ਅਨੁਸ਼ਕਾ ਦੀ ‘ਜ਼ੀਰੋ’ ਲੁੱਕ ਉੱਤੇ ਪਹਿਰਾ


ਪਿੱਛੇ ਜਿਹੇ ਫਿਲਮ ‘ਜ਼ੀਰੋ’ ਦੇ ਸੈੱਟ ਉੱਤੇ ਕੈਟਰੀਨਾ ਕੈਫ ਨੇ ਕਾਂਜੀਵਰਮ ਸਾੜ੍ਹੀ ‘ਚ ਆਪਣੀ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ। ਫਿਲਮ ਵਿੱਚ ਬੌਣੇ ਦਾ ਰੋਲ ਨਿਭਾ ਰਿਹਾ ਸ਼ਾਹਰੁਖ ਖਾਨ ਵੀ ਸੈੱਟ ਤੋਂ ਕਈ ਫੋਟੋ ਸ਼ੇਅਰ ਕਰ ਚੁੱਕਾ ਹੈ। ਫਿਲਮ ਦੀ ਦੂਜੀ ਹੀਰੋਇਨ ਅਨੁਸ਼ਕਾ ਸ਼ਰਮਾ ਦੀ ਲੁੱਕ ਵਿੱਚ ਹੁਣ ਤੱਕ ਕੋਈ ਫੋਟੋ ਸਾਹਮਣੇ ਨਹੀਂ ਆਈ। ਅਨੁਸ਼ਕਾ ਵੀ ਸ਼ੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ, ਪਰ ਉਸ ਨੇ ਫਿਲਮ ਬਾਰੇ ਕੁਝ ਵੀ ਪੋਸਟ ਨਹੀਂ ਕੀਤਾ। ਇਸ ਦਾ ਕਾਰਨ ਜਾਣਕਾਰ ਸੂਤਰ ਦੱਸਦੇ ਹਨ ਕਿ ਫਿਲਮ ਵਿੱਚ ਉਸ ਦੀ ਲੁੱਕ ਨੂੰ ਲੁਕਾਈ ਰੱਖਣ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸੂਤਰ ਅਨੁਸਾਰ ਅਨੁੁਸ਼ਕਾ ਦੀ ਵੈਨਿਟੀ ਵੈਨ ਸੈੱਟ ਉੱਤੇ ਅਜਿਹੀ ਜਗ੍ਹਾ ਪਾਰਕ ਕੀਤੀ ਗਈ ਹੈ, ਜਿੱਥੇ ਉਹ ਬਿਨਾਂ ਕਿਸੇ ਦੀਆਂ ਨਜ਼ਰਾਂ ‘ਚ ਆਏ ਆਸਾਨੀ ਨਾਲ ਸੈੱਟ ‘ਤੇ ਪਹੁੰਚ ਸਕਦੀ ਹੈ। ਇਹੋ ਨਹੀਂ, ਆਪਣੀ ਲੁਕ ਨੂੰ ਲੁਕਾਉਣ ਲਈ ਉਹ ਸੈੱਟ ਤੱਕ ਆਉਂਦੇ ਅਤੇ ਪਰਤਦੇ ਸਮੇਂ ਸਿਰ ਤੋਂ ਪੈਰ ਤੱਕ ਕੱਪੜੇ ਵਿੱਚ ਢਕੀ ਹੁੰਦੀ ਹੈ। ਜਿਸ ਦਿਨ ਉਸ ਦੀ ਸ਼ੂਟਿੰਗ ਹੁੰਦੀ ਹੈ, ਸਕਿਓਰਿਟੀ ਵਾਲਿਆਂ ਨੂੰ ਇਸ ਗੱਲ ‘ਤੇ ਨਜ਼ਰ ਰੱਖਣ ਦੀ ਸਖਤ ਹਦਾਇਤ ਦਿੱਤੀ ਗਈ ਹੈ ਕਿ ਸੈੱਟ ‘ਤੇ ਕੋਈ ਵੀ ਆਪਣੇ ਮੋਬਾਈਲ ਦਾ ਇਸਤੇਮਾਲ ਨਾ ਕਰੇ। ਉਸ ਦੀ ਲੁੱਕ ਹੀ ਨਹੀਂ, ਫਿਲਮ ‘ਚ ਉਸ ਦੇ ਰੋਲ ਨੂੰ ਵੀ ਲੁਕੋ ਕੇ ਰੱਖਿਆ ਗਿਆ ਹੈ। ਅਜਿਹੇ ਕਿਆਸ ਹਨ ਕਿ ਫਿਲਮ ‘ਚ ਉਹ ਇੱਕ ਵਿਗਿਆਨਕ ਦੇ ਰੋਲ ਵਿੱਚ ਦਿਖਾਈ ਦੇਵੇਗੀ।
ਸੂਤਰ ਅਨੁਸਾਰ ਫਿਲਮ ਦੀ ਸ਼ੂਟਿੰਗ ਦਾ ਕੋਈ ਵੀ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ ਦੋ ਦਿਨ ਉਹ ਆਪਣੇ ਕਿਰਦਾਰ ‘ਚ ਉਤਰਨ ਲਈ ਵਿਸ਼ੇਸ਼ ਤਿਆਰੀ ਕਰਦੀ ਹੈ। ਆਪਣੀ ਲੁਕ ‘ਚ ਆਉਣ ਅਤੇ ਉਸ ਨੂੰ ਉਤਾਰਨ ‘ਚ ਉਸ ਨੂੰ ਪੰਜ ਘੰਟੇ ਲੱਗਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਫਿਲਮ ‘ਚ ਉਸ ਦੀ ਲੁੱਕ ਤਿਆਰ ਕਰਨ ਲਈ ਪ੍ਰੋਸਥੈਟਿਕਸ (ਨਕਲੀ ਚਿਹਰੇ) ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇੱਕ ਟੌਪ ਪ੍ਰੋਸਥੈਟਿਕ ਆਰਟਿਸ ਕਲੋਵਰ ਵੁੱਟਨ ਫਿਲਮ ਲਈ ਉਸ ਦੀ ਲੁੱਕ ‘ਤੇ ਮਿਹਨਤ ਕਰ ਰਿਹਾ ਹੈ।