ਅਫਗਾਨੀ ਟੀ ਵੀ ਸਟੇਸ਼ਨ ਉੱਤੇ ਆਈ ਐੱਸ ਵਾਲਿਆਂ ਦਾ ਹਮਲਾ, ਦਸ ਮੌਤਾਂ

tv station afganistan
ਕਾਬੁਲ, 18 ਮਈ (ਪੋਸਟ ਬਿਊਰੋ)- ਸਾਲ 2001 ਵਿੱਚ ਅਫਗਾਸਿਨਤਾਨ ਦੀ ਸੱਤਾ ਤੋਂ ਤਾਲਿਬਾਨ ਦੇ ਬੇਦਖਲ ਹੋਣ ਦੇ ਬਾਅਦ ਇਸ ਦੇਸ਼ ਵਿੱਚ ਕਿਸੇ ਮੀਡੀਆ ਸੰਗਠਨ ‘ਤੇ ਕੱਲ੍ਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਕੀਤਾ ਗਿਆ।
ਦੇਸ਼ ਦੇ ਪੂਰਬੀ ਸ਼ਹਿਰ ਜਲਾਲਾਬਾਦ ਵਿੱਚ ਰੇਡੀਓ-ਟੈਲੀਵਿਜ਼ਨ ਸਟੇਸ਼ਨ ਉੱਤੇ ਆਤਮਘਾਤੀ ਹਮਲਾਵਰਾਂ ਨੇ ਹਮਲਾ ਕੀਤਾ ਤੇ ਦੋ ਜਣਿਆਂ ਨੇ ਖੁਦ ਨੂੰ ਉਡਾ ਦਿੱਤਾ। ਬਾਕੀ ਦੋ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਸੁੱਟਿਆ। ਇਸ ਹਮਲੇ ਵਿੱਚ ਚਾਰ ਟੀ ਵੀ ਕਰਮਚਾਰੀ ਅਤੇ ਦੋ ਪੁਲਸ ਅਧਿਕਾਰੀਆਂ ਸਮੇਤ ਦਸ ਲੋਕ ਮਾਰੇ ਗਏ ਅਤੇ 24 ਹੋਰ ਜ਼ਖਮੀ ਹੋ ਗਏ। ਅੱਤਵਾਦੀ ਸੰਗਠਨ ਇਸਲਾਮਕ ਸਟੇਟ (ਆਈ ਐੱਸ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਜਲਾਲਾਬਾਦ ਨਾਂਗਰਹਾਰ ਪ੍ਰਾਂਤ ਦੀ ਰਾਜਧਾਨੀ ਹੈ ਤੇ ਇਹ ਆਈ ਐੱਸ ਦਾ ਗੜ੍ਹ ਬਣ ਚੁੱਕਾ ਹੈ। ਇਸ ਇਲਾਕੇ ਵਿੱਚ ਤਾਲਿਬਾਨ ਦਾ ਕਾਫੀ ਪ੍ਰਭਾਵ ਹੈ। ਇਸੇ ਖੇਤਰ ਵਿੱਚ ਅਮਰੀਕਾ ਨੇ ਪਿਛਲੇ ਮਹੀਨੇ ਆਈ ਐੱਸ ਦੇ ਟਿਕਾਣੇ ਉਤੇ ਸਭ ਤੋਂ ਵੱਡਾ ਗੈਰ ਐਟਮੀ ਬੰਬ ‘ਮਦਰ ਆਫ ਆਲ ਬੰਬਜ਼’ ਸੁੱਟਿਆ ਸੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਜ਼ੀਬ ਦਾਨਿਸ਼ ਨੇ ਦੱਸਿਆ ਕਿ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਵਿੱਚ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ। ਇਸ ਦੇ ਪਹਿਲਾਂ ਰਾਜ ਸਰਕਾਰ ਦੇ ਬੁਲਾਰੇ ਅਤਾਉਲਾ ਖੋਗਯਾਨੀ ਨੇ ਕਿਹਾ ਕਿ ਚਾਰ ਹਮਲਾਵਰ ਸਵੇਰ ਦੇ ਸਮੇਂ ਆਰ ਟੀ ਏ (ਰੇਡੀਓ ਟੈਲੀਵਿਜ਼ਨ ਅਫਗਾਨਿਸਤਾਨ) ਦੀ ਇਮਾਰਤ ਵਿੱਚ ਵੜ ਗਏ। ਦੋ ਨੇ ਖੁਦ ਨੂੰ ਉਡਾ ਲਿਆ ਅਤੇ ਦੋ ਜਣੇ ਲੁਕ ਕੇ ਗੋਲੀਬਾਰੀ ਕਰ ਰਹੇ ਸਨ। ਇੱਕ ਸਿਹਤ ਮੁਲਾਜ਼ਮ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਗੋਲੀ ਲੱਗੀ ਹੈ।