ਅਧੂਰੀ ਕਹਾਣੀ

-ਮੁਹੰਮਦ ਇਮਤਿਆਜ਼
ਬੱਸ ਸਵਾਰੀਆਂ ਨਾਲ ਖਚਾਖਚ ਭਰੀ ਪਈ ਸੀ, ਪਰ ਕੰਡਕਟਰ ਹਾਲੇ ਵੀ ਆਵਾਜ਼ਾਂ ਮਾਰੀ ਜਾ ਰਿਹਾ ਸੀ। ਮੈਨੂੰ ਖਿਝ ਚੜ੍ਹ ਰਹੀ ਸੀ ਕਿ ਕੰਡਕਟਰ ਬੱਸ ਕਿਉਂ ਨਹੀਂ ਤੋਰ ਰਿਹਾ। ਦਰਅਸਲ ਮੈਂ ਕਾਫੀ ਦੇਰ ਤੋਂ ਬੱਸ ਵਿੱਚ ਬੈਠਾ ਸੀ। ਹੇਠਾਂ ਉਤਰ ਨਹੀਂ ਸੀ ਸਕਦਾ, ਕਿਉਂਕਿ ਸੀਟ ਮਸਾਂ ਮਿਲੀ ਸੀ। ਅੰਦਰ ਬੈਠੇ ਨੂੰ ਬਹੁਤ ਗਰਮੀ ਲੱਗਦੀ ਸੀ। ਪਸੀਨੇ ਦੀ ਬਦਬੂ ਨਾਲ ਮੇਰਾ ਜੀਅ ਖਰਾਬ ਹੋ ਰਿਹਾ ਸੀ।
ਮੈਂ ਭਾਵੇਂ ਪਿੰਡ ਵਿੱਚ ਰਹਿੰਦਾ ਸੀ, ਪਰ ਮੈਨੂੰ ਇਸ ਤਰ੍ਹਾਂ ਦੀਆਂ ਮਿੰਨੀ ਬੱਸਾਂ ਵਿੱਚ ਸਫਰ ਕਰਨ ਦੀ ਆਦਤ ਨਹੀਂ ਸੀ। ਛੋਟੇ ਹੁੰਦਿਆਂ ਸ਼ਹਿਰ ਨੂੰ ਸਕੂਲ ਜਾਣ ਲਈ ਸਕੂਲ ਦੀ ਵੈਨ ਪਿੰਡ ਆਇਆ ਕਰਦੀ ਸੀ। ਬਾਜ਼ਾਰ ਜਾਣ ਲਈ ਘਰ ਵਿੱਚ ਕਾਰ ਮੌਜੂਦ ਸੀ। ਹੁਣ ਲੁਧਿਆਣੇ ਜਿਹੜੇ ਕਾਲਜ ਵਿੱਚ ਮੈਂ ਦਾਖਲਾ ਲਿਆ, ਉਥੇ ਰਹਿਣ ਲਈ ਹੋਸਟਲ ਸੀ।
ਹੋਸਟਲ ਦਾ ਮੈਨੂੰ ਇਕ ਹੋਰ ਫਾਇਦਾ ਇਹ ਹੋਇਆ ਕਿ ਮੈਂ ਉਥੇ ਆਪਣਾ ਲਿਖਣ ਦਾ ਸ਼ੌਕ ਪਾਲ ਸਕਦਾ ਸੀ। ਘਰ ਤਾਂ ਅਕਸਰ ਹੀ ਮੰਮੀ ਮੈਨੂੰ ਟੋਕਦੀ ਰਹਿੰਦੀ ਸੀ, ‘ਹਾਅ ਕਾਗਜ਼ਾਂ ‘ਚੋਂ ਅੱਖਾਂ ਗਾਲ ਕੇ ਕੁਝ ਨ੍ਹੀਂ ਨਿਕਲਣਾ! ਆਪਣੀ ਪੜ੍ਹਾਈ ਵੱਲ ਧਿਆਨ ਦੇ ਲਿਆ ਕਰ!’
ਕੱਲ੍ਹ ਵੀ ਮੈਂ ਕੁਲਦੀਪ ਨੂੰ ਮਿਲਣ ਬਹਾਨੇ ਉਸ ਦੇ ਪਿੰਡ ਕਹਾਣੀ ਲਿਖਣ ਲਈ ਆਇਆ ਸੀ। ਕੁਲਦੀਪ ਸਕੂਲ ਦੇ ਦਿਨਾਂ ਵਿੱਚ ਮੇਰਾ ਜਮਾਤੀ ਸੀ। ਉਸ ਦਾ ਪਿੰਡ ਮੇਰੇ ਪਿੰਡ ਤੋਂ ਬਹੁਤੀ ਦੂਰ ਨਹੀਂ ਸੀ। ਉਦੋਂ ਤੋਂ ਹੀ ਸਾਡੇ ਵਿਚਕਾਰ ਗਹਿਰੀ ਦੋਸਤੀ ਹੋ ਗਈ ਸੀ। ਕੁਲਦੀਪ ਵੀ ਅੱਜ ਮੇਰੇ ਘਰ ਵਾਪਸ ਜਾਣ ‘ਤੇ ਹੈਰਾਨ ਸੀ, ‘ਕੱਲ੍ਹ ਸ਼ਾਮੀਂ ਤਾਂ ਤੂੰ ਆਇਐ! ਹਾਲੇ ਤਾਂ ਤੇਰੀ ਕਹਾਣੀ ਵੀ ਅਧੂਰੀ ਪਈ ਐ, ਯਾਰ! ਸਵੇਰੇ ਹੀ ਤੈਨੂੰ ਕੀ ਹੋ ਗਿਆ?’
ਮੇਰਾ ਮਨ ਉਸ ਨੂੰ ਕੋਈ ਵੀ ਜਵਾਬ ਦੇਣ ਲਈ ਤਿਆਰ ਨਹੀਂ ਸੀ। ਉਸ ਨੂੰ ਵੀ ਮੇਰੇ ਸੁਭਾਅ ਦਾ ਪਤਾ ਸੀ, ਜਿੱਧਰ ਵੱਲ ਮਨ ਹੋ ਜਾਵੇ, ਉਧਰ ਵੱਲ ਜਾਵੇ, ਮੈਨੂੰ ਕੋਈ ਬਹਾਨਾ ਰੋਕ ਨਹੀਂ ਸਕਦਾ ਸੀ।
ਮੰਮੀ ਠੀਕ ਹੀ ਆਖਦੇ ਸਨ ਕਿ ਮੈਂ ਬਹੁਤ ਜਨੂੰਨੀ ਹਾਂ। ਥੋੜ੍ਹੇ ਦਿਨਾਂ ਤੱਕ ਕਾਲਜ ਖੁੱਲ੍ਹ ਜਾਣਾ ਸੀ ਤੇ ਮੈਂ ਹੋਸਟਲ ਜਾ ਕੇ ਆਰਾਮ ਨਾਲ ਕਹਾਣੀ ਲਿਖ ਸਕਦਾ ਸੀ। ਜਦੋਂ ਤੱਕ ਅੰਦਰੋਂ ਉਠ ਰਹੇ ਵੇਗ ਨੂੰ ਮੈਂ ਕਾਗਜ਼ ‘ਤੇ ਨਹੀਂ ਸੀ ਉਤਾਰ ਲੈਂਦਾ, ਮੈਨੂੰ ਚੈਨ ਨਹੀਂ ਸੀ ਆਉਂਦਾ। ਕਹਾਣੀ ਤਾਂ ਬਣੀ ਪਈ ਸੀ, ਬਸ ਲਿਖਣ ਦੀ ਦੇਰ ਸੀ।
ਇਕ ਅਧਖੜ ਉਮਰ ਦੀ ਜ਼ਨਾਨੀ ਨਾਲ ਸਤਾਰਾਂ ਕੁ ਵਰ੍ਹਿਆਂ ਦੀ ਕੁੜੀ ਬੱਸ ਵਿੱਚ ਚੜ੍ਹੀ। ਵੇਖਣ ਨੂੰ ਕੁੜੀ ਬਿਲਕੁਲ ਰਾਣੀ ਵਰਗੀ ਲੱਗਦੀ ਸੀ। ਦਰਮਿਆਨਾ ਕੱਦ, ਕਣਕਵੰਨਾ ਰੰਗ, ਜ਼ਰਾ ਕੁ ਤਿੱਖੇ ਨੈਣ ਨਕਸ਼, ਬਗੈਰ ਕਿਸੇ ਡਿਜ਼ਾਈਨ ਤੋਂ ਵਾਲ ਗੁੰਦ ਕੇ ਕੀਤੀ ਹੋਈ ਮੋਟੀ ਗੁੱਤ, ਨਾ ਕੋਈ ਮੇਕਅੱਪ, ਨਾ ਫੈਸ਼ਨ। ਸ਼ਾਇਦ ਬਹੁਤੀਆਂ ਪੇਂਡੂ ਕੁੜੀਆਂ ਇਕੋ ਜਿਹੀਆਂ ਹੀ ਹੁੰਦੀਆਂ ਹਨ, ਪਰ ਨਹੀਂ, ਕਾਲਜ ਵਿੱਚ ਜਾ ਕੇ ਕਈ ਪੇਂਡੂ ਕੁੜੀਆਂ ਨੂੰ ਖੰਭ ਲੱਗ ਜਾਂਦੇ ਹਨ। ਪਿੰਡਾਂ ਤੋਂ ਆਈਆਂ ਕਈ ਕੁੜੀਆਂ ਕਾਲਜ ‘ਚ ਆ ਕੇ ਮੈਂ ਬਦਲਦੀਆਂ ਵੇਖੀਆਂ ਹਨ। ਉਨ੍ਹਾਂ ਦੇ ਪੰਜਾਬੀ ਸੂਟਾਂ ਦੀ ਥਾਂ ਜੀਨ ਨੇ ਲੈ ਲਈ ਸੀ। ਸ਼ਹਿਰ ਦੀਆਂ ਕੁੜੀਆਂ ਅਜਿਹੀਆਂ ਪੇਂਡੂ ਕੁੜੀਆਂ ‘ਤੇ ਹੱਸਦੀਆਂ ਸਨ।
ਰਾਣੀ ਭਾਵੇਂ ਕਦੇ ਕਾਲਜ ਨਹੀਂ ਸੀ ਗਈ, ਪਰ ਸ਼ਾਇਦ ਸਹੁਰੇ ਘਰ ਜਾ ਕੇ ਉਹ ਵੀ ਬਦਲ ਜਾਵੇਗੀ। ਜਿਸ ਦਿਨ ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਸਾਡੇ ਘਰ ਆਈ, ਉਸ ਦਿਨ ਮੰਮੀ ਸਾਹਮਣੇ ਆਪਣੇ ਸਹੁਰੇ ਘਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੀ ਨਹੀਂ ਸੀ ਥੱਕਦੀ। ‘ਲੱਗਦੈ, ਰਾਜੇ ਨੂੰ ਰਾਣੀ ਲੱਭ ਗਈ!’ ਜਦੋ ਕੁਲਦੀਪ ਨੂੰ ਮੈਂ ਪਹਿਲੀ ਵਾਰ ਰਾਣੀ ਬਾਰੇ ਦੱਸਿਆ ਤਾਂ ਉਸ ਦੇ ਸ਼ਬਦਾਂ ਦੀ ਥਾਂ ਉਸ ਦੀਆਂ ਅੱਖਾਂ ਟਿੱਚਰ ਕਰ ਰਹੀਆਂ ਸਨ।
‘ਇਹੋ ਜਿਹੀ ਕੋਈ ਗੱਲ ਨ੍ਹੀਂ!’
‘ਅੱਛਾ! ਤਾਂ ਤੂੰ ਮੇਰੇ ਤੋਂ ਵੀ ਗੱਲਾਂ ਲੁਕਾਉਣ ਲੱਗ ਪਿਐ!’
‘ਜੇ ਇਹੋ ਜਿਹੀ ਗੱਲ ਹੁੰਦੀ ਤਾਂ ਮੈਂ ਉਸ ਦੇ ਮੰਗਣੇ ਤੋਂ ਖੁਸ਼ ਕਿਉਂ ਹੁੰਦਾ?’ ਮੈਂ ਕੁਲਦੀਪ ਨੂੰ ਯਕੀਨ ਦਿਵਾਉਣਾ ਚਾਹੁੰਦਾ ਸੀ।
‘ਫਿਰ ਉਹਨੂੰ ਭੈਣ ਕਹੇਂਗਾ?’ ਛੇੜਖਾਨੀ ਵਿੱਚ ਕੁਲਦੀਪ ਦਾ ਪੱਖ ਭਾਰੂ ਹੁੰਦਾ ਜਾ ਰਿਹਾ ਸੀ।
ਮੈਨੂੰ ਇਹ ਮਜ਼ਾਕ ਚੰਗਾ ਨਹੀਂ ਸੀ ਲੱਗ ਰਿਹਾ, ‘ਕਿਉਂ, ਭੈਣ ਕਿਵੇਂ ਬਣੀ ਮੇਰੀ?’
‘ਤੇਰੇ ਪਿੰਡ ਦੀ ਕੁੜੀ ਐ,’ ਕੁਲਦੀਪ ਜਦੋਂ ਫਸ ਗਿਆ ਤਾਂ ਉਸ ਦੀ ਹਾਜ਼ਰ ਜਵਾਬੀ ਨੇ ਕੰਮ ਦਿੱਤਾ, ‘ਪਿੰਡ ਦੀਆਂ ਸਾਰੀਆਂ ਕੁੜੀਆਂ ਭੈਣਾਂ ਹੀ ਤਾਂ..।’
‘ਤੈਨੂੰ ਪਤੈ, ਮੈਂ ਇਨ੍ਹਾਂ ਪੁਰਾਣੇ ਰਿਵਾਜਾਂ ਨੂੰ ਨ੍ਹੀਂ ਮੰਨਦਾ!’
‘ਚਲੋ, ਫੇਰ, ਦੋਸਤ ਕਹਿ ਲੈਂਦੇ ਆਂ ਆਪਾਂ!’ ਮੇਰੀ ਗੰਭੀਰਤਾ ਨੂੰ ਸਮਝਦਿਆਂ ਕੁਲਦੀਪ ਨੇ ਗੱਲ ਸਮੇਟਣ ਦੀ ਕੋਸ਼ਿਸ਼ ਕੀਤੀ।
‘ਕੁੜੀ ਨਾਲ ਦੋਸਤੀ ਦਾ ਤਾਂ ਪਿੰਡਾਂ ‘ਚ ਸਵਾਲ ਹੀ ਪੈਂਦਾ ਨ੍ਹੀਂ ਹੁੰਦਾ।’
***
ਬੱਸ ਚੱਲ ਪਈ। ਹਵਾ ਲੱਗਣ ਨਾਲ ਕੁਝ ਰਾਹਤ ਮਹਿਸੂਸ ਹੋਈ। ਜਦੋਂ ਅਗਲੇ ਅੱਡੇ ‘ਤੇ ਉਹ ਸਤਾਰਾਂ ਕੁ ਵਰ੍ਹਿਆਂ ਦੀ ਕੁੜੀ ਬੱਸ ‘ਚੋਂ ਉਤਰੀ ਤਾਂ ਮੈਨੂੰ ਉਸ ‘ਚੋਂ ਦੁਬਾਰਾ ਰਾਣੀ ਦੀ ਝਲਕ ਪਈ। ਜਦੋਂ ਤੋਂ ਮੈਂ ਰਾਣੀ ਦੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ ਸੀ, ਮੈਂ ਔਰਤ ਦੇ ਦੁੱਖ ਸੁਖ ਨੂੰ ਵੱਧ ਮਹਿਸੂਸ ਕਰਨ ਲੱਗ ਪਿਆ ਸੀ। ਆਪਣੇ ਘਰ ਦਾ ਸਾਰਾ ਕੰਮ ਰਾਣੀ ਕਰਦੀ ਸੀ। ਫਿਰ ਵੀ ਉਸ ਨਾਲ ਟੈਂ-ਟੈਂ ਹੁੰਦੀ ਰਹਿੰਦੀ। ਉਸ ਦੀ ਦਾਦੀ ਅਤੇ ਮਾਂ ਨੇ ਪਤਾ ਨਹੀਂ ਉਸ ‘ਤੇ ਕਿੰਨੀਆਂ ਪਾਬੰਦੀਆਂ ਲਾ ਰੱਖੀਆਂ ਸਨ। ਇਹ ਨਹੀਂ ਕਰਨਾ, ਉਹ ਨਹੀਂ ਕਰਨਾ! ਮੈਨੂੰ ਹੈਰਾਨੀ ਹੁੰਦੀ ਕਿ ਰਾਣੀ ਵਿਦਰੋਹ ਕਿਉਂ ਨਹੀਂ ਸੀ ਕਰਦੀ। ਇਹ ਕੁੜੀਆਂ ਨਰਕ ਭਰੀ ਜ਼ਿੰਦਗੀ ਕਿਵੇਂ ਕਬੂਲ ਲੈਂਦੀਆਂ ਹਨ! ਤੇ ਕਾਲਜ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਕੀਤੀਆਂ ਬਹਿਸਾਂ ਮੇਰੇ ਸਿਰ ਅੰਦਰ ਚੱਕਰ ਖਾਣ ਲੱਗ ਪੈਂਦੀਆਂ। ਰਾਣੀ ਦਸ ਜਮਾਤਾਂ ਵੀ ਨਹੀਂ ਸੀ ਪੜ੍ਹੀ। ‘ਕੁੜੀਆਂ ਨੇ ਪੜ ਕੇ ਕੀ ਕਰਨਾ! ਕੁੜੀਆਂ ਨੂੰ ਤਾਂ ਬਸ ਘਰ ਦਾ ਕੰਮ ਕਾਜ ਚੰਗੀ ਤਰ੍ਹਾਂ ਆਉਣਾ ਚਾਹੀਦੈ!’ ਉਸ ਦੇ ਬਾਪ ਦੇ ਵਿਚਾਰ ਸਨ। ਉਹ ਤਾਂ ਘਿਉ ਦੁੱਧ ਦੇ ਮਾਮਲੇ ਵਿੱਚ ਵੀ ਉਸ ਨੂੰ ਕਹਿੰਦਾ ਸੀ, ‘ਤੂੰ ਕਿਹੜਾ ਖਾ ਪੀ ਕੇ ਹਲ ਵਾਹੁਣੈ!’
***
ਪਿੰਡ ਆ ਗਿਆ। ਬੱਸ ਵਿੱਚੋਂ ਉਤਰ ਕੇ ਮੈਨੂੰ ਕੁਝ ਸਾਹ ਆਇਆ। ਮੌਸਮ ਕੁਝ ਠੀਕ ਹੋ ਗਿਆ ਸੀ। ਕੁਲਦੀਪ ਦੇ ਪਰਵਾਰ ਵਾਲੇ ਪਤਾ ਨਹੀਂ ਕੀ ਸੋਚਦੇ ਹੋਣਗੇ। ਇੰਨੇ ਸਮੇਂ ਬਾਅਦ ਉਨ੍ਹਾਂ ਦੇ ਘਰ ਜਾਣ ਕਰਕੇ ਉਨ੍ਹਾਂ ਨੇ ਆਦਰ ਮਾਣ ਬਹੁਤ ਕੀਤਾ ਸੀ। ਉਨ੍ਹਾਂ ਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਅਚਾਨਕ ਘਰ ਵਾਪਸ ਜਾਣ ਦਾ ਮਨ ਕਿਉਂ ਬਣਾ ਲਿਆ ਸੀ।
ਦਰਅਸਲ ਪਿਛਲੀ ਸ਼ਾਮ ਰੋਟੀ ਖਾਣ ਤੋਂ ਬਾਅਦ ਮੈਂ ਤੇ ਕੁਲਦੀਪ ਟਹਿਲਣ ਲਈ ਘਰੋਂ ਬਾਹਰ ਵੱਲ ਹੋ ਤੁਰੇ ਸੀ। ਕੁਝ ਕਦਮ ਚੱਲਣ ਤੋਂ ਬਾਅਦ ਇਕ ਘਰ ‘ਚੋਂ ਆ ਰਹੀਆਂ ਆਵਾਜ਼ਾਂ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ। ‘ਦੇਖ ਖਾਂਹ, ਕਿਵੇਂ ਜ਼ੁਬਾਨ ਚਲਾਉਂਦੀ ਐ! ..ਨਾ, ਆਹ ਸਾਰਾ ਕੁਝ ਕੀ ਆਪਣੇ ਪਿਓ ਦੇ ਘਰੋਂ ਲਿਆਈ ਐ? ਪਿਓ ਨੇ ਦਿੱਤਾ ਈ ਕੀ ਐ! ਤਾਰਿਆ, ਇਹਦੀ ਗੁਤਨੀ ਪੁੱਟ ਸਵਾਰ ਕੇ, ਤਾਂ ਲੋਟ ਆਊ ਇਹ..!!’
ਸ਼ਾਇਦ ਉਥੇ ਕੁਝ ਮਾਰ ਕੁਟਾਈ ਹੋ ਰਹੀ ਸੀ। ਕੁਝ ਹਨੇਰੇ ਕਾਰਨ ਤੇ ਕੁਝ ਦੂਰ ਹੋਣ ਕਰਕੇ ਪਤਾ ਨਹੀਂ ਸੀ ਲੱਗ ਰਿਹਾ। ਮੈਂ ਕੁਲਦੀਪ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਿਆ, ‘ਆਹ ਕੀ ਹੋ ਰਿਹੈ..?’
‘ਇਨ੍ਹਾਂ ਦਾ ਰੋਜ਼ ਦਾ ਕੰਮ ਐ! ਰੋਜ਼ ਦਾਰੂ ਪੀ ਕੇ ਪਤਨੀ ਨਾਲ ਲੜ ਪੈਂਦੇ, ਵਿੱਚੇ ਮਾਂ ਲੱਗ ਜਾਂਦੀ ਐ..।’
‘ਇਹ ਫੇਰ ਚੁੱਪ ਕਰ ਕੇ ਸਹੀ ਕਿਉਂ ਜਾਂਦੀ ਐ?’
‘ਹੋਰ ਕੀ ਕਰੇ, ਗਊ ਵਿਚਾਰੀ!’
ਘਰੇਲੂ ਹਿੰਸਾ ਵਿਰੁੱਧ ਕਾਨੂੰਨ ਨਾਲ ਸਬੰਧਤ ਪੜ੍ਹੇ ਸਾਰੇ ਲੇਖ ਮੇਰੀ ਯਾਦ ਵਿੱਚ ਤਾਜਾ ਹੋ ਗਏ। ਮੈਂ ਕਿਹਾ, ‘ਪੁਲਸ ਕੋਲ ਸ਼ਿਕਾਇਤ ਕਿਉਂ ਨਹੀਂ ਕਰਦੀ..?’
‘ਪੁਲਸ ਕੀ ਕਰੂ, ਆਖਰ ਰਹਿਣਾ ਤਾਂ ਇਸੇ ਘਰ ਈ ਐ! ਨਾਲੇ ਪੇਕੇ ਕਿੰਨੀ ਦੇਰ ਰੱਖਣਗੇ?’ ਕੁਲਦੀਪ ਨੇ ਮੇਰੀਆਂ ਸੋਚਾਂ ਦੀ ਲੜੀ ਨੂੰ ਤੋੜਿਆ, ‘ਚੱਲ, ਛੱਡ! ਆ, ਘਰ ਚੱਲੀਏ! ਤੂੰ ਕਹਾਣੀ ਵੀ ਲਿਖਣੀ ਐ!’
ਰਾਤੀਂ ਕਹਾਣੀ ਲਿਖਣ ਦੀ ਕੋਸ਼ਿਸ਼ ਕਰਦਿਆਂ ਮੈਂ ਰਾਣੀ ਬਾਰੇ ਮੁੜ ਸੋਚਿਆ। ਉਸ ਦੇ ਆਪਣੇ ਸਹੁਰਿਆਂ ਬਾਰੇ ਆਖੇ ਸ਼ਬਦ। ਉਸ ਦੇ ਦਹੇਜ ਵਿੱਚ ਦਿੱਤਾ ਗਿਆ ਸਾਮਾਨ। ਉਸ ਦੇ ਵਿਆਹ ‘ਤੇ ਉਸ ਦੇ ਘਰਦਿਆਂ ਦਾ ਬੇਹੱਦ ਰੋਣਾ। ਉਸ ਦੀ ਮਾਂ ਤੇ ਦਾਦੀ ਦੇ ਸ਼ਬਦ ‘ਰੋਟੀ ਟੁੱਕ ਸਹੀ ਤਰ੍ਹਾਂ ਕਰ ਲੈ, ਨਹੀਂ ਤਾਂ ਗਾਂਹ ਗੁਤਨੀ ਪਟਾਵੇਗੀ! ਬਗਾਨਿਆਂ ਨੇ ਨ੍ਹੀਂ ਝੱਲਣਾ ਹਾਅ ਕੁਸ਼!’
ਇਸੇ ਤਰ੍ਹਾਂ ਰਾਤ ਲੰਘ ਗਈ। ਕਹਾਣੀ ਦਾ ਬਣਿਆ ਬਣਾਇਆ ਪਲਾਟ ਟੁੱਟ ਚੁੱਕਿਆ ਸੀ..।
ਘਰ ਨੇੜੇ ਪਹੁੰਚਿਆਂ ਹੀ ਮੇਰੀ ਪਹਿਲੀ ਨਜ਼ਰ ਰਾਣੀ ਦੇ ਮਕਾਨ ‘ਤੇ ਪਈ। ਉਸ ਦਾ ਘਰ ਮੈਨੂੰ ਉਨ੍ਹਾਂ ਖੰਡਰ ਕਿਲਿਆ ਵਰਗਾ ਲੱਗਿਆ ਜਿਥੇ ਕਦੇ ਜਿਉਂਦੇ ਜਾਗਦੇ ਲੋਕ ਵਸਿਆ ਕਰਦੇ ਸਨ।