ਅਜੋਕੇ ਵਰਤਾਰੇ ਨੂੰ ਵੇਖ ਕੇ ਸਮਝ ਨਹੀਂ ਆਉਂਦਾ, ਹੱਸਣਾ ਚਾਹੀਦਾ ਹੈ ਜਾਂ ਰੋਣਾ!


-ਜਤਿੰਦਰ ਪਨੂੰ
ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਕਰਜੀ ਨੂੰ ਅਸੀਂ ਹਮੇਸ਼ਾ ਇੱਕ ਸੁਲਝੇ ਹੋਏ ਆਗੂ ਮੰਨਿਆ ਹੈ। ਰਾਜਸੀ ਪੱਖ ਤੋਂ ਉਸ ਦੀਆਂ ਕਈ ਗੱਲਾਂ ਨਾਲ ਸਹਿਮਤ ਨਾ ਹੋਣ ਦੇ ਬਾਵਜੂਦ ਸਾਨੂੰ ਇਹ ਮੰਨਣਾ ਪੈਂਦਾ ਹੈ ਕਿ ਗੱਲ ਵੀ ਸਿਰ ਨਾਲ ਸੋਚਣ ਦੇ ਬਾਅਦ ਕਰਦਾ ਹੈ ਤੇ ਨੁਕਤੇ ਵੀ ਏਨੇ ਠੋਸ ਵਰਤਦਾ ਹੈ ਕਿ ਕੋਈ ਉਸ ਨੂੰ ਛੇਤੀ ਕੀਤੇ ਕੱਟਣ ਦੀ ਹਿੰਮਤ ਨਹੀਂ ਕਰ ਸਕਦਾ। ਇਹੋ ਜਿਹਾ ਸਿਆਣਾ ਬੰਦਾ ਇਸ ਵਾਰੀ ਇੱਕ ਅਣਸੁਖਾਵੇਂ ਵਿਵਾਦ ਵਿੱਚ ਉਲਝ ਗਿਆ ਹੈ। ਉਹ ਆਰ ਐੱਸ ਐੱਸ ਵੱਲੋਂ ਮਿਲੇ ਸੱਦੇ ਉੱਤੇ ਨਾਗਪੁਰ ਵਿੱਚ ਉਨ੍ਹਾਂ ਦੇ ਮੁੱਖ ਦਫਤਰ ਵਿੱਚ ਇੱਕ ਸਮਾਗਮ ਵਿੱਚ ਪਹੁੰਚ ਗਿਆ। ਇਹ ਇੱਕ ਵੱਡੀ ਛਾਲ ਮਾਰਨ ਵਾਲਾ ਕੰਮ ਸੀ ਕਿ ਜਿਨ੍ਹਾਂ ਦੇ ਵਿਰੁੱਧ ਸਾਰੀ ਉਮਰ ਸੋਚ ਦਾ ਸੰਘਰਸ਼ ਕਰਦਾ ਰਿਹਾ ਸੀ, ਉਨ੍ਹਾਂ ਦੀ ਸੱਥ ਵਿੱਚ ਆਪਣੀ ਗੱਲ ਕਹਿਣ ਵਾਸਤੇ ਬੰਦਾ ਬੇਝਿਜਕ ਹੋ ਕੇ ਤੁਰ ਪਿਆ, ਪਰ ਜਿਨ੍ਹਾਂ ਦੇ ਕੋਲ ਗਿਆ ਸੀ, ਉਹ ਲੋਕ ਨਾ ਕਿਸੇ ਦੀ ਹਿੰਮਤ ਦੇ ਕਾਇਲ ਹੋਣ ਵਾਲੇ ਹਨ ਅਤੇ ਨਾ ਆਪੇ ਸੱਦੇ ਹੋਏ ਕਿਸੇ ਮਹਿਮਾਨ ਦਾ ਲਿਹਾਜ਼ ਰੱਖਣ ਵਾਲੇ।
ਪ੍ਰਣਬ ਮੁਕਰਜੀ ਦੇ ਜਾਣ ਤੋਂ ਪਹਿਲਾਂ ਉਸ ਦੇ ਪੁਰਾਣੇ ਕਾਂਗਰਸੀ ਸਾਥੀਆਂ ਨੇ ਵੀ ਕਿਹਾ ਕਿ ਜਾਣਾ ਨਹੀਂ ਚਾਹੀਦਾ ਤੇ ਸਕੀ ਧੀ ਨੇ ਵੀ ਆਖਿਆ ਸੀ ਕਿ ਓਥੇ ਜਾਣ ਨਾਲ ਕਈ ਵਿਵਾਦ ਛਿੜਨਗੇ, ਨਾ ਜਾਓ ਤਾਂ ਚੰਗਾ ਹੈ। ਪ੍ਰਣਬ ਮੁਕਰਜੀ ਰੁਕਣ ਦੀ ਥਾਂ ਇਹ ਕਹਿ ਕੇ ਤੁਰ ਗਿਆ ਕਿ ਇਸ ਬਾਰੇ ਜੋ ਕਹਿਣਾ ਹੈ, ਓਥੇ ਜਾ ਕੇ ਕਹਾਂਗਾ, ਤੇ ਉਸ ਨੇ ਕੀਤਾ ਵੀ ਏਦਾਂ ਹੀ। ਸਾਰੇ ਭਾਰਤ ਦੇ ਟੀ ਵੀ ਚੈਨਲਾਂ ਉੱਤੇ ਨਾਲੋ-ਨਾਲ ਪੇਸ਼ ਹੋਏ ਭਾਸ਼ਣ ਵਿੱਚ ਉਸ ਨੇ ਜਿਹੜਾ ਕੁਝ ਆਖਿਆ, ਇਤਹਾਸ ਦੇ ਸਾਰੇ ਪੱਖਾਂ ਬਾਰੇ ਜਿਸ ਤਰ੍ਹਾਂ ਖੁੱਲ੍ਹ ਕੇ ਗੱਲ ਕੀਤੀ, ਓਦੋਂ ਵੱਧ ਕੀਤੇ ਜਾਣ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ। ਉਸ ਦਾ ਭਾਸ਼ਣ ਸੁਣਨ ਪਿੱਛੋਂ ਸ਼ਾਇਦ ਸੰਘ ਪਰਵਾਰ ਦਾ ਮੁਖੀ ਸੋਚਦਾ ਹੋਵੇਗਾ ਕਿ ਇਹੋ ਜਿਹੇ ਵਿਅਕਤੀ ਨੂੰ ਨਾ ਸੱਦਦੇ ਤਾਂ ਜ਼ਿਆਦਾ ਚੰਗਾ ਹੋਣਾ ਸੀ। ਇੱਕ ਭੁੱਲ ਉਹ ਖੁਦ ਕਰ ਗਿਆ। ਅੱਜ ਤੱਕ ਓਥੇ ਆਏ ਹਰ ਖਾਸ ਵਿਅਕਤੀ ਦੇ ਭਾਸ਼ਣ ਪਿੱਛੋਂ ਸੰਘ ਪਰਵਾਰ ਦਾ ਮੁਖੀ ਬੋਲਦਾ ਹੁੰਦਾ ਸੀ ਤੇ ਕੋਈ ਉੱਨੀ-ਇੱਕੀ ਹੋਈ ਹੁੰਦੀ ਤਾਂ ਇਸ ਬਹਾਨੇ ਉਹ ਪੋਚਾ ਮਾਰਨ ਦਾ ਮੌਕਾ ਵਰਤ ਲੈਂਦਾ ਸੀ। ਇਸ ਵਾਰੀ ਬਾਅਦ ਵਿੱਚ ਧੰਨਵਾਦ ਕਰਨ ਦੀ ਥਾਂ ਉਸ ਨੇ ਸਵਾਗਤ ਕੀਤਾ ਤੇ ਸਵਾਗਤ ਮੌਕੇ ਇਹ ਵੀ ਕਹਿ ਦਿੱਤਾ ਕਿ ਸਾਡੇ ਕੋਲ ਪ੍ਰਣਬ ਮੁਕਰਜੀ ਦੇ ਆਉਣ ਦਾ ਕਈ ਲੋਕਾਂ ਨੇ ਬੇਲੋੜਾ ਵਿਰੋਧ ਕੀਤਾ ਹੈ, ਏਥੇ ਆਉਣ ਪਿੱਛੋਂ ਵੀ ਪ੍ਰਣਬ ਮੁਕਰਜੀ ਨੇ ਪ੍ਰਣਬ ਮੁਕਰਜੀ ਰਹਿਣਾ ਹੈ ਤੇ ਸੰਘ ਨੇ ਸੰਘ ਹੀ ਰਹਿਣਾ ਹੈ। ਜੇ ਦੋਵਾਂ ਨੇ ਆਪੋ ਆਪਣੀ ਪਹਿਲੀ ਪੁਜ਼ੀਸ਼ਨ ਵਿੱਚ ਹੀ ਰਹਿਣਾ ਹੈ ਤਾਂ ਫਿਰ ਇਹ ਖੇਚਲ ਕਰਨ ਦੀ ਲੋੜ ਕੀ ਸੀ?
ਬਹੁਤ ਸਿਆਣਾ ਸਮਝਿਆ ਜਾਣ ਵਾਲਾ ਪ੍ਰਣਬ ਮੁਕਰਜੀ ਜਿਹੜੀ ਗੱਲ ਉੱਤੇ ਉਲਝ ਗਿਆ, ਉਹ ਆਰ ਐੱਸ ਐੱਸ ਦੇ ਸਮਾਗਮ ਤੋਂ ਬਾਅਦ ਸਾਹਮਣੇ ਆਈ ਹੈ। ਉਸ ਦੀ ਇੱਕ ਫੋਟੋ ਅਗਲੀ ਸਵੇਰ ਤੱਕ ਸੋਸ਼ਲ ਮੀਡੀਆ ਵਿੱਚ ਆ ਗਈ ਤੇ ਇਸ ਬਾਰੇ ਹੋਰਨਾਂ ਤੋਂ ਪਹਿਲਾਂ ਪ੍ਰਣਬ ਮੁਕਰਜੀ ਦੀ ਧੀ ਸ਼ਰਮਿਸ਼ਠਾ ਮੁਕਰਜੀ ਨੇ ਹੀ ਟਿਪਣੀ ਕਰ ਦਿੱਤੀ ਕਿ ਭਾਜਪਾ ਦਾ ‘ਡਰਟੀ ਟ੍ਰਿਕਸ ਡਿਪਾਰਟਮੈਂਟ` ਬੜੇ ਨੀਵੇਂ ਪੱਧਰ ਨੂੰ ਪਹੁੰਚ ਗਿਆ ਹੈ। ਸੰਘ ਪਰਵਾਰ ਦਾ ਮੁਖੀ ਕਹਿੰਦਾ ਹੈ ਕਿ ਇਹ ਕੰਮ ਸਾਡੇ ਕਿਸੇ ਬੰਦੇ ਨੇ ਨਹੀਂ ਕੀਤਾ। ਇਹ ਵੀ ਸੁਣਿਆ ਹੈ ਕਿ ਸੰਘ ਦੇ ਮੁਖੀ ਨੇ ਇਸ ਹਰਕਤ ਨੂੰ ਸੰਘ ਦੇ ਖਿਲਾਫ ਸਾਜ਼ਿਸ਼ ਕਿਹਾ ਹੈ। ਉਸ ਦੀ ਟਿਪਣੀ ਦੇ ਪੱਖ ਜਾਂ ਵਿਰੋਧ ਵਿੱਚ ਕੁਝ ਕਹਿਣ ਦੀ ਥਾਂ ਕਰਨ ਵਾਲਾ ਕੰਮ ਕੇਂਦਰ ਸਰਕਾਰ ਦਾ ਹੈ। ਉਹ ਸੰਘ ਪਰਵਾਰ ਦੇ ਨੇੜ ਵਾਲੀ ਹੈ ਤੇ ਇਹ ਜਾਂਚ ਕਰਵਾ ਸਕਦੀ ਹੈ ਕਿ ਫੋਟੋ ਵਿੱਚ ਕੱਟ-ਵੱਢ ਕਰ ਕੇ ਪ੍ਰਣਬ ਮੁਕਰਜੀ ਦੇ ਸਿਰ ਉੱਤੇ ਆਰ ਐੱਸ ਐੱਸ ਵਾਲੀ ਟੋਪੀ ਫਲਾਣੇ ਕੰਪਿਊਟਰ ਤੋਂ ਪਾਈ ਗਈ ਹੈ। ਕੁਝ ਟੀ ਵੀ ਚੈਨਲ ਅੱਜਕੱਲ੍ਹ ‘ਵਾਇਰਲ ਸੱਚ` ਦਾ ਪ੍ਰੋਗਰਾਮ ਚਲਾਉਂਦੇ ਹਨ ਤੇ ਇਹ ਗੱਲ ਹਰ ਕੋਈ ਜਾਣਦਾ ਹੈ ਕਿ ਏਦਾਂ ਦੀਆਂ ਘਾੜਤਾਂ ਨੂੰ ਸਾਈਬਰ ਕਰਾਈਮ ਵਿਰੁੱਧ ਚੌਕਸੀ ਲਈ ਬਣਾਇਆ ਗਿਆ ਸੈੱਲ ਫੋਲਣ ਲੱਗ ਜਾਵੇ ਤਾਂ ਇਸ ਦਾ ਖੁਰਾ ਲੱਭ ਸਕਦਾ ਹੈ।
ਉਂਜ ਪ੍ਰਣਬ ਮੁਕਰਜੀ ਦੀ ਫੋਟੋ ਨਾਲ ਛੇੜ-ਛਾੜ ਦਾ ਮਾਮਲਾ ਇਕੱਲਾ ਤਾਂ ਨਹੀਂ। ਹਾਲੇ ਕੁਝ ਦਿਨ ਹੋਏ, ਇੱਕ ਬੜੇ ਸੀਨੀਅਰ ਵਕੀਲ ਨੇ ਸਾਨੂੰ ਇੱਕ ਵੀਡੀਓ ਕਲਿਪ ਭੇਜ ਦਿੱਤੀ, ਜਿਸ ਵਿੱਚ ਰਾਜਸਥਾਨ ਦਾ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਜਿਹੜਾ ਸੀਨੀਅਰ ਕਾਂਗਰਸੀ ਆਗੂ ਹੈ, ਇਹ ਕਹਿੰਦਾ ਪਿਆ ਸੀ ਕਿ ‘ਇਹ ਡੈਮ ਬਣਾਈ ਜਾਂਦੇ ਨੇ, ਡੈਮ ਬਣਾ ਕੇ ਜਦੋਂ ਬਿਜਲੀ ਕੱਢ ਲਈ ਤਾਂ ਖੇਤਾਂ ਵਿੱਚ ਫਸਲ ਦੇ ਪੱਲੇ ਕੀ ਪਵੇਗਾ?` ਉਸ ਸੀਨੀਅਰ ਵਕੀਲ ਨੂੰ ਗੁੱਸਾ ਚੜ੍ਹਿਆ ਸੀ ਕਿ ਕਾਂਗਰਸ ਦੇ ਇਸ ਸੀਨੀਅਰ ਲੀਡਰ ਨੂੰ ਇਹ ਕੀ ਹੋ ਗਿਆ ਹੈ? ਅਸੀਂ ਦੱਸਿਆ ਕਿ ਇਹ ਲਫਜ਼ ਕਾਂਗਰਸ ਆਗੂਆਂ ਵੱਲੋਂ ਪਿਛਲੇ ਹਫਤੇ ਕੀਤੀ ਗਈ ਇੱਕ ਪ੍ਰੈੱਸ ਕਾਨਫਰੰਸ ਦੇ ਹਨ, ਜਿੱਥੇ ਕਿਹਾ ਕੁਝ ਹੋਰ ਸੀ ਤੇ ਇਸ ਦੇ ਕੁਝ ਲਫਜ਼ ਸ਼ੁਰੂ ਤੋਂ ਕੱਟ ਕੇ ਬਾਕੀ ਇਸ ਤਰ੍ਹਾਂ ਪੇਸ਼ ਕੀਤੇ ਗਏ ਹਨ ਕਿ ਅਸ਼ੋਕ ਗਹਿਲੋਤ ਦਾ ਕਿਹਾ ਜਾਪਦਾ ਹੈ। ਓਸੇ ਸ਼ਾਮ ਨੂੰ ਏ ਬੀ ਪੀ ਨਿਊਜ਼ ਦੇ ਵਾਇਰਲ ਸੱਚ ਪ੍ਰੋਗਰਾਮ ਨੇ ਉਹ ਵੀਡੀਓ ਕਲਿੱਪ ਵਿਖਾ ਕੇ ਫਿਰ ਉਹ ਪਿਛਲੇ ਹਫਤੇ ਦੀ ਪ੍ਰੈੱਸ ਕਾਨਫਰੰਸ ਤੇ ਉਸ ਵਿੱਚ ਬੋਲਦਾ ਅਸ਼ੋਕ ਗਹਿਲੋਤ ਸੁਣਾ ਦਿੱਤਾ, ਜਿੱਥੇ ਉਹ ਕਹਿ ਰਿਹਾ ਸੀ ਕਿ ਜਦੋਂ ਸਾਡੀ ਸਰਕਾਰ ਨੇ ਡੈਮ ਬਣਵਾਏ ਸੀ, ਜਨ ਸੰਘ ਵਾਲੇ ਇਹ ਕਹਿੰਦੇ ਸਨ ਕਿ ਬਿਜਲੀ ਕੱਢ ਲਈ ਹੈ, ਖੇਤ ਵਿੱਚ ਫਸਲ ਦੇ ਪੱਲੇ ਕੀ ਪਵੇਗਾ? ਇਸ ਦੇ ਸ਼ੁਰੂ ਅਤੇ ਅੰਤ ਵਾਲੇ ਲਫਜ਼ ਕੱਢ ਕੇ ਬਾਕੀ ਸਾਰਾ ਕੁਝ ਏਦਾਂ ਪੇਸ਼ ਕੀਤਾ ਗਿਆ ਸੀ ਕਿ ਅਸ਼ੋਕ ਗਹਿਲੋਤ ਦਾ ਕਿਹਾ ਸਮਝਿਆ ਜਾ ਸਕਦਾ ਸੀ। ਇਸ ਤਰ੍ਹਾਂ ਦੀਆਂ ਕਈ ਗੱਲਾਂ ਪਹਿਲਾਂ ਵੀ ਹੋਈਆਂ ਸਨ। ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨੂੰ ਫਸਾਉਣ ਵਾਸਤੇ ਵੀ ਇੱਕ ਵੀਡੀਓ ਏਸੇ ਤਰ੍ਹਾਂ ਪਰੋਸਣ ਦਾ ਕੰਮ ਹੋਇਆ ਸੀ ਤੇ ਬਾਅਦ ਵਿੱਚ ਉਹ ਸਾਬਤ ਨਹੀਂ ਸੀ ਕੀਤੀ ਜਾ ਸਕਦੀ, ਇਸ ਕਰ ਕੇ ਅਜੇ ਤੱਕ ਕਨ੍ਹਈਆ ਵਾਲੇ ਉਸ ਮਾਮਲੇ ਵਿੱਚ ਅਦਾਲਤੀ ਕਾਰਵਾਈ ਕਿਸੇ ਪਾਸੇ ਅੱਗੇ ਨਹੀਂ ਤੋਰੀ ਗਈ, ਓਥੇ ਹੀ ਰੁਕੀ ਹੋਈ ਹੈ।
ਅਸ਼ੋਕ ਗਹਿਲੋਤ ਨੂੰ ਛੱਡ ਕੇ ਫਿਰ ਓਸੇ ਗੱਲ ਵੱਲ ਆਈਏ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਨਾਗਪੁਰ ਦੇ ਏਸੇ ਕੇਂਦਰ ਵਿੱਚ ਲਾਲ ਬਹਾਦਰ ਸ਼ਾਸਤਰੀ ਵੀ ਆਏ ਸਨ, ਫਲਾਣਾ-ਫਲਾਣਾ ਹੋਰ ਵੀ ਆਏ ਸਨ, ਪਰ ਉਨ੍ਹਾਂ ਨੇ ਓਥੇ ਆਣ ਕੇ ਆਖਿਆ ਕੀ ਸੀ, ਇਹ ਨਹੀਂ ਦੱਸਿਆ ਜਾ ਰਿਹਾ। ਦੱਸਿਆ ਜਾਵੇਗਾ ਤਾਂ ਸੱਚ ਹੋਣਾ ਯਕੀਨੀ ਨਹੀਂ। ਅਸੀਂ ਉਸ ਦੌਰ ਵਿੱਚੋਂ ਲੰਘ ਰਹੇ ਹਾਂ, ਜਿੱਥੇ ਅਰਥਾਂ ਦੇ ਅਨਰਥ ਕਰਨ ਅਤੇ ਇਤਹਾਸ ਨੂੰ ਆਪਣੀ ਮਰਜ਼ੀ ਮੁਤਾਬਕ ਤੋੜ-ਭੰਨ ਕੇ ਪੇਸ਼ ਕਰਨ ਦੇ ਸਾਰੇ ਕੰਮ ਹੋ ਰਹੇ ਹਨ। ਇੱਕ ਜਣਾ ਕਹਿੰਦਾ ਹੈ ਕਿ ਭਗਵਾਨ ਸ਼ਿਵ ਦੇ ਵਕਤ ਭਾਰਤ ਵਿੱਚ ਪਲਾਸਟਿਕ ਸਰਜਰੀ ਕਰਨ ਵਾਲੇ ਡਾਕਟਰ ਮੌਜੂਦ ਸਨ, ਜਿਨ੍ਹਾਂ ਨੇ ਹਾਥੀ ਦਾ ਸਿਰ ਗਣੇਸ਼ ਭਗਵਾਨ ਨੂੰ ਲਾਇਆ ਸੀ। ਦੂਸਰਾ ਕਹਿੰਦਾ ਹੈ ਕਿ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮਹਾਂਭਾਰਤ ਦੇ ਦੌਰ ਵਿੱਚ ਸਾਡੇ ਦੇਸ਼ ਵਿੱਚ ਵਾਟਸ-ਐਪ ਵੀਡੀਓ ਕਾਨਫਰੰਸ ਵਰਗਾ ਸਿਸਟਮ ਮੌਜੂਦ ਸੀ, ਜਿਸ ਨਾਲ ਮਹਿਲ ਵਿੱਚ ਬੈਠੇ ਧ੍ਰਿਤਰਾਸ਼ਟਰ ਨੂੰ ਉਸ ਦਾ ਸੇਵਕ ਸੰਜੇ ਕੌਰਵ-ਪਾਂਡਵ ਜੰਗ ਵਾਲਾ ਸਾਰਾ ਹਾਲ ਕ੍ਰਿਕਟ ਦੀ ਕੁਮੈਂਟਰੀ ਵਾਂਗ ਨਾਲੋ-ਨਾਲ ਦੱਸੀ ਜਾਂਦਾ ਸੀ। ਪਿਛਲੇ ਹਫਤੇ ਹੋਰ ਕਮਾਲ ਹੋ ਗਈ। ਭਾਜਪਾ ਦੇ ਇੱਕ ਲੀਡਰ ਨੇ ਕਹਿ ਦਿੱਤਾ ਕਿ ਨਾਰਦ ਮੁਨੀ ਇਸ ਦੁਨੀਆ ਦਾ ਸਭ ਤੋਂ ਪਹਿਲਾ ਪੱਤਰਕਾਰ ਸੀ। ਅਸੀਂ ਲੋਕ ਬਚਪਨ ਤੋਂ ਲੈ ਕੇ ਇਹ ਸੁਣਦੇ ਸਾਂ ਕਿ ਨਾਰਦ ਮੁਨੀ ਅਸਲ ਵਿੱਚ ਰਿਸ਼ੀ ਦੇ ਰੂਪ ਵਿੱਚ ਲਾਉਣ-ਬੁਝਾਉਣ ਦਾ ਕੰਮ ਕਰਦਾ ਸੀ। ਫਿਲਮਾਂ ਵਿੱਚ ਵੀ ਅਸੀਂ ਉਸ ਦਾ ਇਹੋ ਅਕਸ ਪੇਸ਼ ਹੁੰਦਾ ਵੇਖਿਆ ਸੀ। ਸਮਾਜ ਵਿੱਚ ਹਰ ਲਾਉਣ-ਬੁਝਾਉਣ ਵਾਲੇ ਨੂੰ ਲੋਕ ਨਾਰਦ ਕਹਿ ਕੇ ਮਜ਼ਾਕ ਉਡਾਇਆ ਕਰਦੇ ਸਨ। ਭਾਜਪਾ ਆਗੂਆਂ ਨੇ ਜੇ ਨਾਰਦ ਨੂੰ ਦੁਨੀਆ ਦਾ ਪਹਿਲਾ ਪੱਤਰਕਾਰ ਬਣਾ ਧਰਿਆ ਹੈ ਤਾਂ ਇਹ ਪਤਾ ਨਹੀਂ ਲੱਗ ਰਿਹਾ ਕਿ ਇਸ ਨਾਲ ਨਾਰਦ ਦਾ ਮਾਣ ਵਧਿਆ ਹੈ ਜਾਂ ਪੱਤਰਕਾਰਾਂ ਦਾ ਜਲੂਸ ਨਿਕਲਿਆ ਹੈ? ਮੈਨੂੰ ਲੱਗਦਾ ਹੈ ਕਿ ਇਸ ਨਵੇਂ ਦੌਰ ਵਿੱਚ ਪ੍ਰਣਬ ਮੁਕਰਜੀ ਤੋਂ ਲੈ ਕੇ ਛੋਟੇ-ਮੋਟੇ ਪੱਤਰਕਾਰਾਂ ਤੱਕ ਸਭ ਨਾਲ ਜਿੱਦਾਂ ਦਾ ਮਜ਼ਾਕ ਹੋ ਰਿਹਾ ਹੈ, ਉਸ ਦੇ ਬਾਅਦ ਇਹ ਸਮਝ ਨਹੀਂ ਆਉਂਦਾ ਕਿ ਸਾਨੂੰ ਹੱਸਣਾ ਚਾਹੀਦਾ ਹੈ ਕਿ ਰੋਣਾ!