ਅਫਗਾਨਿਸਤਾਨ ਵਿੱਚ ਦੋ ਅੱਤਵਾਦੀ ਹਮਲੇ, ਇੱਕੋ ਦਿਨ 71 ਮੌਤਾਂ


ਕਾਬੁਲ, 17 ਅਕਤੂਬਰ, (ਪੋਸਟ ਬਿਊਰੋ)- ਅਫ਼ਗਾਨਿਸਤਾਨ ਵਿੱਚ ਪੁਲਿਸ ਤੇ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਅਤੇ ਗੋਲੀਆਂ ਚਲਾ ਕੇ ਕੀਤੇ 2 ਹੋਰ ਹਮਲਿਆਂ ਵਿੱਚ ਘੱਟੋ-ਘੱਟ 71 ਵਿਅਕਤੀ ਮਾਰੇ ਗਏ ਤੇ 170 ਹੋਰ ਜ਼ਖ਼ਮੀ ਹੋਏ ਹਨ। ਇਨ੍ਹਾਂ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ।
ਅੱਜ ਦਾ ਪਹਿਲਾ ਹਮਲਾ ਪਕਤੀਆ ਪੁਲਿਸ ਹੈੱਡਕੁਆਰਟਰ ਦੇ ਨੇੜੇ ਸਿਖਲਾਈ ਕੇਂਦਰ ਉੱਤੇ ਕੀਤਾ ਗਿਆ, ਜਿਸ ਵਿੱਚ 41 ਲੋਕ ਮਾਰੇ ਗਏ ਅਤੇ 158 ਜ਼ਖਮੀ ਹੋ ਗਏ। ਦੂਸਰਾ ਹਮਲਾ ਗਜ਼ਨੀ ਸੂਬੇ ਵਿੱਚ ਕੀਤਾ ਗਿਆ, ਜਿਸ ਵਿੱਚ 25 ਸੁਰੱਖਿਆ ਮੁਲਾਜ਼ਮ ਮਾਰੇ ਗਏ ਅਤੇ 5 ਆਮ ਨਾਗਰਿਕਾਂ ਸਮੇਤ 10 ਵਿਅਕਤੀ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਇਕ ਫਿਦਾਈਨ ਬੰਬ ਹਮਲਾਵਰ ਨੇ ਸਿਖਲਾਈ ਕੇਂਦਰ ਨੇੜੇ ਧਮਾਕਾਖ਼ੇਜ਼ ਸਮੱਗਰੀ ਨਾਲ ਭਰੀ ਆਪਣੀ ਕਾਰ ਨੂੰ ਉਡਾ ਦਿੱਤਾ। ਇਸ ਨਾਲ ਦੂਸਰੇ ਹਮਲਾਵਰਾਂ ਲਈ ਹਮਲਾ ਕਰਨ ਦਾ ਰਾਹ ਸਾਫ਼ ਹੋ ਗਿਆ। ਹਮਲੇ ਵਿੱਚ ਕੁੱਲ 41 ਲੋਕਾਂ ਦੀ ਮੌਤ ਹੋਈ ਤੇ 158 ਲੋਕ ਜ਼ਖ਼ਮੀ ਦੱਸੇ ਗਏ ਹਨ। ਬਿਆਨ ਮੁਤਾਬਿਕ ਕੇਂਦਰ ਅੰਦਰ ਬੰਦੂਕਾਂ ਨਾਲ ਲੈਸ ਤੇ ਆਤਮਘਾਤੀ ਜੈਕੇਟ ਪਾਏ ਹਮਲਾਵਰਾਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਕਈ ਘੰਟੇ ਚੱਲਿਆ। ਇਹ ਸਿਖਲਾਈ ਕੇਂਦਰ ਪਕਤੀਆ ਪੁਲਿਸ ਹੈੱਡਕੁਆਰਟਰ ਦੇ ਨੇੜੇ ਹੈ।
ਦੂਸਰੇ ਪਾਸੇ ਤਾਲਿਬਾਨ ਨੇ ਦੇਸ਼ ਦੇ ਦੱਖਣੀ, ਪੱਛਮੀ ਅਤੇ ਪੂਰਬੀ ਹਿੱਸਿਆਂ ਵਿੱਚ ਹਮਲੇ ਕਰ ਘੱਟੋ-ਘੱਟ 25 ਸੁਰੱਖਿਆ ਜਵਾਨਾਂ ਦੀ ਹੱਤਿਆ ਕਰ ਦਿੱਤੀ। ਦੱਖਣੀ ਗ਼ਜ਼ਨੀ ਪ੍ਰਾਂਤ ਵਿੱਚ ਫਿਦਾਈਨ ਹਮਲਾਵਰ ਕਾਰ ਹਮਲੇ ਪਿੱਛੋਂ ਇਕ ਸੁਰੱਖਿਆ ਕੈਂਪ ਵਿੱਚ ਜਾ ਵੜੇ ਅਤੇ ਘੱਟੋ-ਘੱਟ 25 ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ ਕਰ ਕੇ 10 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਸਿਹਤ ਨਿਰਦੇਸ਼ਕ ਸ਼ੀਰ ਮੁਹੰਮਦ ਕਾਰੀਮੀ ਦੇ ਮੁਤਾਬਕ ਸਥਾਨਕ ਹਸਪਤਾਲ ਜ਼ਖ਼ਮੀਆਂ ਨਾਲ ਭਰ ਗਏ ਹਨ ਤੇ ਹਸਪਤਾਲ ਵਿੱਚ ਖ਼ੂਨ ਦੀ ਕਮੀ ਹੋਣ ਕਰ ਕੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਖ਼ੂਨਦਾਨ ਕਰਨ।