ਅਪਰੇਸ਼ਨ ਬਲਿਊ ਸਟਾਰ ਦੀ ਬਰਸੀ ਦੇ ਕਾਰਨ ਪੰਜਾਬ ਪੁਲਸ ਹਰ ਪੱਖੋਂ ਚੌਕਸ ਵਿਖਾਈ ਦੇਣ ਲੱਗੀ


ਚੰਡੀਗੜ੍ਹ, 4 ਜੂਨ (ਪੋਸਟ ਬਿਊਰੋ)- ਇਸ ਸੱਤ ਜੂਨ ਨੂੰ ਅਪਰੇਸ਼ਨ ਬਲਿਊ ਸਟਾਰ ਦੀ ਬਰਸੀ ਮੌਕੇ ਸਿੱਖ ਸੰਗਠਨਾਂ ਵੱਲੋਂ ਅੰਮ੍ਰਿਤਸਰ ਵਿੱਚ ਕੀਤੇ ਜਾਣ ਵਾਲੇ ਰੋਸ ਪ੍ਰਗਟਾਵੇ ਬਾਰੇ ਪੰਜਾਬ ਪੁਲਸ ਅਲਰਟ ਰੱਖੀ ਗਈ ਅਤੇ ਇੰਟੈਲੀਜੈਂਸ ਵਿੰਗ ਨੂੰ ਪੂਰੀ ਤਰ੍ਹਾਂ ਸਰਗਰਮ ਰਹਿੰਦੇ ਹੋਏ ਇਨਪੁਟਸ ਦੇਣ ਨੂੰ ਕਿਹਾ ਗਿਆ ਹੈ ਤਾਂ ਕਿ ਕਿਸੇ ਅਣਸੁਖਾਵੀਂ ਕਾਰਵਾਈ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਜ਼ਿਲ੍ਹਾ ਪੁਲਸ ਅਧਿਕਾਰੀਆਂ ਨੂੰ ਆਪੋ-ਆਪਣੇ ਇਲਾਕੇ ਵਿੱਚ ਸਭ ਤਰ੍ਹਾਂ ਦੀਆਂ ਸਰਗਰਮੀਆਂ ਦੀ ਲਗਾਤਾਰ ਨਿਗਰਾਨੀ ਕਰਨ ਲਈ ਵੀ ਕਿਹਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਛੇ ਜੂਨ ਨੂੰ ਹੋਣ ਵਾਲੇ ਇਕੱਠ ਦੇ ਸੰਬੰਧ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਸੰਗਤ ਨੂੰ ਸ਼ਾਂਤੀ ਰੱਖ ਕੇ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ, ਪਰ ਪੰਜਾਬ ਪੁਲਸ ਪਿਛਲੇ ਇੱਕ ਸਾਲ ਦੌਰਾਨ ਫੜੇ ਗਏ ਖਾਲਿਸਤਾਨ ਸਮਰਥਕਾਂ ਦੇ ਕਾਰਨ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਸੀਨੀਅਰ ਪੁਲਸ ਅਫਸਰਾਂ ਵੱਲੋਂ ਇੰਟੈਲੀਜੈਂਸ ਵਿੰਗ ਰਾਹੀਂ ਪਿਛਲੇ ਕੁਝ ਦਿਨਾਂ ਤੋਂ ਸਮਾਰੋਹ ਦੇ ਆਯੋਜਕਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ, ਖਾਸ ਕਰ ਕੈਨੇਡਾ, ਜਰਮਨੀ ਅਤੇ ਹੋਰ ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਵੇਰਵੇ ਫੋਲੇ ਜਾ ਰਹੇ ਹਨ ਤਾਂ ਕਿ ਸ਼ਰਧਾਲੂਆਂ ਦੀ ਆੜ ਵਿੱਚ ਤੱਤੇ ਅਨਸਰ ਸਮਾਰੋਹ ਸਥਾਨ ਤੱਕ ਨਾ ਜਾ ਸਕਣ। ਪੁਲਸ ਦੇ ਉਚ ਅਧਿਕਾਰੀਆਂ ਮੁਤਾਬਕ ਪਿਛਲੇ ਕਰੀਬ 33 ਸਾਲਾਂ ਤੋਂ ਜੂਨ ਦੇ ਪਹਿਲੇ ਹਫਤੇ ਵਿੱਚ ਪੰਜਾਬ ਪੁਲਸ ਦਾ ਕੰਮ ਵਧ ਜਾਂਦਾ ਹੈ, ਪਰ ਇਸ ਵਾਰ ਇੱਕ ਜੂਨ ਨੂੰ ਫਰੀਦਕੋਟ ਵਿੱਚ ਹੋਏ ‘ਪੰਥਕ ਇਕੱਠ’ ਦੇ ਕਾਰਨ ਪੰਜਾਬ ਪੁਲਸ ਦੇ ਸਾਰੇ ਯੂਨਿਟ ਪਹਿਲਾਂ ਤੋਂ ਅਲਰਟ ਹਨ। ਅੰਮ੍ਰਿਤਸਰ ਵਿੱਚ ਕਿਸੇ ਆਯੋਜਨ ਬਾਰੇ ਪੁਲਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਫੋਰਸ ਦਾ ਮੁੱਲੰਕਣ ਕਰ ਕੇ ਜ਼ਰੂਰਤ ਦੇ ਮੁਤਾਬਕ ਪੁਲਸ ਜ਼ਿਲ੍ਹਾ ਬਟਾਲਾ, ਤਰਨ ਤਾਰਨ, ਗੁਰਦਾਸਪੁਰ ਅਤੇ ਪੀ ਏ ਪੀ ਤੋਂ ਹੋਰ ਪੁਲਸ ਲੈਣ ਲਈ ਕਿਹਾ ਗਿਆ ਹੈ। ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਨੇ ਬੀਤੇ ਦਿਨੀਂ ਖੁਦ ਅੰਮ੍ਰਿਤਸਰ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਸੀ।