ਅਣ-ਐਲਾਨੀ ਜਾਇਦਾਦ ਦੇ ਚੱਕਰ ਵਿੱਚ 50,000 ਲੋਕਾਂ ਨੂੰ ਨੋਟਿਸ


ਨਵੀਂ ਦਿੱਲੀ, 15 ਅਪ੍ਰੈਲ (ਪੋਸਟ ਬਿਊਰੋ)- ਇਨਕਮ ਟੈਕਸ ਵਿਭਾਗ ਨੇ ਅਣ-ਐਲਾਨੀ ਜਾਇਦਾਦ ਰੱਖਣ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂੁ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਅਣਐਲਾਨੀ ਜਾਇਦਾਦ ਰੱਖਣ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਲਈ ਪੱਕਾ ਆਧਾਰ ਬਣਾ ਰਿਹਾ ਹੈ।
ਜਾਣਕਾਰ ਸੂਤਰਾਂ ਅਨੁਸਾਰ ਇਸ ਸੰਬੰਧ ਵਿੱਚ ਇਨਕਮ ਟੈਕਸ ਵਿਭਾਗ ਨੇ ਕਈ ਮਿਊਚੁਅਲ ਫੰਡ ਹੋਲਡਰਜ਼ ਦੇ ਨੋਮੀਨੀਜ਼, ਹਾਈ ਨੈਟਵਰਕ ਇੰਡੀਵਿਜ਼ੂਅਲਸ ਦੀਆਂ ਪਤਨੀਆਂ (ਜੋ ਇਨਕਮ ਟੈਕਸ ਫਾਈਲ ਨਹੀਂ ਕਰਦੀਆਂ) ਤੇ ਪਿਛਲੇ ਕੁਝ ਸਾਲਾਂ ਵਿੱਚ ਰੀਅਲ ਅਸਟੇਟ ਪ੍ਰਾਪਰਟੀ ਵੇਚਣ ਵਾਲੇ ਐੱਨ ਆਰ ਆਈਜ਼ ਨੂੰ ਨੋਟਿਸ ਭੇਜਿਆ ਗਿਆ ਹੈ। ਨੋਟਬੰਦੀ ਦੌਰਾਨ ਬੈਂਕਾਂ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਜਮ੍ਹਾ ਕਰਨ ਵਾਲਿਆਂ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਇਨ੍ਹਾਂ ਨੋਟਿਸਾਂ ਦੀ ਪੂਰੀ ਗਿਣਤੀ ਅਜੇ ਪਤਾ ਨਹੀਂ ਲੱਗ ਸਕੀ, ਪਰ ਇੱਕ ਇਨਕਮ ਟੈਕਸ ਅਧਿਕਾਰੀ ਦੇ ਅਨੁਸਾਰ ਇਹ ਗਿਣਤੀ 50000 ਦੇ ਕਰੀਬ ਹੋ ਸਕਦੀ ਹੈ। ਵਿਭਾਗ ਇਨ੍ਹਾਂ ਲੋਕਾਂ ਦੇ ਸਾਰੇ ਪੁਰਾਣੇ ਟਰਾਂਜ਼ੈਕਸ਼ਨਸ, ਸੋਰਸ ਆਫ ਇਨਕਮ ਆਦਿ ਦੀ ਵੀ ਜਾਂਚ ਕਰ ਰਿਹਾ ਹੈ। ਇੱਕ ਅਧਿਕਾਰੀ ਦੇ ਦੱਸਣ ਅਨੁਸਾਰ ਸ਼ੱਕ ਦੇ ਘੇਰੇ ਵਿੱਚ ਆਏ 50000 ਲੋਕਾਂ ਦੇ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਲੋਕਾਂ ਦੇ ਦੋਸ਼ੀ ਸਾਬਤ ਹੋਣ ‘ਤੇ ਇਨ੍ਹਾਂ ਨੂੰ ਸਖਤ ਜੁਰਮਾਨਾ ਭਰਨਾ ਪੈ ਸਕਦਾ ਹੈ। ਪਹਿਲਾਂ ਇਸ ਤਰ੍ਹਾਂ ਦੇ ਮਾਮਲਿਆਂ ‘ਚ ਦੋਸ਼ੀ ਨੂੰ ਸਿਰਫ ਜੁਰਮਾਨਾ ਭਰਨ ਤੋਂ ਬਾਅਦ ਛੱਡ ਦਿੱਤਾ ਜਾਂਦਾ ਸੀ।
ਇਹ ਵੀ ਪਤਾ ਲੱਗਾ ਹੈ ਕਿ ਇਨਕਮ ਟੈਕਸ ਵਿਭਾਗ ਨੇ ਲੋਕਾਂ ਦੇ ਫੋਨ ਰਿਕਾਰਡਸ, ਕ੍ਰੈਡਿਟ ਕਾਰਡ ਦੀ ਜਾਣਕਾਰੀ, ਟੈਕਸ ਰਿਟਰਨ, ਪੈਨ ਕਾਰਡ ਦੇ ਵੇਰਵੇ ਅਤੇ ਸੋਸ਼ਲ ਮੀਡੀਆ ਦਾ ਡਾਟਾ ਵੀ ਫੋਲਣਾ ਸ਼ੁਰੂ ਕਰ ਦਿੱਤਾ ਹੈ। ਇਨਕਮ ਟੈਕਸ ਵਿਭਾਗ ਦੇ ਨੋਟਿਸ ਦੀ ਖਾਸ ਗੱਲ ਇਹ ਹੈ ਕਿ ਅਜਿਹੇ ਲੋਕਾਂ ਨੂੰ ਵੀ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਨੇ ਨੋਟਬੰਦੀ ਮੌਕੇ ਆਸ ਤੋਂ ਘੱਟ ਰਾਸ਼ੀ ਬੈਂਕਾਂ ‘ਚ ਜਮ੍ਹਾ ਕੀਤੀ ਸੀ। ਇਨਕਮ ਟੈਕਸ ਦੇ ਸੂਤਰਾਂ ਮੁਤਾਬਕ ਇੱਕ ਖਾਸ ਪੈਟਰਨ ਦੇਖਣ ਪਿੱਛੋਂ ਅਜਿਹੇ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ। ਕਈ ਮਾਮਲਿਆਂ ਵਿੱਚ ਕਈ ਅਮੀਰ ਲੋਕਾਂ ਦੇ ਡਰਾਈਵਰਾਂ, ਪਤਨੀਆਂ ਤੇ ਰਿਸ਼ਤੇਦਾਰਾਂ ਨੂੰ ਵੀ ਨੋਟਿਸ ਭੇਜੇ ਗਏ ਹਨ ਅਤੇ ਇਨ੍ਹਾਂ ਲੋਕਾਂ ਦੇ ਨਾਂਅ ‘ਤੇ ਅਣਐਲਾਨੀ ਜਾਇਦਾਦ ਖਰੀਦਣ ਅਤੇ ਇਸ ‘ਤੇ ਟੈਕਸ ਨਹੀਂ ਚੁਕਾਉਣ ਦਾ ਸ਼ੱਕ ਵਿਭਾਗ ਨੂੰ ਹੈ।