ਅਨਿਲ ਅਗਰਵਾਲ ਨੇ ਐਂਗਲੋ ਅਮਰੀਕਨ ਦੇ 240 ਕਰੋੜ ਡਾਲਰ ਦੇ ਸ਼ੇਅਰ ਖਰੀਦੇ

anil aggrwal
ਲੰਡਨ, 18 ਮਾਰਚ (ਪੋਸਟ ਬਿਊਰੋ)- ਮਾਈਨਿੰਗ ਖੇਤਰ ਦੇ ਸਨਅਤਕਾਰ ਅਨਿਲ ਅਗਰਵਾਲ ਨੇ ਕੱਲ੍ਹ ਹੈਰਾਨ ਕਰਨ ਵਾਲਾ ਸੌਦਾ ਕੀਤਾ। ਉਨ੍ਹਾਂ ਨੇ ਦੱਖਣੀ ਅਫਰੀਕਾ ਦੀ ਐਂਗਲੋ ਅਮਰੀਕਨ ਪੀ ਐਲ ਸੀ ਵਿੱਚ 240 ਕਰੋੜ ਡਾਲਰਦੇ ਸ਼ੇਅਰ ਖਰੀਦੇ ਹਨ। ਇਸ ਨਾਲ ਅਨਿਲ ਅਗਰਵਾਲ ਦੀ ਹੀਰਿਆ ਦੇ ਮਾਈਨਿੰਗ ਕਾਰੋਬਾਰ ਵਿੱਚ ਪਕੜ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਪੰਜ ਚੋਟੀ ਦੀਆਂ ਖੁਦਾਈ ਕੰਪਨੀਆਂ ਵਿੱਚ ਸ਼ਾਮਲ ਅਂੈਗਲੋ ਅਮੈਰੀਕਨ ਹੀਰਿਆਂ ਦਾ ਉਤਪਾਦਨ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਡੀ ਡੀਅਰਸ ਦੀ ਮਾਲਕ ਹੈ। ਡੀ ਬੀਅਰਸ ਸਲਾਨਾ ਤਿੰਨ ਕਰੋੜ ਕੈਰੇਟ ਦਾ ਉਤਪਾਦਨ ਕਰਦੀ ਹੈ, ਜੋ ਦੁਨੀਆ ਵਿੱਚ ਬਿਨਾ ਤਰਾਸ਼ੇ ਹੀਰਿਆਂ ਦਾ 35 ਫੀਸਦੀ ਹੈ। ਰੌਚਕ ਗੱਲ ਇਹ ਹੈ ਕਿ ਕਰੀਬ ਇਕ ਸਾਲ ਪਹਿਲਾ ਐਂਗਲੋ ਨੇ ਵੇਦਾਂਤਾ ਰਿਸੋਰਸਜ ਵੱਲੋਂ ਲਿਆਂਦੇ ਵਿਲਯ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਬਿਹਾਰ ਵਿੱਚ ਜੰਮੇ-ਪਲੇ ਪ੍ਰਵਾਸੀ ਭਾਰਤੀ ਅਨਿਲ ਅਗਰਵਾਲ ਹੀ ਵੇਦਾਂਤਾ ਰਿਸੋਰਸਜ ਦੇ ਚੇਅਰਮੈਨ ਹਨ।
ਅਗਰਵਾਲ ਪਰਵਾਰ ਦੇ ਟਰੱਸਟ ਦੀ ਪੂਰੀ ਮਾਲਕੀ ਵਾਲੀ ਕੰਪਨੀ ਵਾਲਕੈਨ ਇੰਵੈਸਟਮੈਂਟਸ ਵੱਲੋਂ ਕੀਤੇ ਗਏ ਇਸ ਪੂੰਜੀ ਨਿਵੇਸ਼ ਨਾਲ ਅਗਰਵਾਲ ਨੂੰ ਐਂਗਲੋ ਵਿੱਚ ਕਰੀਬ 12 ਤੋਂ 13 ਫੀਸਦੀ ਦੀ ਹਿਸੇਦਾਰੀ ਮਿਲੇਗੀ। ਇਸ ਨਾਲ ਉਹ ਦੱਖਣੀ ਅਫਰੀਕਾ ਦਾ ਪਬਲਿਕ ਇੰਵੈਸਟਮੈਂਟ ਕਾਰਪ ਦੇ ਬਾਅਦ ਕੰਪਨੀ ਵਿੱਚ ਦੂਸਰੇ ਸਭ ਤੋਂ ਵੱਡੇ ਸ਼ੇਅਰ ਧਾਰਕ ਹੋ ਜਾਣਗੇ। ਸਾਫ ਕੀਤਾ ਗਿਆ ਹੈ ਕਿ ਇਹ ਵੇਦਾਂਤਾ ਰਿਸੋਰਸੇਜ ਗਰੁੱਪ ਦੇ ਮੁਖੀ ਅਨਿਲ ਅਗਰਵਾਲ ਦਾ ਇਹ ਨਿੱਜੀ ਨਿਵੇਸ਼ ਹੈ। ਅਨਿਲ  ਅਗਰਵਾਲ ਨੇ ਦੱਸਿਆ ਕਿ ਇਹ ਖਰੀਦ ਉਨ੍ਹਾਂ ਦੇ ਪਰਵਾਰ ਦਾ ਨਿਵੇਸ਼ ਹੈ ਤੇ ਉਹ ਇਸ ਨੂੰ ਐਕਵਾਇਰ ਦਾ ਯਤਨ ਨਹੀਂ ਕਰਨਗੇ, ਪਰ ਵਿੱਤੀ ਗਤੀਵਿਧੀਆਂ ਦੇ ਕੇਂਦਰ ਲੰਡਨ ਵਿੱਚ ਅਜਿਹੀਆਂ ਔਕੜਾ ਹਨ ਕਿ ਇਹ ਐਕਵਾਇਰ ਦੀ ਹੀ ਕੋਸ਼ਿਸ਼ ਹੈ। ਬ੍ਰਿਟੇਨ ਦੀਆਂ ਸਾਰੀਆਂ ਅਖਬਾਰਾਂ ਵਿੱਚ ਵੀ ਇਸ ਨੂੰ ‘ਰੇਡ’ (ਛਾਪੇਮਾਰੀ) ਅਤੇ ‘ਸ਼ੇਅਰ ਗ੍ਰੈਬ’ (ਸ਼ੇਅਰ ਹੜੱਪਣਾ) ਦੱਸਿਆ ਜਾ ਰਿਹਾ ਹੈ। ਡੀ ਬੀਅਰਸ ਦੇ ਹੀਰੇ ਭਾਰਤ ਦੇ ਸੂਰਤ ਅਤੇ ਮੁੰਬਈ ਦੇ ਸੈਕੰਡਰੀ ਬਾਜ਼ਾਰ ਵਿੱਚ ਜਾਂਦੇ ਹਨ। ਉਥੇ ਉਨ੍ਹਾਂ ਨੂੰ ਛੋਟੇ ਤੇ ਦਰਮਿਆਨੇ ਹੀਰਾ ਵਪਾਰੀਆਂ ਦੇ ਨਾਲ ਵੱਡੀਆਂ ਕੰਪਨੀਆਂ ਨੂੰ ਵੀ ਵੇਚਿਆ ਜਾਂਦਾ ਹੈ।