ਅਣਖ ਖਾਤਿਰ ਕੀਤੇ ਕਤਲ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਵਿੱਚ ਹੋਵੇਗੀ

Fullscreen capture 3212017 13354 AMਬ੍ਰਿਟਿਸ਼ ਕੋਲੰਬੀਆ, 20 ਮਾਰਚ (ਪੋਸਟ ਬਿਊਰੋ) : ਆਪਣੀ ਰਿਸ਼ਤੇਦਾਰ ਦੇ ਭਾਰਤ ਵਿੱਚ ਅਣਖ ਲਈ ਕਰਵਾਏ ਗਏ ਕਤਲ ਦੇ ਸਬੰਧ ਵਿੱਚ ਦੋਸ਼ੀ ਪਾਏ ਗਏ ਬੀਸੀ ਵਾਸੀ ਲਗਾਤਾਰ ਉਨ੍ਹਾਂ ਦੀ ਹਵਾਲਗੀ ਸਬੰਧੀ ਕੀਤੀਆਂ ਜਾ ਰਹੀਆਂ ਫੈਡਰਲ ਸਰਕਾਰ ਦੀਆਂ ਕੋਸਿ਼ਸ਼ਾਂ ਨੂੰ ਮਾਤ ਦਿੰਦੇ ਆ ਰਹੇ ਹਨ। ਲੰਮੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਸੋਮਵਾਰ ਨੂੰ ਸੁਪਰੀਮ ਕੋਰਟ ਪਹੁੰਚ ਗਈ।
ਜਿ਼ਕਰਯੋਗ ਹੈ ਕਿ 2000 ਵਿੱਚ ਭਾਰਤ ਵਿੱਚ ਇੱਕ ਨਹਿਰ ਵਿੱਚੋਂ ਜਸਵਿੰਦਰ (ਜੱਸੀ) ਸਿੱਧੂ ਦੀ ਲਾਸ਼ ਮਿਲੀ ਸੀ। ਬੀਸੀ ਵਾਲੀ ਮਲਕੀਤ ਸਿੱਧੂ ਤੇ ਸੁਰਜੀਤ ਬਦੇਸ਼ਾ, ਜੋ ਕਿ ਮੇਪਲ ਰਿੱਜ, ਬੀਸੀ ਵਿੱਚ ਰਹਿੰਦੇ ਹਨ, ਦੀ ਹਵਾਲਗੀ ਲਈ ਭਾਰਤ ਕਈ ਸਾਲਾਂ ਤੋਂ ਕੋਸਿ਼ਸ਼ ਕਰ ਰਿਹਾ ਹੈ ਤਾਂ ਕਿ ਉਨ੍ਹਾਂ ਖਿਲਾਫ ਮਾਮਲੇ ਦੀ ਸੁਣਵਾਈ ਕੀਤੀ ਜਾ ਸਕੇ। ਇਹ ਦੋਵੇਂ ਸਿੱਧੂ ਦੀ ਮਾਂ ਤੇ ਉਸ ਦਾ ਮਾਮਾ ਹਨ। ਪੰਜਾਬ ਵਿੱਚ ਬੀਸੀ ਦੀ ਨੌਜਵਾਨ ਲੜਕੀ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸ ਦੇ ਨੌਜਵਾਨ ਪਤੀ ਸੁਖਵਿੰਦਰ (ਮਿੱਠੂ) ਸਿੱਧੂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਸੀ ਤੇ ਮਰਨ ਲਈ ਛੱਡ ਦਿੱਤਾ ਗਿਆ ਸੀ।
ਜਸਵਿੰਦਰ ਦਾ ਗੁਨਾਹ ਇਹ ਸੀ ਕਿ ਉਸ ਨੇ ਗੁਪਤ ਰੂਪ ਵਿੱਚ ਰਿਕਸ਼ਾ ਚਲਾਉਣ ਵਾਲੇ ਆਪਣੇ ਤੋਂ ਕਿਤੇ ਨੀਵੀਂ ਜਾਤ ਦੇ ਲੜਕੇ ਨਾਲ ਵਿਆਹ ਕਰਵਾਇਆ ਸੀ। ਉਸ ਦੇ ਪਰਿਵਾਰ ਨੇ ਉਸ ਲਈ ਕੈਨੇਡਾ ਵਿੱਚ ਉਸ ਦੀ ਉਮਰ ਨਾਲੋਂ ਕਿਤੇ ਵੱਡਾ ਮੁੰਡਾ ਟੋਲ੍ਹਿਆ ਸੀ ਪਰ ਉਸ ਨੂੰ ਉਸ ਨਾਲ ਵਿਆਹ ਕਰਵਾਉਣਾ ਮਨਜੂ਼ਰ ਨਹੀਂ ਸੀ। 2012 ਵਿੱਚ ਜਸਵਿੰਦਰ ਦੀ ਮਾਂ ਤੇ ਬਦੇਸ਼ਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਨ੍ਹਾਂ ਉੱਤੇ ਦੋਵਾਂ ਪ੍ਰੇਮੀਆਂ ਦਾ ਕਤਲ ਕਰਵਾਉਣ ਦਾ ਸੱ਼ਕ ਵੀ ਸੀ। ਇਸ ਮਾਮਲੇ ਨੂੰ ਅਣਖ ਲਈ ਕੀਤਾ ਗਿਆ ਕਤਲ ਮੰਨਿਆ ਗਿਆ ਸੀ।
ਭਾਰਤ ਦੀ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਲਈ ਜਸਵਿੰਦਰ ਦੀ ਮਾਂ ਤੇ ਉਸ ਦੇ ਭਰਾ ਦੀ ਹਵਾਲਗੀ ਮੰਗੀ ਗਈ ਸੀ ਪਰ ਸਾਬਕਾ ਨਿਆਂ ਮੰਤਰੀ ਪੀਟਰ ਮੈਕੇਅ ਵੱਲੋਂ ਸਾਈਨ ਕੀਤੇ ਗਏ ਸਰੰਡਰ ਆਰਡਰਜ਼ ਨੂੰ ਚੁਣੌਤੀ ਦੇ ਦਿੱਤੀ ਗਈ ਤੇ ਪਿਛਲੇ ਸਾਲ ਬੀਸੀ ਦੀ ਅਪੀਲ ਕੋਰਟ ਵੱਲੋਂ ਆਖਿਰਕਾਰ ਇਨ੍ਹਾਂ ਨੂੰ ਖ਼ਤਮ ਕਰ ਦਿੱਤਾ ਗਿਆ। ਫੈਸਲੇ ਵਿੱਚ ਆਖਿਆ ਗਿਆ ਕਿ ਇਹ ਭੈਣ ਭਰਾ ਹਿੰਸਾ, ਤਸੀਹੇ ਦੇਣ ਤੇ ਜਾਂ ਅਣਗੌਲਿਆਂ ਕਰਨ ਦੇ ਦੋਸ਼ੀ ਹੋ ਸਕਦੇ ਹਨ। ਬਦੇਸ਼ਾ ਦੇ ਵਕੀਲ ਮਾਈਕਲ ਕਲੇਨ ਦਾ ਕਹਿਣਾ ਹੈ ਕਿ ਜੇ ਇਨ੍ਹਾਂ ਭੈਣ ਭਰਾਵਾਂ ਨੂੰ ਭਾਰਤ ਭੇਜਿਆ ਗਿਆ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਤੇ ਇਨ੍ਹਾਂ ਦੀ ਹਿਫਾਜ਼ਤ ਕਰਨਾ ਕੈਨੇਡਾ ਦਾ ਫਰਜ਼ ਹੈ।
ਦੋਵੇਂ ਭੈਣ ਭਰਾ ਬਜ਼ੁਰਗ ਹਨ ਤੇ ਉਨ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਵੀ ਹਨ ਤੇ ਭਾਰਤ ਦੇ ਕੈਦਖਾਨਿਆਂ ਵਿੱਚ ਉਹ ਹੋਰ ਕਮਜ਼ੋਰ ਹੋ ਜਾਣਗੇ।
ਪਰ 46 ਪੰਨਿਆਂ ਦੇ ਅਦਾਲਤ ਵਿੱਚ ਜਮ੍ਹਾਂ ਕਰਵਾਏ ਆਪਣੇ ਪੱਖ ਵਿੱਚ ਅਟਾਰਨੀ ਜਨਰਲ ਆਫ ਕੈਨੇਡਾ ਦਾ ਕਹਿਣਾ ਹੈ ਕਿ ਬੀਸੀ ਦੀ ਅਪੀਲ ਕੋਰਟ ਦੀ ਇਹ ਵੱਡੀ ਗਲਤੀ ਹੈ ਤੇ ਮੰਤਰੀ ਦੇ ਹੁਕਮਾਂ ਨੂੰ ਰੋਕਣ ਲਈ ਅਪੀਲ ਕੋਰਟ ਵੱਲੋਂ ਖਾਹਮਖਾਹ ਕੀਤੀ ਗਈ ਦਖਲਅੰਦਾਜ਼ੀ ਵੀ ਹੈ। ਉਹ ਦੋਵੇਂ ਕੈਨੇਡੀਅਨ ਨਾਗਰਿਕ ਦੀ ਬੇਰਹਮੀ ਨਾਲ ਕੀਤੀ ਗਈ ਹੱਤਿਆ ਲਈ ਜਿੰਮੇਵਾਰ ਹਨ। ਕੈਨੇਡਾ ਦੇ ਆਪਣੀ ਹਵਾਲਗੀ ਸੰਧੀ ਪ੍ਰਤੀ ਵੀ ਕੁੱਝ ਫਰਜ ਬਣਦੇ ਹਨ ਤੇ ਉਨ੍ਹਾਂ ਉੱਤੇ ਸਾਨੂੰ ਖਰਾ ਉਤਰਨਾ ਚਾਹੀਦਾ ਹੈ।