ਅਟਾਰੀ ਬਾਰਡਰ ਨੇੜੇ ਲਾਏ ਸਭ ਤੋਂ ਉਚੇ ਝੰਡੇ ਦੀ ਸੰਭਾਲ ਵੱਡੀ ਸਿਰਦਰਦੀ ਬਣੀ

tallest flag attari
ਅੰਮ੍ਰਿਤਸਰ, 31 ਮਾਰਚ (ਪੋਸਟ ਬਿਊਰੋ)- ਅਟਾਰੀ-ਵਾਹਗਾ ਸਰਹੱਦ ਉੱਤੇ ਲਾਇਆ ਗਿਆ ਭਾਰਤ ਦਾ ਸਭ ਤੋਂ ਉਚਾ ਤਿਰੰਗਾ ਝੰਡਾ ਵਾਰ-ਵਾਰ ਫਟਣ ਨਾਲ ਇਸ ਦੀ ਸੰਭਾਲ ਇਸ ਵੇਲੇ ਪ੍ਰਬੰਧਕਾਂ ਲਈ ਸਿਰਦਰਦੀ ਬਣੀ ਹੋਈ ਹੈ। ਪ੍ਰਬੰਧਕਾਂ ਨੂੰ ਹਾਲੇ ਤੱਕ ਸੰਬੰਧਤ ਕੰਪਨੀ ਵੱਲੋਂ ਪੱਕਾ ਭਰੋਸਾ ਨਹੀਂ ਮਿਲ ਰਿਹਾ ਕਿ 360 ਫੁੱਟ ਉਚਾਈ ‘ਤੇ ਸਥਾਪਤ ਕੀਤਾ 12080 ਫੁੱਟ ਲੰਮਾ ਤੇ ਚੌੜਾ ਝੰਡੇ ਦਾ ਕੱਪੜਾ ਮੁੜ ਕੇ ਨਹੀਂ ਫਟੇਗਾ।
ਮਿਲੀ ਜਾਣਕਾਰੀ ਅਨੁਸਾਰ ਇਹ ਤਿਰੰਗਾ ਝੰਡਾ ਕੁਝ ਸਮਾਂ ਪਹਿਲਾਂ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਸੀ, ਪਰ ਪੰਜ ਮਾਰਚ ਤੋਂ ਲੈ ਕੇ ਅੱਜ ਤੱਕ ਇਸ ਝੰਡੇ ਨੂੰ ਪੰਜ ਵਾਰ ਬਦਲਿਆ ਜਾ ਚੁੱਕਾ ਹੈ, ਫਿਰ ਵੀ ਇਸ ਦਾ ਕੱਪੜਾ ਤੇਜ਼ ਹਵਾ ਕਾਰਨ ਵਾਰ-ਵਾਰ ਫਟ ਜਾਂਦਾ ਹੈ। ਕੱਪੜੇ ਦੇ ਇੰਨੇ ਕੁ ਝੰਡੇ ਦੀ ਕੀਮਤ ਲਗਭਗ ਇਕ ਲੱਖ 25 ਹਜ਼ਾਰ ਰੁਪਏ ਹੈ ਅਤੇ ਇਸ ਦਾ ਭਾਰ ਲਗਭਗ ਸੌ ਕਿਲੋ ਹੈ। ਇਸ ਦੀ ਸੰਭਾਲ ਦਾ ਕੰਮ ਅੰਮ੍ਰਿਤਸਰ ਨਗਰ ਸੁਧਾਰ ਟਰਸੱਟ ਨੂੰ ਸੌਂਪਿਆ ਗਿਆ ਸੀ। ਇਸ ਮਸਲੇ ਨੂੰ ਹੱਲ ਕਰਨ ਅਤੇ ਸੰਭਾਲ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਪੁਲਸ ਦੇ ਬਾਰਡਰ ਰੇਂਜ ਦੇ ਆਈ ਜੀ, ਬੀ ਐਸ ਐਫ ਦੇ ਡੀ ਆਈ ਜੀ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਸੁਧਾਰ ਟਰਸੱਟ ਦੇ ਐਸ ਈ ਅਤੇ ਅਸਟੇਟ ਅਫਸਰ ਨੂੰ ਸ਼ਾਮਲ ਕੀਤਾ ਗਿਆ ਹੈ। ਨਗਰ ਸੁਧਾਰ ਟਰਸੱਟ ਦੇ ਐਸ ਈ ਰਾਜੀਵ ਸੇਖੜੀ ਨੇ ਦੱਸਿਆ ਕਿ ਝੰਡੇ ਦੀ ਸੰਭਾਲ ਬਾਰੇ ਮੁੰਬਈ ਦੀ ਇਕ ਕੰਪਨੀ ਨਾਲ ਗੱਲਬਾਤ ਜਾਰੀ ਹੈ। ਇਸੇ ਕੰਪਨੀ ਨੇ ਪਹਿਲਾਂ ਤਿਰੰਗਾ ਝੰਡਾ ਹਾਸਲ ਕਰਵਾ ਕੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਮਿਲਿਆ ਹੈ। ਕੱਪੜੇ ਦੇ ਝੰਡੇ ਦੇ ਦੁਆਲੇ ਪੈਰਾਸ਼ੂਟ ਵਾਲਾ ਕੱਪੜਾ ਵਰਤਿਆ ਗਿਆ ਹੈ, ਜਿਸ ਨੂੰ ਹੁਣ ਤੱਕ ਕੋਈ ਨੁਕਸਾਨ ਨਹੀਂ ਹੋਇਆ। ਇਸ ਲਈ ਕੰਪਨੀ ਨਾਲ ਪੈਰਾਸ਼ੂਟ ਵਾਲੇ ਕੱਪੜੇ ਨਾਲ ਝੰਡਾ ਤਿਆਰ ਕਰਨ ਲਈ ਗੱਲਬਾਤ ਕੀਤੀ ਜਾ ਰਹੀ ਹੈ।  ਉਨ੍ਹਾਂ ਸਪੱਸ਼ਟ ਕੀਤਾ ਕਿ ਤਿਰੰਗੇ ਝੰਡੇ ਸਬੰਧੀ ਨਿਯਮਾਂ ਵਿੱਚ ਸਿਰਫ ਸੂਤੀ ਕੱਪੜਾ ਵਰਤਿਆ ਜਾ ਸਕਦਾ ਹੈ, ਪਰ ਯਾਦਗਾਰੀ ਝੰਡੇ ਆਦਿ ਲਈ ਅਜਿਹਾ ਕੱਪੜਾ ਵਰਤਿਆ ਜਾ ਸਕਦਾ ਹੈ।
ਕੰਪਨੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਤਿਰੰਗਾ ਝੰਡਾ ਬਣਾਉਣ ਸਮੇਂ ਵੱਖ-ਵੱਖ ਰੰਗਾਂ ਦੇ ਪੈਰਾਸ਼ੂਟ ਵਾਲੇ ਕੱਪੜੇ ਦੀ ਵਰਤੋਂ ਕਰਕੇ ਸਿਲਾਈ ਕੀਤੀ ਜਾਵੇਗੀ, ਪਰ ਹਵਾ ਦੇ ਦਬਾਅ ਨਾਲ ਸਿਲਾਈ ਵਾਲੀ ਥਾਂ ਤੋਂ ਝੰਡਾ ਫਿਰ ਫਟ ਸਕਦਾ ਹੈ। ਇਸ ਦੀ ਕੀਮਤ ਵੀ ਲਗਭਗ ਛੇ ਲੱਖ ਰੁਪਏ ਹੋਵੇਗੀ। ਪ੍ਰਬੰਧਕਾਂ ਨੇ ਕੰਪਨੀ ਕੋਲੋਂ ਘੱਟੋ-ਘੱਟ ਤਿੰਨ ਮਹੀਨੇ ਦੀ ਗਾਰੰਟੀ ਦੀ ਮੰਗ ਕੀਤੀ ਹੈ ਤੇ ਇਸ ਬਾਰੇ ਕੰਪਨੀ ਵੱਲੋਂ 15 ਦਿਨਾਂ ਤੱਕ ਜਵਾਬ ਦਿੱਤਾ ਜਾਵੇਗਾ। ਇਸ ਦੌਰਾਨ ਬੀ ਐਸ ਐਫ ਦੇ ਸੀਨੀਅਰ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਝੰਡੇ ਦਾ ਵਾਰ-ਵਾਰ ਫਟਣਾ ਬੀ ਐਸ ਐਫ ਲਈ ਸ਼ਰਮਿੰਦਗੀ ਦਾ ਸਬੱਬ ਬਣਿਆ ਹੋਇਆ ਹੈ ਤੇ ਪਾਕਿਸਤਾਨ ਦੀ ਫੋਰਸ ਦੇ ਜਵਾਨ ਮਜ਼ਾਕ ਕਰਨ ਲੱਗ ਪਏ ਹਨ।
ਇਸ ਦੌਰਾਨ ਕੱਲ੍ਹ ਇਸ ਸਬੰਧੀ ਨਗਰ ਸੁਧਾਰ ਟਰਸੱਟ ਦੇ ਚੇਅਰਮੈਨ ਨੇ ਪ੍ਰਧਾਨ ਮੰਤਰੀ ਦੇ ਨਾਂਅ ਪੱਤਰ ਭੇਜ ਕੇ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਭਾਰਤ ਦਾ ਸਭ ਤੋਂ ਉਚਾ ਝੰਡਾ ਲਾਉਣ ਵਿੱਚ ਵਿੱਤੀ ਘਪਲਾ ਹੋਇਆ ਹੈ ਅਤੇ ਤਕਨੀਕੀ ਰਾਏ ਵੀ ਨਹੀਂ ਲਈ ਗਈ।