ਅਪਰੈਲ ਵਿੱਚ ਪਨਾਹ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿੱਚ ਹੋਇਆ 30 ਫੀ ਸਦੀ ਵਾਧਾ

ਮਾਂਟਰੀਅਲ, 15 ਮਈ (ਪੋਸਟ ਬਿਊਰੋ) : ਫੈਡਰਲ ਸਟੈਟੇਸਟਿਕਸ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਪਿਛਲੇ ਮਹੀਨੇ ਅਮਰੀਕਾ ਵੱਲੋਂ ਗੈਰਕਾਨੂੰਨੀ ਤੌਰ ਉੱਤੇ ਕੈਨੇਡੀਅਨ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ।
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਅਪਰੈਲ ਵਿੱਚ ਜਿਨ੍ਹਾਂ ਸਰਹੱਦ ਪਾਰ ਕਰਨ ਵਾਲਿਆਂ ਨੂੰ ਆਰਸੀਐਮਪੀ ਵੱਲੋਂ ਫੜ੍ਹਿਆ ਗਿਆ ਉਨ੍ਹਾਂ ਦੀ ਗਿਣਤੀ ਵਿੱਚ 30 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਇਨ੍ਹਾਂ ਦੀ ਗਿਣਤੀ 2560 ਰਿਕਾਰਡ ਕੀਤੀ ਗਈ। ਇਸ ਤੋਂ ਇੱਕ ਮਹੀਨੇ ਪਹਿਲਾਂ ਮਾਰਚ ਵਿੱਚ ਪਨਾਹ ਹਾਸਲ ਕਰਨ ਲਈ ਕੈਨੇਡਾ ਦਾਖਲ ਹੋਣ ਵਾਲਿਆਂ ਦੀ ਗਿਣਤੀ 1970 ਦਰਜ ਕੀਤੀ ਗਈ ਸੀ।
ਉਸ ਤੋਂ ਵੀ ਪਿਛਲੇ ਮਹੀਨਿਆਂ ਵਿੱਚ ਅਮਰੀਕਾ ਤੋਂ ਗੈਰਕਾਨੂੰਨੀ ਤੌਰ ਉੱਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਹਰ ਮਹੀਨੇ ਦੇ ਹਿਸਾਬ ਨਾਲ 1500 ਦੇ ਨੇੜੇ ਤੇੜੇ ਹੀ ਰਹੀ। ਅਪਰੈਲ ਵਿੱਚ ਅਜਿਹੇ ਬਹੁਤੇ ਲੋਕ, 2479, ਜਿ਼ਆਦਾਤਰ ਕਿਊਬਿਕ ਪ੍ਰੋਵਿੰਸ ਵਿੱਚ ਦਾਖਲ ਹੋਏ। ਪਿਛਲੇ ਮਹੀਨੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਆਖਿਆ ਕਿ ਉਹ ਨਾਈਜੀਰੀਆ ਜਾ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਜਿਹੜੇ ਲੋਕ ਕੈਨੇਡਾ ਵਿੱਚ ਦਾਖਲ ਹੋ ਰਹੇ ਹਨ ਤੇ ਜਿਨ੍ਹਾਂ ਨੂੰ ਸਿਆਸੀ ਪਨਾਹ ਨਹੀਂ ਮਿਲਦੀ ਉਹ ਆਪਣੇ ਮੁਲਕਾਂ ਨੂੰ ਪਰਤ ਸਕਦੇ ਹਨ।
ਇਸੇ ਸਮੇਂ ਕੈਨੇਡਾ ਪਨਾਹ ਹਾਸਲ ਕਰਨ ਲਈ ਦਾਖਲ ਹੋਣ ਵਾਲਿਆਂ ਵਿੱਚ ਸੱਭ ਤੋਂ ਵੱਧ ਗਿਣਤੀ ਨਾਈਜੀਰੀਆਈ ਲੋਕਾਂ ਦੀ ਹੀ ਹੈ। ਪਹਿਲਾਂ ਵੀ ਇਸ ਤਰ੍ਹਾਂ ਦੇ ਸੁਨੇਹੇ ਦੇਣ ਲਈ ਫੈਡਰਲ ਸਰਕਾਰ ਵੱਲੋਂ ਮੰਤਰੀਆਂ ਨੂੰ ਹਾਇਤੀ ਤੇ ਸੈਂਟਰਲ ਅਮੈਰਿਕਾ ਦੀਆਂ ਕਮਿਊਨਿਟੀਜ਼ ਤੱਕ ਭੇਜਿਆ ਗਿਆ ਸੀ।