ਅਠਖੇਲੀਆਂ

-ਬਲਵਿੰਦਰ ਸੰਧੂ

ਇਕ ਦਿਲ ਕਰੇ
ਘਰ ਅੰਬਰਾਂ ‘ਚ ਪਾ ਲਵਾਂ
ਦੂਰ ਇਸ ਦੁਨੀਆ ਤੋਂ
ਜਿੰਦ ਨੂੰ ਵਸਾ ਲਵਾਂ!

ਇਕ ਦਿਲ ਕਰੇ
ਚੰਨ ਪੁੰਨਿਆ ਦਾ ਲਾਹ ਲਵਾਂ
ਡੋਰੀ ‘ਚ ਪਰੋ ਕੇ
ਗਲ ਆਪਣੇ ਮੈਂ ਪਾ ਲਵਾਂ!

ਇਕ ਦਿਲ ਕਰੇ
ਚੰਨ ਰਿਸ਼ਮਾਂ ਚੁਰਾ ਲਵਾਂ
ਬੁਣ ਕੇ ਮੈਂ ਜਾਲ
ਸੀਨਾ ਆਪਣਾ ਸੰਜੋਅ ਲਵਾਂ!

ਇਕ ਦਿਲ ਕਰੇ
ਵਿਹੜੇ ਤਾਰਿਆਂ ਨੂੰ ਬੀਜ ਲਵਾਂ
ਚਿਰਾਂ ਤੋਂ ਹਨੇਰਾ ਮਨ
ਆਪਣਾ ਮੈਂ ਰੀਝ ਲਵਾਂ!

ਇਕ ਦਿਨ ਕਰੇ
ਤੱਤੇ ਜੁਗਨੂੰ ਮੈਂ ਫੜ ਲਵਾਂ
ਜਗੂੰ ਬੁਝੂੰ ਕਰਦੇ ਮੈਂ
ਕੰਧਾਂ ਵਿੱਚ ਜੜ੍ਹ ਲਵਾਂ!

ਇਕ ਦਿਲ ਕਰੇ
ਪੋਹ ਦੀ ਪੁੰਨਿਆਂ ਵਿਆਹ ਲਵਾਂ
ਸਾਉਲੀ ਕੋਈ ਬੱਦਲੀ ਜਾਂ
ਸਾਉਣ ‘ਚ ਨਿਕਾਹ ਲਵਾਂ!

ਇਕ ਦਿਲ ਕਰੇ
ਰੂਹ ਨੀਲੇ ‘ਚ ਰੰਗਾ ਲਵਾਂ
ਸਾਗਰਾਂ ਦਾ ਨੀਰ
ਨਾਂ ਆਪਣੇ ਕਰਾ ਲਵਾਂ!

ਇਕ ਦਿਲ ਕਰੇ
ਦਿਲ ਪੌਣਾਂ ‘ਚ ਉਡਾ ਦਵਾਂ
ਕਾਮੀ ਇਸ ਚੰਦਰੇ ਤੋਂ
ਪੱਲੂ ਮੈਂ ਛੁਡਾ ਲਵਾਂ!