਨੂੰ ਮਾਰਨ ਮਗਰੋਂ ਜ਼ਿਲਾ ਕੇਂਦਰ ਵਾਲੇ ਸ਼ਹਿਰ ਮੁਕਾਮ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਸੀ।
ਕੇਂਦਰ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਾਲਿਬਾਨ ਨੇ ਅਨਾਰਦਾਰਾ ਵਿੱਚ ਜ਼ਿਲਾ ਹੈਡ ਕੁਆਰਟਰ ਉਤੇ ਹਮਲਾ ਕਰ ਕੇ ਇਸ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਸੀ। ਬੁਲਾਰੇ ਮੁਤਾਬਕ ਤਾਲਿਬਾਨੀ ਹੈਡ ਕੁਆਰਟਰ ਉਤੇ ਕੁਝ ਘੰਟਿਆਂ ਲਈ ਕਾਬਜ਼ ਰਹੇ। ਗ੍ਰਹਿ ਮੰਤਰਾਲੇ ਦੇ ਉਪ ਬੁਲਾਰੇ ਨੁਸਰਤ ਰਹਿਮੀ ਨੇ ਕਿਹਾ ਕਿ ਸਵੇਰ ਦੇ ਹਮਲੇ ਵਿੱਚ ਅੱਠ ਪੁਲਸ ਵਾਲੇ ਮਾਰੇ ਗਏ ਅਤੇ 10 ਜਣੇ ਜ਼ਖਮੀ ਹੋ ਗਏ। ਰਹਿਮੀ ਨੇ ਕਿਹਾ ਕਿ ਜ਼ਿਲਾ ਹੈਡ ਕੁਆਰਟਰ ਤੇ ਉਸ ਨੇੜਲਾ ਖੇਤਰ ਹੁਣ ਅਫਗਾਨ ਫੋਰਸਾਂ ਦੇ ਕੰਟਰੋਲ ਹੇਠ ਹੈ। ਰਹਿਮੀ ਨੇ ਜਿ਼ਲਾ ਕੇਂਦਰ ਨੂੰ ਤਾਲਿਬਾਨ ਦੇ ਕਬਜ਼ੇ ‘ਚੋਂ ਛੁਡਾਉਣ ਲਈ ਕੀਤੇ ਹਵਾਈ ਹਮਲੇ ਵਿੱਚ 50 ਤੋਂ ਵੱਧ ਤਾਲਿਬਾਨੀ ਲੜਾਕਿਆਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ।