ਅਫਗਾਨਿਸਤਾਨ ਦੀਆਂ ਦੋ ਮਸਜਿਦਾਂ ਵਿੱਚ ਧਮਾਕਿਆਂ ਨਾਲ 63 ਮੌਤਾਂ


ਕਾਬੁਲ, 21 ਅਕਤੂਬਰ, (ਪੋਸਟ ਬਿਊਰੋ)- ਅਫ਼ਗਾਨਿਸਤਾਨ ਵਿੱਚ ਦੋ ਵੱਖ-ਵੱਖ ਮਸਜਿਦਾਂ ਵਿੱਚ ਹੋਏ ਆਤਮਘਾਤੀ ਹਮਲਿਆਂ ਵਿੱਚ ਅੱਜ 63 ਲੋਕ ਮਾਰੇ ਜਾਣ ਦੀ ਖਬਰ ਹੈ।
ਇਸ ਦੇਸ਼ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਮੇਜਰ ਜਨਰਲ ਅਲੀ ਮਸਤ ਮੋਮਾਂਦ ਦੇ ਮੁਤਾਬਕ ਪਹਿਲਾ ਧਮਾਕਾ ਕਾਬੁਲ ਦੀ ਇਮਾਮ-ਜ਼ਮਨ ਮਸਜਿਦ ਨੇੜੇ ਓਦੋਂ ਹੋਇਆ, ਜਦੋਂ ਪੈਦਲ ਆਏ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਇਸ ਹਮਲੇ ਵਿਚ 30 ਵਿਅਕਤੀ ਮਾਰੇ ਗਏ ਤੇ 45 ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਦੀ ਕਿਸੇ ਗਰੁੱਪ ਨੇ ਜ਼ਿੰਮੇਵਾਰੀ ਨਹੀਂ ਲਈ, ਪਰ ਹੁਣ ਤੱਕ ਸ਼ੀਆ ਮਸਜਿਦਾਂ ਉੱਤੇ ਹੋਏ ਹਮਲੇ ਇਸਲਾਮਿਕ ਸਟੇਟ ਗਰੁੱਪ ਵਲੋਂ ਕੀਤੇ ਗਏ ਹਨ। ਇਹ ਗਰੁੱਪ ਇਸਲਾਮ ਦੀ ਸੁੰਨੀ ਸ਼ਾਖਾ ਨਾਲ ਸਬੰਧਤ ਹੈ।
ਇਕ ਹੋਰ ਹੋਏ ਹਮਲੇ ਵਿੱਚ ਘੋਰ ਸੂਬੇ ਵਿੱਚ ਸੁੰਨੀ ਮਸਜਿਦ ਵਿੱਚ ਆਤਮਘਾਤੀ ਹਮਲੇ ਵਿੱਚ 33 ਲੋਕਾਂ ਦੀ ਮੌਤ ਹੋ ਗਈ। ਆਤਮਘਾਤੀ ਹਮਲਾਵਰ ਨੇ ਮਸਜਿਦ ਵਿੱਚ ਖ਼ੁਦ ਨੂੰ ਉਡਾ ਲਿਆ। ਜ਼ਿਲ੍ਹਾ ਗਵਰਨਰ ਮੁਹਸੇਨ ਦਾਨਿਸ਼ਯਾਰ ਨੇ ਦੱਸਿਆ ਕਿ ਇੱਕ ਸੀਨੀਅਰ ਪੁਲਿਸ ਕਮਾਂਡਰ ਵੀ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਸ਼ਾਮਿਲ ਹੈ, ਸਮਝਿਆ ਜਾਂਦਾ ਹੈ ਕਿ ਡੋਲੇਨਾ ਜ਼ਿਲ੍ਹੇ ਵਿੱਚ ਹੋਇਆ ਇਹ ਹਮਲਾ ਉਸੇ ਕਮਾਂਡਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।