ਅਡਵਾਨੀ, ਜੋਸ਼ੀ, ਉਮਾ ਭਾਰਤੀ ਵਿਰੁੱਧ ਬਾਬਰੀ ਮਸਜਿਦ ਕੇਸ ਵਿੱਚ ਸੁਣਵਾਈ ਅੱਗੇ ਪਈ

advaniਨਵੀਂ ਦਿੱਲੀ, 6 ਅਪ੍ਰੈਲ, (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਕੇਸ ਵਿੱਚਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਤੇ ਹੋਰਨਾਂ ਖਿਲਾਫ਼ ਅਪਰਾਧਿਕ ਸਾਜਿਸ਼ ਰਚਣ ਦਾ ਕੇਸ ਮੁੜ ਤੋਂ ਸ਼ੁਰੂ ਕਰਨ ਦੀ ਪਟੀਸ਼ਨ ਉੱਤੇ ਅੱਜ ਫੈਸਲਾ ਸੁਰੱਖਿਅਤ ਰੱਖ ਲਿਆ। ਸੁਪਰੀਮ ਕੋਰਟ ਇਸ ਦਾ ਵੀ ਫੈਸਲਾ ਕਰੇਗੀ ਕਿ ਵੀ ਵੀ ਆਈ ਪੀ ਦੋਸ਼ੀਆਂ ਦੇ ਖਿਲਾਫ਼ ਸੁਣਵਾਈ ਰਾਏ ਬਰੇਲੀ ਅਦਾਲਤ ਤੋਂ ਲਖਨਊ ਤਬਦੀਲ ਕੀਤੀ ਜਾਵੇ ਜਾਂ ਨਹੀਂ। 6 ਦਸੰਬਰ 1992 ਨੂੰ ਵਿਵਾਦਿਤ ਢਾਂਚਾ ਢਾਹੁਣ ਨਾਲ ਸਬੰਧਿਤ ਦੋ ਤਰ੍ਹਾਂ ਦੇ ਕੇਸ ਹਨ। ਇੱਕ ਕਾਰ ਸੇਵਕਾਂ ਨਾਲ ਸਬੰਧਿਤ ਹੈ, ਜਿਨ੍ਹਾਂ ਦੀ ਸੁਣਵਾਈ ਲਖਨਊ ਦੀ ਅਦਾਲਤ ਵਿੱਚ ਚੱਲ ਰਹੀ ਹੈ, ਦੂਸਰਾ ਮਾਮਲਾ ਰਾਏ ਬਰੇਲੀ ਦੀ ਇਕ ਅਦਾਲਤ ਵਿੱਚ ਵੀ ਵੀ ਆਈ ਪੀਜ਼ ਨਾਲ ਸਬੰਧਿਤ ਚੱਲ ਰਿਹਾ ਹੈ।
ਜਸਟਿਸ ਪੀ ਸੀ ਘੋਸ਼ ਅਤੇ ਜਸਟਿਸ ਆਰ ਐਫ ਨਰੀਮਨ ਦੇ ਬੈਂਚ ਨੇ ਸਾਰੇ ਸਬੰਧਿਤ ਪੱਖਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਫੈਸਲਾ ਰਾਖਵਾਂ ਰੱਖ ਲਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਅਡਵਾਨੀ, ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ ਅਤੇ ਹੋਰਨਾਂ ਖਿਲਾਫ਼ ਮੁੜ ਸੁਣਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। ਸੀ ਬੀ ਆਈ ਨੇ ਬੈਂਚ ਨੂੰ ਕਿਹਾ ਕਿ ਅਡਵਾਨੀ ਤੇ 12 ਹੋਰ ਨੇਤਾ ਵਿਵਾਦਿਤ ਢਾਂਚਾ ਢਾਹੁਣ ਦੀ ਸਾਜਿਸ਼ ਦਾ ਹਿੱਸਾ ਸਨ।
ਅੱਜ ਸੀ ਬੀ ਆਈ ਵੱਲੋਂ ਪੇਸ਼ ਹੋਏ ਵਕੀਲ ਨੀਰਜ ਕਿਸ਼ਨ ਕੌਲ ਨੇ ਦਲੀਲ ਦਿੱਤੀ ਕਿ ਬਾਬਰੀ ਮਸਜਿਦ ਨਾਲ ਸਬੰਧਿਤ ਇਕ ਕੇਸ ਰਾਏ ਬਰੇਲੀ ਦੀ ਅਦਾਲਤ ਵਿੱਚ ਵੀ ਚੱਲ ਰਿਹਾ ਹੈ, ਜਿਸ ਦੀ ਸੁਣਵਾਈ ਲਖਨਊ ਦੀ ਵਿਸ਼ੇਸ਼ ਅਦਾਲਤ ਵਿੱਚ ਇਕੱਠੀ ਹੋਣੀ ਚਾਹੀਦੀ ਹੈ। ਜਾਂਚ ਏਜੰਸੀ ਨੇ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦੇਣਾ ਚਾਹੀਦਾ ਹੈ, ਜਿਸ ਵਿੱਚ ਉਸ ਨੇ ਅਪਰਾਧਿਕ ਸਾਜਿਸ਼ ਦੀ ਧਾਰਾ ਨੂੰ ਹਟਾਇਆ ਸੀ। ਪਿਛਲੇ ਮਹੀਨੇ ਅਦਾਲਤ ਨੇ ਵਿਵਾਦਿਤ ਢਾਂਚਾ ਢਾਹੁਣ ਦੇ ਮਾਮਲੇ ਵਿੱਚ ਸੁਣਵਾਈ ਦੋ ਹਫ਼ਤਿਆਂ ਲਈ ਟਾਲ ਦਿੱਤੀ ਸੀ ਤੇ ਅਡਵਾਨੀ ਸਣੇ 13 ਨੇਤਾਵਾਂ ਨੂੰ ਮਾਮਲੇ ਵਿੱਚ ਐਫੀਡੇਵਿਟ ਦਾਇਰ ਕਰਨ ਦਾ ਆਦੇਸ਼ ਦਿੱਤਾ ਸੀ। ਹੁਣ ਸੁਪਰੀਮ ਕੋਰਟ ਨੇ ਇਹ ਤੈਅ ਕਰਨਾ ਹੈ ਕਿ ਅਡਵਾਨੀ ਸਣੇ 13 ਨੇਤਾਵਾਂ ਉੱਤੇ ਸਾਜਿਸ਼ ਦਾ ਕੇਸ ਚੱਲੇਗਾ ਜਾਂ ਨਹੀਂ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੇਸ 25 ਸਾਲ ਤੋਂ ਬਕਾਇਆ ਪਿਆ ਹੈ, ਹੁਣ ਰੋਜ਼ਾਨਾ ਸਮਾਂ-ਬੱਧ ਤਰੀਕੇ ਨਾਲ ਸੁਣਵਾਈ ਦਾ ਆਦੇਸ਼ ਦੇਣ ਉੱਤੇ ਵਿਚਾਰ ਕੀਤਾ ਜਾਵੇਗਾ, ਤਾਂ ਕਿ ਇਸ ਨੂੰ 2 ਸਾਲ ਦੇ ਅੰਦਰ ਪੂਰਾ ਕੀਤਾ ਜਾ ਸਕੇ।