ਅਨਾਥ

-ਕਮਲ ਕਾਂਤ ਮੋਦੀ
ਉਦੋਂ ਬਸ਼ੀਰਾ ਛੋਟਾ ਟੈਂਪੂ ਚਲਾਉਂਦਾ ਸੀ। ਉਂਜ ਉਸ ਦਾ ਨਾਂ ਬਸ਼ੀਰ ਖਾਨ ਸੀ, ਪਰ ਸਭ ਉਸ ਨੂੰ ਬਸ਼ੀਰਾ ਹੀ ਸੱਦਦੇ। ਸ਼ਾਇਦ ਗਰੀਬ ਹੋਣ ਕਰਕੇ। ਉਸ ਦਾ ਕੱਦ ਕਾਠੀ ਤੇ ਸਿਹਤ ਦੇਖ ਕੇ ਸਾਰੇ ਉਸ ਤੋਂ ਡਰਦੇ ਸਨ ਤੇ ਕੁਝ ਡਰ ਸ਼ਾਇਦ ਇਸ ਕਰਕੇ ਵੀ ਲੱਗਦਾ ਸੀ ਕਿ ਉਹ ਮੁਸਲਮਾਨ ਸੀ। ਸਰੀਰ ਦਾ ਤਕੜਾ ਹੋਣ ਕਰਕੇ ਉਹ ਟੈਂਪੂ ਵਿੱਚ ਮਾਲ ਖੁਦ ਹੀ ਚੜ੍ਹਾਉਂਦਾ ਤੇ ਲਾਹੁੰਦਾ ਸੀ। ਬਸ਼ੀਰਾ ਹਰ ਰੋਜ਼ ਮਾਲੇਰ ਕੋਟਲੇ ਸਬਜ਼ੀ ਮੰਡੀ ਤੋਂ ਸਬਜ਼ੀ ਤੇ ਫਲ ਫਰੂਟ ਲੈ ਕੇ ਲੁਧਿਆਣੇ ਮੰਡੀ ਵਿੱਚ ਜਾਂਦਾ ਸੀ। ਦਾੜ੍ਹੀ ਮੁੱਛਾਂ ਤੇ ਵੱਡੀਆਂ-ਵੱਡੀਆਂ ਅੱਖਾਂ ਨਾਲ ਉਸ ਦਾ ਚਿਹਰਾ ਹੋਰ ਡਰਾਉਣਾ ਲੱਗਦਾ, ਪਰ ਆਪਣੇ ਸਰੀਰ ਤੋਂ ਉਲਟ ਉਹ ਬੜਾ ਮਿੱਠ ਬੋਲੜਾ, ਸ਼ਰੀਫ ਤੇ ਨਿਮਰਤਾ ਵਾਲਾ ਸੀ। ਕਦੇ ਕਿਸੇ ਨੂੰ ਮੰਦਾ ਨਹੀਂ ਸੀ ਬੋਲਦਾ। ਗਰੀਬੀ ਦੇ ਬਾਵਜੂਦ ਉਹ ਕਦੇ ਉਦਾਸ ਨਹੀਂ ਸੀ ਹੁੰਦਾ। ਸਭ ਨੂੰ ਜੀ-ਜੀ ਕਰਕੇ ਬੋਲਦਾ। ਮਾਲੇਰ ਕੋਟਲੇ ਤੇ ਲੁਧਿਆਣਾ ਦੀ ਮੰਡੀ ਵਿੱਚ ਸਭ ਉਸ ਨੂੰ ਪਿਆਰ ਕਰਦੇ ਸਨ। ਇਮਾਨਦਾਰ ਵੀ ਹੱਦ ਦਰਜੇ ਦਾ ਸੀ। ਵਪਾਰੀ ਆਪਣਾ ਮਾਲ ਉਸ ਦੇ ਹੱਥ ਭੇਜ ਕੇ ਸੁਰਖਰੂ ਹੋ ਜਾਂਦੇ। ਕਦੇ ਕਿਸੇ ਦਾ ਮਾਲ ਇੱਧਰ ਉਧਰ ਨਹੀਂ ਸੀ ਹੁੰਦਾ। ਨਾ ਹੀ ਕਦੇ ਕੋਈ ਹੇਰਾਫੇਰੀ ਹੋਈ ਸੀ। ਸਵੇਰ ਦੀ ਨਮਾਜ਼ ਪੜ੍ਹ ਕੇ ਉਹ ਮੰਡੀ ਚਲਾ ਜਾਂਦਾ। ਮੰਡੀ ਵਿੱਚੋਂ ਮਾਲ ਚੁੱਕ ਕੇ ਲੁਧਿਆਣੇ ਜਾਣਾ ਤੇ ਉਥੇ ਮੰਡੀ ਵਿੱਚ ਸਭ ਦਾ ਮਾਲ ਭੁਗਤਾ ਕੇ ਵਾਪਸ ਆਉਂਦਿਆਂ ਉਸ ਨੇ ਰਸਤੇ ਦੀਆਂ ਸਵਾਰੀਆਂ ਬਿਠਾ ਲਿਆਉਣੀਆਂ। ਬਸ਼ੀਰੇ ਦੇ ਨਿਕਾਹ ਨੂੰ ਤਿੰਨ ਸਾਲ ਹੋ ਗਏ, ਪਰ ਨਾਸਰਾਂ ਦੀ ਕੁੱਖ ਅਜੇ ਹਰੀ ਨਹੀਂ ਸੀ ਹੋਈ। ਸ਼ਰੀਕੇ ਅਤੇ ਆਲੇ ਦੁਆਲੇ ਦੀਆਂ ਔਰਤਾਂ ਮਿਹਣੇ ਦਿੰਦੀਆਂ, ਪਰ ਜਦੋਂ ਉਹ ਬਸ਼ੀਰੇ ਨੂੰ ਇਸ ਬਾਰੇ ਦੱਸਦੀ ਤਾਂ ਉਹ ਕਹਿੰਦਾ, ‘ਤੂੰ ਚਿੰਤਾ ਨਾ ਕਰਿਆ ਕਰ, ਐਵੇਂ ਲੋਕ ਬੋਲਦੇ ਨੇ। ਅੱਲ੍ਹਾ ‘ਤੇ ਭਰੋਸਾ ਰੱਖ। ਉਹਦੇ ਘਰ ਦੇਰ ਹੈ, ਹਨੇਰ ਨਹੀਂ।’ ਨਾਸਰਾਂ ਖਾਵੰਦ ਦੀਆਂ ਤਸੱਲੀਆਂ ਤੋਂ ਹੌਸਲੇ ਨਾਲ ਭਰ ਜਾਂਦੀ ਤੇ ਇੰਜ ਹੀ ਵਕਤ ਲੰਘਦਾ ਜਾ ਰਿਹਾ ਸੀ।
ਰੋਜ਼ ਵਾਂਗ ਇਕ ਦਿਨ ਬਸ਼ੀਰਾ ਲੁਧਿਆਣੇ ਮਾਲ ਛੱਡ ਕੇ ਵਾਪਸ ਘਰ ਆਇਆ ਤਾਂ ਟੈਂਪੂ ਵਿੱਚ ਇਕ ਛੋਟਾ ਜਿਹਾ ਬੱਚਾ ਵੇਖ ਕੇ ਡਰ ਗਿਆ। ਉਸ ਨੂੰ ਉਤਾਰਿਆ ਅਤੇ ਉਸ ਦਾ ਨਾਂ ਪੁੱਛਿਆ, ਪਰ ਬੱਚਾ ਕੁਝ ਨਾ ਦੱਸ ਸਕਿਆ। ਸ਼ਾਇਦ ਉਹ ਕੁਝ ਦੱਸਣ ਯੋਗ ਨਹੀਂ ਸੀ। ਉਹ ਬੜਾ ਛੋਟਾ ਸੀ। ਉਸ ਨੂੰ ਘਰ ਅੰਦਰ ਲੈ ਗਿਆ। ਬੀਵੀ ਨੇ ਉਸ ਬੱਚੇ ਬਾਰੇ ਪੁੱਛਿਆ ਤਾਂ ਬਸ਼ੀਰੇ ਨੂੰ ਖੁਦ ਨਹੀਂ ਸੀ ਪਤਾ ਕਿ ਉਹ ਕੀ ਦੱਸੇ। ਨਾਸਰਾਂ ਨੂੰ ਇਕ ਵਾਰ ਲੱਗਾ ਕਿ ਸ਼ਾਇਦ ਅੱਲ੍ਹਾ ਨੇ ਉਸ ਦੀ ਝੋਲੀ ਵਿੱਚ ਇਕ ਲਾਲ ਪਾ ਦਿੱਤਾ ਹੈ, ਪਰ ਬਸ਼ੀਰੇ ਨੇ ਕਿਹਾ ਕਿ ਨਹੀਂ, ਪਤਾ ਨਹੀਂ ਕਿਸ ਦੀ ਅਮਾਨਤ ਹੈ। ਮੀਆਂ ਬੀਵੀ ਸਾਰੀ ਰਾਤ ਚਿੰਤਾ ਵਿੱਚ ਸੌਂ ਨਾ ਸਕੇ। ਸਵੇਰੇ ਉਸੇ ਤਰ੍ਹਾਂ ਬਸ਼ੀਰਾ ਲੁਧਿਆਣੇ ਗਿਆ, ਮਾਲ ਉਤਾਰਨ ਦੇ ਨਾਲ-ਨਾਲ ਉਹ ਉਸ ਬੱਚੇ ਨੂੰ ਨਾਲ ਲੈ ਕੇ ਦੁਕਾਨਾਂ ‘ਤੇ ਫਿਰਦਾ ਰਿਹਾ। ਸਭ ਨੂੰ ਪੁੱਛਦਾ ਕਿ ਕੀ ਉਹ ਇਸ ਬੱਚੇ ਨੂੰ ਜਾਣਦੇ ਹਨ? ਉਸ ਦੇ ਨਾਂ ਬਾਰੇ ਪੁੱਛਿਆ, ਪਰ ਕਿਸੇ ਨੇ ਬਾਂਹ ਨਾ ਫੜੀ। ਇੰਜ ਕਈ ਦਿਨ ਉਹ ਧੱਕੇ ਖਾਂਦਾ ਰਿਹਾ, ਪਰ ਕੁਝ ਹੱਥ ਪੱਲੇ ਨਾ ਪਿਆ। ਆਖਰ ਰੱਬ ਦੀ ਸੌਗਾਤ ਸਮਝ ਕੇ ਮੀਆਂ ਬੀਵੀ ਨੇ ਉਸ ਨੂੰ ਆਪਣਾ ਪੁੱਤਰ ਬਣਾ ਕੇ ਰੱਖਣ ਦਾ ਫੈਸਲਾ ਕੀਤਾ। ਜਿਸ ਦਿਨ ਬੱਚਾ ਉਸ ਦੇ ਘਰ ਆਇਆ ਸੀ, ਉਸ ਦੇ ਗਲ ਵਿੱਚ ਸ਼ੇਰਾਂ ਵਾਲੀ ਮਾਤਾ ਦਾ ਲਾਕੇਟ ਸੀ। ਇਸ ਤੋਂ ਇਹ ਪਤਾ ਲੱਗ ਗਿਆ ਸੀ ਕਿ ਉਹ ਹਿੰਦੂਆਂ ਦਾ ਮੁੰਡਾ ਸੀ।
ਬਸ਼ੀਰੇ ਦੇ ਘਰ ਜਿਵੇਂ ਰੌਸ਼ਨੀ ਹੋ ਗਈ। ਉਹ ਉਸ ਦਾ ਪਾਲਣ ਪੋਸ਼ਣ ਆਪਣੇ ਵਿੱਤੋਂ ਵਧ ਕੇ ਕਰਨ ਲੱਗੇ। ਉਸ ਦਾ ਨਾਂ ਸੂਰਜ ਕੁਮਾਰ ਰੱਖਿਆ। ਉਸ ਦੇ ਆਉਣ ਨਾਲ ਜਿਵੇਂ ਨਾਸਰਾਂ ਨੂੰ ਕੰਮ ਲੱਭ ਗਿਆ। ਪਹਿਲਾਂ ਉਹ ਸਾਰਾ ਦਿਨ ਵਿਹਲੀ ਰਹਿੰਦੀ ਸੀ, ਹੁਣ ਉਸ ਨੂੰ ਵਿਹਲ ਨਾ ਮਿਲਦੀ। ਉਹ ਸੂਰਜ ਲਈ ਖਾਣ ਪੀਣ ਦੇ ਓਹੜ ਪੋਹੜ ਵਿੱਚ ਲੱਗੀ ਰਹਿੰਦੀ। ਉਸ ਨੂੰ ਨਹਾ ਧੁਆ ਕੇ ਸੋਹਣੇ ਕੱਪੜੇ ਪਾ ਕੇ, ਕਾਲਾ ਟਿੱਕਾ ਲਾ ਕੇ ਰੱਖਦੀ। ਬਸ਼ੀਰੇ ਨੂੰ ਵੀ ਹੁਣ ਘਰ ਆਉਣ ਦੀ ਕਾਹਲੀ ਹੁੰਦੀ। ਦੇਰ ਰਾਤ ਤੱਕ ਦੋਵੇਂ ਉਸ ਨੂੰ ਲਾਡ ਕਰਦੇ। ਬੱਚਾ ਵੀ ਉਨ੍ਹਾਂ ਵਿੱਚ ਰਿਚ ਮਿਚ ਗਿਆ ਸੀ। ਵਕਤ ਲੰਘਦਾ ਗਿਆ ਤੇ ਨਾਸਰਾਂ ਦੀ ਆਪਣੀ ਕੁੱਖ ਵੀ ਹਰੀ ਹੋ ਗਈ ਤੇ ਇਕ ਪੁੱਤਰ ਦਾ ਜਨਮ ਹੋਇਆ।
ਸੂਰਜ ਨੂੰ ਸਕੂਲ ਪੜ੍ਹਨੇ ਪਾਇਆ। ਦਾਖਲਾ ਫਾਰਮ ਵਿੱਚ ਸੂਰਜ ਕੁਮਾਰ ਪੁੱਤਰ ਬਸ਼ੀਰ ਖਾਨ ਅਤੇ ਨਾਸਰਾਂ ਭਰਿਆ ਦੇਖ ਕੇ ਸਾਰੇ ਹੈਰਾਨ ਸਨ, ਪਰ ਪੁੱਛ ਕੁਝ ਨਹੀਂ ਸਕੇ। ਪੜ੍ਹਨ ਵਿੱਚ ਉਹ ਚੰਗਾ ਹੁਸ਼ਿਆਰ ਸੀ। ਜਮਾਤ ਵਿੱਚੋਂ ਅੱਵਲ ਆਉਂਦਾ। ਹਰ ਵਾਰ ਉਸ ਦਾ ਨਤੀਜਾ ਦੇਖ ਕੇ ਮਾਪੇ ਬੜੇ ਖੁਸ਼ ਹੁੰਦੇ।
ਹੁਣ ਬਸ਼ੀਰਾ ਭੱਜ-ਭੱਜ ਕੇ ਵੱਧ ਕੰਮ ਕਰਦਾ। ਆਪਣੇ ਬੱਚਿਆਂ ਲਈ ਉਹ ਵੱਧ ਪੈਸੇ ਕਮਾਉਣੇ ਚਾਹੁੰਦਾ ਸੀ ਕਿਉਂਕਿ ਉਹ ਤੇ ਉਸ ਦੀ ਬੀਵੀ ਆਪ ਭਾਵੇਂ ਅਨਪੜ੍ਹ ਸਨ, ਪਰ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਸਨ। ਟੈਂਪੂ ਵੇਚ ਕੇ ਉਸ ਨੇ ਬੈਂਕ ਤੋਂ ਥੋੜ੍ਹਾ ਕਰਜ਼ਾ ਲੈ ਕੇ ਟਰੱਕ ਖਰੀਦ ਲਿਆ। ਬਸ਼ੀਰਾ ਹੋਰ ਵੱਧ ਮਾਲ ਪਾ ਕੇ ਲੈ ਜਾਂਦਾ। ਇਸ ਤਰ੍ਹਾਂ ਉਹ ਵੱਧ ਪੈਸੇ ਕਮਾਉਣ ਲੱਗ ਪਿਆ ਸੀ।
ਜਦੋਂ ਸੂਰਜ ਥੋੜ੍ਹਾ ਵੱਡਾ ਹੋਇਆ ਤਾਂ ਬਸ਼ੀਰੇ ਨੇ ਉਸ ਨੂੰ ਆਪਣੇ ਕੋਲ ਬਿਠਾ ਕੇ ਉਸ ਬਾਬਤ ਸਾਰੀ ਗੱਲ ਦੱਸੀ ਕਿ ਕਿਵੇਂ ਉਹ ਲੁਧਿਆਣਾ ਦੀ ਮੰਡੀ ਵਿੱਚੋਂ ਉਸ ਦੇ ਟੈਂਪੂ ਵਿੱਚ ਬੈਠ ਕੇ ਆਇਆ ਸੀ, ਪਰ ਸੂਰਜ ਨੂੰ ਇਸ ਬਾਰੇ ਕੁਝ ਯਾਦ ਨਹੀਂ ਸੀ। ਜਦੋਂ ਦੀ ਉਸ ਨੇ ਸੁਰਤ ਸੰਭਾਲੀ ਸੀ, ਉਹ ਬਸ਼ੀਰੇ ਨੂੰ ਆਪਣਾ ਪਿਓ ਤੇ ਨਾਸਰਾਂ ਨੂੰ ਹੀ ਆਪਣੀ ਮਾਂ ਸਮਝਦਾ ਆ ਰਿਹਾ ਸੀ। ਬਸ਼ੀਰੇ ਨੂੰ ਉਸ ਨੂੰ ਉਸ ਦੇ ਗਲੇ ਵਿੱਚ ਮਿਲਿਆ ਦੇਵੀ ਦਾ ਲਾਕਟ ਦਿਖਾਇਆ ਤੇ ਦੱਸਿਆ ਕਿ ਉਸ ਸਮੇਂ ਇਹ ਉਸ ਦੇ ਗਲੇ ਵਿੱਚ ਸੀ ਤੇ ਕਿਹਾ, ‘ਤੂੰ ਹਿੰਦੂਆਂ ਦਾ ਮੁੰਡਾ ਹੈ ਤੇ ਮੈਂ ਮੁਸਲਮਾਨ ਹਾਂ। ਹੁਣ ਤੂੰ ਜੋ ਚਾਹੇਂ, ਬਣ ਸਕਦਾ ਹੈ।’ ਸੂਰਜ ਨੇ ਕਿਹਾ ਕਿ ਉਹ ਸੂਰਜ ਕੁਮਾਰ ਹੀ ਰਹਿਣਾ ਚਾਹੁੰਦਾ ਹੈ, ਪਰ ਉਸ ਦੇ ਮਾਤਾ ਪਿਤਾ ਉਹੀ ਰਹਿਣਗੇ। ਬਸ਼ੀਰੇ ਨੇ ਉਸ ਨੂੰ ਵੱਖ ਕਮਰਾ ਦੇ ਦਿੱਤਾ ਤੇ ਉਸ ਨੂੰ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੀ ਲਿਆ ਦਿੱਤੀਆਂ। ਬਸ਼ੀਰੇ ਦੇ ਘਰ ਵਿੱਚ ਦੋਵੇਂ ਧਰਮ ਨਾਲੋਂ-ਨਾਲ ਚੱਲਣ ਲੱਗੇ।
ਸਮੇਂ ਨਾਲ ਬਸ਼ੀਰੇ ਦੇ ਘਰ ਤਿੰਨ ਹੋਰ ਪੁੱਤਰਾਂ ਨੇ ਜਨਮ ਲਿਆ ਤੇ ਬਸ਼ੀਰਾ ਸਭ ਨੂੰ ਮਾਣ ਨਾਲ ਦੱਸਦਾ ਕਿ ਉਹ ਪੰਜ ਪੁੱਤਰਾਂ, ਪੰਜ ਪਾਂਡਵਾਂ ਦਾ ਪਿਓ ਪਾਂਡੂ ਹੈ। ਉਸ ਦੇ ਸਾਰੇ ਪੁੱਤਰ ਸਾਊ ਹਨ ਤੇ ਵੱਡਾ ਸੂਰਜ ਕੁਮਾਰ ਸੱਚਮੁੱਚ ਯੁਧਿਸ਼ਟਰ ਹੈ। ਉਹ ਸੂਰਜ ਦੀਆਂ ਆਪਣੇ ਸਕੂਲ ਵਿੱਚੋਂ ਅੱਵਲ ਆਉਣ ਦੀਆਂ ਗੱਲਾਂ ਹਰ ਥਾਂ ਹੁੱਬ ਕੇ ਦੱਸਦਾ। ਸਭ ਨੂੰ ਪਤਾ ਸੀ ਕਿ ਸੂਰਜ ਉਸ ਦਾ ਆਪਣਾ ਪੁੱਤਰ ਨਹੀਂ, ਪਰ ਉਹ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਸੀ ਕਰਦਾ। ਜਦੋਂ ਉਸ ਨੂੰ ਸੂਰਜ ਲੱਭਾ ਸੀ ਤਾਂ ਕਈ ਮੁਸਲਿਮ ਪਰਵਾਰਾਂ, ਖਾਸਕਰ ਸ਼ਰੀਕੇ ਵਾਲਿਆਂ ਨੇ ਉਸ ਦਾ ਡੱਟ ਕੇ ਵਿਰੋਧ ਕੀਤਾ ਸੀ ਕਿ ਇਹ ਹਿੰਦੂਆਂ ਦਾ ਮੁੰਡਾ ਹੈ, ਕਾਫਿਰ ਹੈ, ਅਨਾਥ ਹੈ, ਇਸ ਨੂੰ ਕਿਤੇ ਛੱਡ ਆ। ਬਸ਼ੀਰੇ ਨੇ ਕਿਸੇ ਦੀ ਇਕ ਨਹੀਂ ਸੀ ਸੁਣੀ। ਅਨਾਥ ਸ਼ਬਦ ਜਿਵੇਂ ਉਸ ਦੀ ਰੂਪ ਨੂੰ ਚੁਭ ਗਿਆ ਸੀ। ਉਸ ਨੇ ਕਸਮ ਖਾਧੀ ਕਿ ਉਹ ਇਸ ਅਨਾਥ ਦਾ ਅਜਿਹਾ ਨਾਥ ਬਣ ਕੇ ਵਿਖਾਏਗਾ ਕਿ ਲੋਕ ਯਾਦ ਕਰਨਗੇ। ਇਸ ਕਾਰਨ ਕਈਆਂ ਨੇ ਉਸ ਨਾਲ ਬੋਲਚਾਲ ਬੰਦ ਕਰ ਦਿੱਤੀ ਸੀ। ਘਰ ਵਿੱਚ ਗਰੀਬੀ ਦੇ ਬਾਵਜੂਦ ਉਹ ਖੁਦ ਨੂੰ ਬਾਦਸ਼ਾਹ ਸਮਝਦਾ ਸੀ। ਉਸ ਦੇ ਪੰਜੇ ਪੁੱਤਰ ਪੜ੍ਹਾਈ ਵਿੱਚ ਬੜੇ ਵਧੀਆ ਸਨ, ਪਰ ਸੂਰਜ ਸਭ ਤੋਂ ਉਪਰ ਸੀ। ਬਸ਼ੀਰੇ ਨੇ ਉਸ ਲਈ ਕੋਈ ਕਮੀ ਵੀ ਨਹੀਂ ਸੀ ਛੱਡੀ ਤੇ ਨਾਸਰਾਂ ਵੀ ਉਸ ਦੀ ਆਪਣੇ ਚਾਰੇ ਪੁੱਤਰਾਂ ਤੋਂ ਵੱਧ ਸੇਵਾ ਕਰਦੀ। ਯੂਨੀਵਰਸਿਟੀ ਵਿੱਚੋਂ ਅੱਵਲ ਆਉਣ ਉੱਤੇ ਬਸ਼ੀਰੇ ਨੇ ਦਰਗਾਹ ਵਿੱਚ ਚਾਦਰ ਵੀ ਚੜ੍ਹਾਈ ਸੀ।
ਰਮਜ਼ਾਨ ਦਾ ਮਹੀਨਾ ਆਉਂਦਾ ਤਾਂ ਸੂਰਜ ਵੀ ਦੋ ਚਾਰ ਰੋਜ਼ੇ ਜ਼ਰੂਰ ਰੱਖਦਾ। ਸਵੇਰੇ ਘਰਦਿਆਂ ਨਾਲ ਸਹਿਰੀ ਖਾਂਦਾ ਤੇ ਸ਼ਾਮ ਨੂੰ ਇਫਤਾਰੀ ਕਰਦਾ। ਸੂਰਜ ਈਦ ਮਨਾਉਂਦਾ ਤੇ ਈਦ ਵਾਲੇ ਦਿਨ ਨਮਾਜ਼ ਪੜ੍ਹਨ ਵੀ ਜਾਂਦਾ। ਮਿੱਠੀ ਈਦ ਨੂੰ ਸੇਵੀਆਂ ਖਾਂਦਾ, ਬਾਕੀ ਬੱਚਿਆਂ ਵਾਂਗ ਈਦੀ ਇਕੱਠੀ ਕਰਦਾ, ਬੱਕਰੀਦ ਵੀ ਮਨਾਉਂਦਾ, ਪਰ ਬਾਕੀ ਘਰ ਦਿਆਂ ਵਾਂਗ ਮਾਸ ਨਹੀਂ ਸੀ ਖਾਂਦਾ। ਸੂਰਜ ਸ਼ੁੱਧ ਸ਼ਾਕਾਹਾਰੀ ਸੀ ਤੇ ਮਾਸ ਖਾਣ ਲਈ ਘਰ ‘ਚੋਂ ਕਿਸੇ ਨੇ ਉਸ ਨਾਲ ਧੱਕਾ ਵੀ ਨਹੀਂ ਕੀਤਾ। ਉਹ ਨਰਾਤਿਆਂ ਦੇ ਵਰਤ ਵੀ ਰੱਖਦਾ। ਬਸ਼ੀਰੇ ਦੇ ਘਰ ਦੀਵਾਲੀ ਆਮ ਹਿੰਦੂਆਂ ਵਾਂਗ ਮਨਾਈ ਜਾਂਦੀ। ਸੂਰਜ ਦੇ ਕਮਰੇ ਵਿੱਚ ਰੱਖੀਆਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਸਜਾਈਆਂ ਜਾਂਦੀਆਂ, ਘਰ ਵਿੱਚ ਲਾਟੂ ਲੱਗਦੇ, ਦੀਵੇਂ ਜਾਗਦੇ, ਸਾਰਾ ਪਰਵਾਰ ਰਲ ਕੇ ਪੂਜਾ ਵਿੱਚ ਸ਼ਾਮਲ ਹੁੰਦਾ। ਆਪਣੀ ਇਸ ਹਿੰਦੋਸਤਾਨੀ ਤਹਿਜ਼ੀਬ ਵਿੱਚ ਪੂਰਾ ਪਰਵਾਰ ਖੁਸ਼ੀ ਨਾਲ ਸਮਾਂ ਬਿਤਾ ਰਿਹਾ ਸੀ।
ਸਮਾਂ ਲੰਘਦਾ ਗਿਆ ਤੇ ਸੂਰਜ ਆਪਣੀ ਸੀ ਏ ਦੀ ਪੜ੍ਹਾਈ ਪੂਰੀ ਕਰਕੇ ਵਧੀਆ ਨੌਕਰੀ ਲੱਗ ਗਿਆ। ਉਸ ਨੂੰ ਚੰਗੀ ਤਨਖਾਹ ਮਿਲਣ ਲੱਗੀ। ਸੂਰਜ ਨੇ ਆਪਣੀ ਪਹਿਲੀ ਤਨਖਾਹ ਲਿਆ ਕੇ ਬਸ਼ੀਰੇ ਤੇ ਨਾਸਰਾਂ ਨੂੰ ਦਿੱਤੀ ਤਾਂ ਉਨ੍ਹਾਂ ਦੇ ਹੰਝੂ ਵਹਿ ਤੁਰੇ। ਸੂਰਜ ਨੇ ਉਨ੍ਹਾਂ ਦੇ ਪੈਰੀਂ ਹੱਥ ਲਾਏ ਤੇ ਕਿਹਾ ਕਿ ਅੱਜ ਉਹ ਜੋ ਕੁਝ ਵੀ ਹੈ, ਉਨ੍ਹਾਂ ਦੀ ਬਦੌਲਤ ਹੈ। ਸੂਰਜ ਦੀ ਤਨਖਾਹ ਨਾਲ ਘਰ ਦੀ ਹਾਲਤ ਹੋਰ ਵਧੀਆ ਹੋਣ ਲੱਗੀ। ਬਸ਼ੀਰੇ ਦਾ ਆਪਣਾ ਵੱਡਾ ਮੁੰਡਾ ਪੜ੍ਹ ਲਿਖ ਕੇ ਨੌਕਰੀ ਲੱਗ ਗਿਆ। ਉਨ੍ਹਾਂ ਨੇ ਬਸ਼ੀਰੇ ਨੂੰ ਕਿਹਾ ਕਿ ਉਹ ਹੁਣ ਕੰਮ ਛੱਡ ਦੇਵੇ, ਕਿਉਂਕਿ ਉਸ ਦੇ ਪੁੱਤਰ ਕਮਾਉਣ ਲੱਗੇ ਹਨ ਤੇ ਸਾਰੀ ਉਮਰ ਉਸ ਨੇ ਬੜਾ ਕੰਮ ਕੀਤਾ ਹੈ। ਅੰਮੀ ਅਤੇ ਉਹ ਹੁਣ ਆਰਾਮ ਕਰਨ, ਪਰ ਬਸ਼ੀਰਾ ਕੰਮ ਛੱਡਣਾ ਨਹੀਂ ਸੀ ਚਾਹੁੰਦਾ। ਪੁੱਤਰਾਂ ਅੱਗੇ ਉਸ ਦੀ ਕੋਈ ਪੇਸ਼ ਨਾ ਚੱਲੀ ਤੇ ਨਾਸਰਾਂ ਵੀ ਇਹੀ ਚਾਹੁੰਦੀ ਸੀ। ਆਖਰ ਉਸ ਨੇ ਕੰਮ ਛੱਡ ਦਿੱਤਾ।
ਸੂਰਜ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਦੀ ਗੱਲ ਬਸ਼ੀਰੇ ਨੂੰ ਦੱਸੀ। ਬਸ਼ੀਰਾ ਕੁੜੀ ਵਾਲਿਆਂ ਦੇ ਘਰ ਗੱਲ ਪੱਕੀ ਕਰਨ ਲਈ ਗਿਆ। ਜਦੋਂ ਕੁੜੀ ਵਾਲਿਆਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੁੱਕਰ ਗਏ ਕਿ ਉਹ ਆਪਣੀ ਕੁੜੀ ਇਕ ਮੁਸਲਮਾਨ ਦੇ ਘਰ ਨਹੀਂ ਵਿਆਹੁਣਗੇ, ਪਰ ਕੁੜੀ ਜ਼ਿੱਦ ‘ਤੇ ਅੜ ਗਈ। ਆਖਰ ਕੁੜੀ ਦੇ ਮਾਤਾ ਪਿਤਾ ਨੂੰ ਉਸ ਦੀ ਜ਼ਿੱਦ ਅੱਗੇ ਝੁਕਣਾ ਪਿਆ ਅਤੇ ਦੋਵਾਂ ਦਾ ਵਿਆਹ ਹੋ ਗਿਆ। ਵਿਆਹ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹੋਇਆ। ਨੂੰਹ ਪੁੱਤ ਦੇ ਘਰ ਆਉਣ ‘ਤੇ ਨਾਸਰਾਂ ਨੇ ਉਨ੍ਹਾਂ ਦੇ ਸਾਰੇ ਸ਼ਗਨ ਕੀਤੇ ਤੇ ਪਾਣੀ ਵਾਰ ਕੇ ਪੀਤਾ। ਆਲੇ ਦੁਆਲੇ ਦੇ ਲੋਕ ਬਸ਼ੀਰੇ ਤੇ ਨਾਸਰਾਂ ਦੇ ਇਸ ਪਿਆਰ ਨੂੰ ਵੇਖ ਕੇ ਹੈਰਾਨ ਹੋ ਜਾਂਦੇ। ਨਾਸਰਾਂ ਹੁਣ ਸੱਸ ਬਣ ਗਈ ਸੀ ਤੇ ਉਸ ਦੇ ਪੱਬ ਧਰਤੀ ‘ਤੇ ਨਹੀਂ ਸੀ ਲੱਗਦੇ।
ਜ਼ਿੰਦਗੀ ਫਿਰ ਰਵਾਂ ਰਵੀ ਚੱਲਣ ਲੱਗੀ। ਨਵੀਂ ਆਈ ਨੂੰਹ ਵੀ ਘਰ ਵਿੱਚ ਰਚਮਿਚ ਗਈ ਸੀ। ਸਵੇਰੇ ਸਭ ਤੋਂ ਪਹਿਲਾਂ ਉਠ ਕੇ ਉਹ ਅੰਮੀ ਅੱਬਾ ਨੂੰ ਉਨ੍ਹਾਂ ਦੇ ਕਮਰੇ ਵਿੱਚ ਚਾਹ ਦੇ ਆਉਂਦੀ। ਉਨ੍ਹਾਂ ਦੀ ਬੜੀ ਸੇਵਾ ਕਰਦੀ। ਕਿਰਨ ਨੇ ਘਰ ਨੂੰ ਜੰਨਤ ਬਣਾ ਦਿੱਤਾ ਸੀ। ਨਾਸਰਾਂ ਆਪਣੀ ਨੂੰਹ ਦੀਆਂ ਤਾਰੀਫਾਂ ਲੋਕਾਂ ਵਿੱਚ ਹੁੱਬ-ਹੁੱਬ ਕੇ ਕਰਦੀ। ਦੋਵੇਂ ਸੱਸ ਨੂੰਹ ਕਿਸੇ ਨਾ ਕਿਸੇ ਕੰਮ ਵਿੱਚ ਲੱਗੀਆਂ ਰਹਿੰਦੀਆਂ ਤੇ ਗੱਲਾਂ ਕਰਦੀਆਂ ਰਹਿੰਦੀਆਂ। ਦਿਨ ਕਦੋਂ ਚੜ੍ਹਦਾ ਤੇ ਕਦੋਂ ਛਿਪਦਾ, ਪਤਾ ਹੀ ਨਾ ਲੱਗਦਾ। ਸਮਾਂ ਪਾ ਕੇ ਕਿਰਨ ਦੇ ਘਰ ਜੌੜੇ ਪੁੱਤਰਾਂ ਨੇ ਜਨਮ ਲਿਆ। ਨਾਸਰਾਂ ਤੇ ਬਸ਼ੀਰ ਬੜੇ ਖੁਸ਼ ਸਨ। ਜਿਵੇਂ ਕੋਈ ਖਜ਼ਾਨਾ ਉਨ੍ਹਾਂ ਦੇ ਹੱਥ ਲੱਗ ਗਿਆ ਹੋਵੇ। ਉਨ੍ਹਾਂ ਨੂੰ ਆਪਣਾ ਪਰਵਾਰ ਸੰਪੰਨ ਲੱਗ ਰਿਹਾ ਸੀ ਤੇ ਉਨ੍ਹਾਂ ਨੇ ਅੱਲ੍ਹਾ ਦਾ ਸ਼ੁਕਰ ਕਰਨ ਲਈ ਹੱਜ ਕਰਨ ਦਾ ਫੈਸਲਾ ਕੀਤਾ। ਹੱਜ ‘ਤੇ ਜਾਣ ਦਾ ਸਾਰਾ ਪ੍ਰਬੰਧ ਕੀਤਾ ਗਿਆ। ਆਖਰ ਉਹ ਦਿਨ ਆ ਗਿਆ ਜਦੋਂ ਸਾਰਾ ਪਰਵਾਰ ਦੋਵਾਂ ਨੂੰ ਜਹਾਜ਼ ਚੜ੍ਹਾਉਣ ਲਈ ਦਿੱਲੀ ਗਿਆ। ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ। ਅੱਜ ਬਸ਼ੀਰਾ ਤੇ ਨਾਸਰਾਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੇ ਸਮਝ ਰਹੇ ਸਨ ਕਿ ਇਕ ਅਨਾਥ ਨੂੰ ਪਾਲਣ ਵਿੱਚ ਉਹ ਪੂਰੇ ਕਾਮਯਾਬ ਹੋ ਸਕੇ ਸਨ।