ਅਦਾਲਤੀ ਰੋਕਾਂ ਪੈਣ ਦੇ ਬਾਵਜੂਦ ਟਰੰਪ ਪਾਬੰਦੀਆਂ ਲਾਉਣ ਦੀ ਜਿ਼ਦ ਉੱਤੇ ਕਾਇਮ

tttਨੈਸ਼ਵਿਲ, 16 ਮਾਰਚ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਅਦਾਲਤ ਦੇ ਉਸ ਫੈਸਲੇ ਦੇ ਖ਼ਿਲਾਫ ਵੀ ਲੜਨ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਅਦਾਲਤ ਨੇ ਉਨ੍ਹਾਂ ਵੱਲੋਂ ਸ਼ਰਣਾਰਥੀਆਂ ਅਤੇ ਛੇ ਬਹੁ-ਗਿਣਤੀ ਮੁਸਲਿਮ ਆਬਾਦੀ ਵਾਲੇ ਦੇਸ਼ਾਂ ਦੇ ਨਾਗਰਿਕਾਂ ਉੱਤੇ ਲਾਈ ਯਾਤਰਾ ਪਾਬੰਦੀ ਉੱਤੇ ਰੋਕ ਲਾ ਦਿੱਤੀ ਸੀ। ਟਰੰਪ ਨੇ ਕਿਹਾ ਕਿ ਅਦਾਲਤ ਇਸ ਮਾਮਲੇ ਵਿੱਚ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਰਹੀ ਹੈ।
ਵਰਨਣ ਯੋਗ ਹੈ ਕਿ ਹਵਾਈ ਸੂਬੇ ਦੀ ਅਦਾਲਤ ਨੇ ਮੁਸਲਿਮ ਬਹੁ-ਗਿਣਤੀ ਵਾਲੇ ਛੇ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਆਉਣ ਤੋਂ ਰੋਕਣ ਦਾ ਕਾਨੂੰਨ ਰੱਦ ਕਰ ਦਿੱਤਾ ਹੈ। ਟਰੰਪ ਨੇ 6 ਮਾਰਚ ਨੂੰ ਵੀਜ਼ਾ ਰੋਕਣ ਲਈ ਦਸਤਖਤ ਕੀਤੇ ਸਨ, ਜਿਸ ਵਿੱਚ ਇਨ੍ਹਾਂ ਛੇ ਦੇਸ਼ਾਂ ਦੇ ਨਾਗਰਿਕਾਂ ਉੱਤੇ ਦੋਬਾਰਾ ਰੋਕ ਲਾਈ ਗਈ ਸੀ। ਹਵਾਈ ਸੂਬੇ ਦੇ ਫੈਡਰਲ ਜੱਜ ਡੈਰਿਕ ਵਾਟਸਨ ਨੇ ਇਸ ਨਵੇਂ ਹੁਕਮ ਉੱਤੇ ਰੋਕ ਲਾਉਂਦੇ ਹੋਏ ਕਿਹਾ ਕਿ ਇਸ ਨਾਲ ਅਮਰੀਕੀ ਸੰਵਿਧਾਨ ਵਿੱਚ ਮੁਸਲਮਾਨਾਂ ਦੇ ਖਿਲਾਫ ਵਿਤਕਰੇ ਅਤੇ ਉੁਨ੍ਹਾਂ ਦੀ ਸੁਰੱਖਿਆ ਦੇ ਕਾਨੂੰਨਾਂ ਦਾ ਉਲੰਘਣ ਹੋਵੇਗਾ।
ਰਾਸ਼ਟਰਪਤੀ ਅਤੇ ਅਦਾਲਤ ਵਿਚਾਲੇ ਇਹ ਲੜਾਈ ਹੁਣ ਫੈਡਰਲ ਅਦਾਲਤ ਵਿੱਚ ਜਾ ਸਕਦੀ ਹੈ। ਡੋਨਾਲਡ ਟਰੰਪ ਨੇ ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ਵਿੱਚ ਯਾਤਰਾ ਬਾਰੇ ਹੁਕਮ ਜਾਰੀ ਕੀਤਾ ਸੀ, ਜਿਸ ਉੱਤੇ ਸਿਏਟਲ ਦੇ ਇਕ ਜੱਜ ਨੇ ਰੋਕ ਲਾ ਦਿੱਤੀ ਸੀ। ਟਰੰਪ ਦਾ ਕਹਿਣਾ ਹੈ ਕਿ ਉਹ ਅੱਤਵਾਦੀਆਂ ਨੂੰ ਅਮਰੀਕਾ ਵਿੱਚ ਦਖਲ ਹੋਣ ਤੋਂ ਰੋਕਣ ਲਈ ਅਜਿਹਾ ਕਰ ਰਹੇ ਹਨ, ਪਰ ਲੋਕਾਂ ਦਾ ਕਹਿਣਾ ਹੈ ਕਿ ਉਹ ਧਾਰਮਿਕ ਵਿਤਕਰੇ ਨੂੰ ਵਧਾ ਰਹੇ ਹਨ।
ਹਵਾਈ ਸੂਬੇ ਦੀ ਅਦਾਲਤ ਦੇ ਫੈਸਲੇ ਪਿੱਛੋਂ ਕੱਲ੍ਹ ਨੈਸ਼ਵਿਲ ਦੀ ਰੈਲੀ ਦੌਰਾਨ ਟਰੰਪ ਨੇ ਕਿਹਾ, ‘ਸੰਵਿਧਾਨਕ ਕਾਨੂੰਨ ਨੇ ਰਾਸ਼ਟਰਪਤੀ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਦੇਸ਼ ਦੇ ਰਾਸ਼ਟਰੀ ਹਿੱਤ ਵਿੱਚ ਇਮੀਗਰੇਸ਼ਨ ਸਸਪੈਂਡ ਕਰ ਸਕਦਾ ਹੈ।’ ਉਤਸ਼ਾਹ ਵਿੱਚ ਆਈ ਹੋਈ ਭੀੜ ਨੂੰ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਕੰਮ ਦੇ ਸੰਬੰਧ ਵਿੱਚ ਸਿਖਰਲੀ ਅਦਾਲਤ ਸਮੇਤ ਹਰ ਮੰਚ ਉੱਤੇ ਲੜੇਗਾ ਅਤੇ ਅਸੀਂ ਇਸ ਵਿੱਚ ਜਿੱਤ ਹਾਸਲ ਕਰਾਂਗੇ।