ਅਜੋਕੀ ਸਥਿਤੀ ਲਈ ਦੋਸ਼ ਕਿਸ ਨੂੰ ਦੇਈਏ

-ਦੇਵੀ ਚੇਰੀਅਨ
ਪਿਛਲੇ ਹਫਤੇ ਮੇਰਾ ਰਸੋਈਆ ਮੇਰੇ ਕੋਲ ਆਇਆ ਅਤੇ ਉਸ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਪ੍ਰੀਖਿਆ ਨਤੀਜਾ ਆਇਆ ਹੈ ਅਤੇ ਉਸ ਨੇ 68 ਫੀਸਦੀ ਨੰਬਰ ਲਏ ਹਨ, ਪਰ ਉਹ ਆਪਣੇ ਬੇਟੇ ਦੇ ਨੰਬਰਾਂ ਤੋਂ ਖੁਸ਼ ਨਹੀਂ ਸੀ।
ਸਮੇਂ ਦੇ ਨਾਲ ਨਾਲ ਜਿਵੇਂ-ਜਿਵੇਂ ਅਸੀਂ ਸਕੂਲ-ਕਾਲਜ ਵਿੱਚ ਵੱਡੇ ਹੋਏ, 68 ਫੀਸਦੀ ਨੰਬਰ ਬਹੁਤ ਵਧੀਆ ਮੰਨੇ ਜਾਂਦੇ ਸਨ। ਇਹ ਇੱਕ ਮਾਣ ਵਾਲੀ ਗੱਲ ਹੁੰਦੀ ਸੀ, ਪਰ ਮੇਰੇ ਰਸੋਈਏ ਨੇ ਕਿਹਾ ਕਿ ‘‘ਮੈਡਮ, ਇੰਨੇ ਨੰਬਰਾਂ ਨਾਲ ਤਾਂ ਅੱਜ ਕੋਈ ਉਸ ਵੱਲ ਧਿਆਨ ਵੀ ਨਹੀਂ ਦੇਵੇਗਾ ਤੇ ਕਾਲਜ ਵਿੱਚ ਦਾਖਲਾ ਲੈਣਾ ਅਸੰਭਵ ਹੋਵੇਗਾ।”
ਮੈਨੂੰ ਪਤਾ ਸੀ ਕਿ ਉਹ ਸੱਚ ਕਹਿ ਰਿਹਾ ਸੀ, ਪਰ ਮੈਂ ਇਹ ਨਹੀਂ ਜਾਣਦੀ ਸੀ ਕਿ ਉਸ ਨੂੰ ਤਸੱਲੀ ਕਿਵੇਂ ਦੇਵਾਂ ਕਿਉਂਕਿ ਮੈਂ ਜੋ ਕੁਝ ਵੀ ਕਹਿੰਦੀ ਸੀ, ਉਸ ਦਾ ਉਸ ਦੇ ਲਈ ਕੋਈ ਅਰਥ ਨਹੀਂ ਸੀ। ਉਸ ਨੇ ਆਪਣੇ ਬੇਟੇ ਨੂੰ ਚੰਗੀ ਸਿਖਿਆ ਦਿਵਾਉਣ ਲਈ ਸਾਰੀ ਉਮਰ ਬੱਚਤ ਕੀਤੀ।
ਮੈਨੂੰ ਪੂਰਾ ਯਕੀਨ ਹੈ ਕਿ ਉਸ ਨੇ ਆਪਣੇ ਬੇਟੇ ਨੂੰ ਇੱਕ ਵਧੀਆ ਅੰਗਰੇਜ਼ੀ ਮੀਡੀਆ ਵਾਲੇ ਸਕੂਲ ਵਿੱਚ ਦਾਖਲਾ ਦਿਵਾਉਣ, ਟਿਊਸ਼ਨ ਪੜ੍ਹਾਉਣ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਪਣੀ ਜ਼ਿੰਦਗੀ ਥੁੜ੍ਹਾਂ ਵਿੱਚ ਬਤੀਤ ਕੀਤੀ।
ਮੈਂ ਉਸ ਦੇ ਬੇਟੇ ਨੂੰ ਕਈ ਵਾਰ ਮਿਲੀ। ਉਹ ਸਮਝਦਾਰ ਹੈ, ਬਹੁਤ ਵਧੀਆ ਬੋਲਦਾ ਹੈ ਤੇ ਕੰਪਿਊਟਰ ਵਿੱਚ ਵੀ ਮਾਹਰ ਹੈ। ਇਸ ਸਾਲ ਵੀ ਉਸ ਨੇ ਇਸੇ ਵਿਸ਼ੇ ‘ਚ ਜ਼ਿਆਦਾ ਨੰਬਰ ਲਏ। ਉਸ ਨੇ ਜ਼ੋਰ ਦੇ ਕੇ ਮੈਨੂੰ ਕਿਹਾ ਕਿ ਅੱਜਕੱਲ੍ਹ ਰਹਿਣ-ਸਹਿਣ ਕਿੰਨਾ ਖਰਚੀਲਾ ਹੋ ਗਿਆ ਹੈ। ਚਾਹੇ ਸਬਜ਼ੀਆਂ ਹੋਣ ਜਾਂ ਪੈਟਰੋਲ ਜਾਂ ਰੋਜ਼ਮੱਰਾ ਦੀਆਂ ਹੋਰ ਚੀਜ਼ਾਂ, ਹਰ ਇੱਕ ਚੀਜ਼ ਦਾ ਭਾਅ ਆਸਮਾਨ ਨੂੰ ਛੂਹ ਰਿਹਾ ਹੈ।
ਇਸ ਉਮਰ ਵਿੱਚ ਕੋਈ ਹੁਣ ਕੀ ਕਰਨ ਬਾਰੇ ਸੋਚ ਸਕਦਾ ਹੈ? ਸਾਨੂੰ ਸਭ ਨੂੰ ਪਤਾ ਹੈ ਕਿ ਮਹਿੰਗਾਈ ਵਧੀ ਹੋਈ ਹੈ, ਜਿਸ ਕਾਰਨ ਆਮ ਮੱਧਵਰਗ ਦੇ ਲੋਕਾਂ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ, ਖਾਸ ਕਰ ਕੇ ਦਿੱਲੀ ਵਰਗੇ ਸ਼ਹਿਰ ਵਿੱਚ।
ਆਪਣੇ ਬੱਚੇ ਨੂੰ ਇੱਕ ਚੰਗੇ ਸਕੂਲ ‘ਚ ਦਾਖਲ ਕਰਵਾਉਣ ਦਾ ਅਰਥ ਹੈ ਉਸ ਨੂੰ ਵਧੀਆ ਕੱਪੜੇ ਮੁਹੱਈਆ ਕਰਵਾਉਣਾ ਅਤੇ ਸੁੱਘੜ ਨਜ਼ਰ ਆਉਣ ਵਾਲਾ ਬਣਾਉਣਾ ਤਾਂ ਕਿ ਬਾਕੀ ਵਿਦਿਆਰਥੀ ਉਸ ਨੂੰ ਦੇਖ ਕੇ ਉਸ ਦਾ ਮਜ਼ਾਕ ਨਾ ਉਡਾਉਣ, ਪਰ ਇਹ ਬਹੁਤ ਹੀ ਮੁਸ਼ਕਲ ਕੰਮ ਹੈ।
ਵਪਾਰੀ ਵਰਗ, ਫੜ੍ਹੀ ਲਾਉਣ ਾਲੇ ਆਦਿ ਸਾਰੇ ਰੋ ਰਹੇ ਹਨ। ਉਨ੍ਹਾਂ ਕੋਲ ਕੋਈ ਰਾਹ ਨਹੀਂ ਹੈ। ਮੈਂ ਇਥੇ ਸਿਆਸੀ ਨਹੀਂ ਹੋ ਰਹੀ, ਸਗੋਂ ਇਸ ਦੇਸ਼ ਦੀ ਇੱਕ ਮੱਧਵਰਗੀ ਨਾਗਰਿਕ ਵਜੋਂ ਗੱਲ ਕਰ ਰਹੀ ਹਾਂ। ਅੱਜ ਕੋਈ ਵੀ ਦਾਲ 100 ਰੁਪਏ ਕਿਲੋ ਤੋਂ ਘੱਟ ਨਹੀਂ ਹੈ। ਪੁਰਾਣੇ ਸਮੇਂ ਵਿੱਚ ਮਜ਼ਦੂਰ ਵਰਗ ਲੂਣ-ਪਿਆਜ਼ ਨਾਲ ਰੋਟੀ ਖਾ ਲੈਂਦਾ ਸੀ, ਪਰ ਇਨ੍ਹੀਂ ਦਿਨੀਂ ਤਾਂ ਇਹ ਚੀਜ਼ਾਂ ਵੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ।
ਜੇ ਅੱਜ ਤੁਸੀਂ ਮਜ਼ਦੂਰ ਵਰਗ ‘ਤੇ ਨਜ਼ਰ ਮਾਰੋ ਤਾਂ ਤੁਹਾਡਾ ਦਿਲ ਰੋਣ ਨੂੰ ਕਰੇਗਾ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਹੋ ਗਈਆਂ ਹਨ ਕਿ ਜ਼ਿੰਦਗੀ ਦੀ ਗੱਡੀ ਆਸਾਨੀ ਨਾਲ ਚਲਾਉਣੀ ਅਸੰਭਵ ਹੋ ਗਈ ਹੈ।
ਨਵੀਂ ਕੇਂਦਰ ਸਰਕਾਰ ਨੇ ਲੋਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤੇ ਹਨ ਤੇ ਉਦੋਂ ਭਰਿਆ ਸਿਲੰਡਰ ਵੀ ਮੁਫਤ ਦਿੱਤਾ ਗਿਆ ਸੀ। ਜਿਸ ਗਰੀਬ ਆਦਮੀ ਨੂੰ ਵੀ ਕੁਨੈਕਸ਼ਨ ਮਿਲਿਆ, ਉਸ ਨੇ ਨਾਲ ਮਿਲੇ ਸਿਲੰਡਰ ਦਾ ਇਸਤੇਮਾਲ ਕੀਤਾ, ਪਰਬਾਅਦ ਵਿੱਚ ਸਿਲੰਡਰ ਨੂੰ ਰੀਫਿਲ ਨਹੀਂ ਕਰਵਾ ਸਕਿਆ ਕਿਉਂਕਿ ਸਿਲੰਡਰ ਦੀ ਕੀਮਤ ਲਗਭਗ 800 ਰੁਪਏ ਹੈ। ਇਸ ਲਈ ਇੱਕ ਵਾਰ ਸਿਲੰਡਰ ਵਰਤ ਕੇ ਘਰ ਵਿੱਚ ਉਸ ਨੂੰ ਇੱਕ ਸ਼ੋਅਪਸੀ ਵਾਂਗ ਰੱਖ ਲਿਆ ਗਿਆ।
ਦਿੱਲੀ ਵਿੱਚ ਘੱਟ ਆਮਦਨ ਵਾਲੇ ਲੋਕ ਕੇਜਰੀਵਾਲ ਤੋਂ ਖੁਸ਼ ਹਨ ਕਿਉਂਕਿ ਉਹ ਹੁਣ ਉਨ੍ਹਾਂ ਨੂੰ ਲਗਭਗ ਮੁਫਤ ਬਿਜਲੀ ਤੇ ਪਾਣੀ ਦੇ ਰਹੇ ਹਨ। ਸਵਾਲ ਇਹ ਉਠਦਾ ਹੈ ਕਿ ਕਦੋਂ ਤੱਕ? ਜ਼ਮੀਨ ਹੇਠਲਾ ਪਾਣੀ ਹਰ ਰੋਜ਼ ਘਟਦਾ ਜਾ ਰਿਹਾ ਹੈ ਤੇ 46-47 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਔਰਤਾਂ, ਬੱਚੇ ਅਤੇ ਮਰਦ ਪਾਣੀ ਦੀਆਂ ਬਾਲਟੀਆਂ ਭਰਨ ਲਈ ਲਾਈਨਾਂ ਵਿੱਚ ਲੱਗੇ ਰਹਿੰਦੇ ਹਨ।
ਮੈਨੂੰ ਸਮਝ ਨਹੀਂ ਆਉਂਦੀ ਕਿ ਅੱਜ ਅਸੀਂ ਜਿਸ ਸਥਿਤੀ ਵਿੱਚ ਹਾਂ, ਉਸ ਦੇ ਲਈ ਕਿਸ ਨੂੰ ਦੋੇਸ਼ ਦੇਈਏ, ਮੌਸਮ ਨੂੰ, ਸਰਕਾਰ ਨੂੰ ਜਾਂ ਖੁਦ ਨੂੰ? ਜੋ ਵੀ ਹੋਵੇ, ਲੋਕ ਨਿਰਾਸ਼ ਹਨ।
ਮੇਰੇ ਰਸੋਈਏ ਦੀ ਗੱਲ ‘ਤੇ ਵਾਪਸ ਆਉਂਦੇ ਹਾਂ। ਉਹ ਛੇ ਕਾਲਜਾਂ ਵਿੱਚ ਜਾ ਚੁੱਕਾ ਹੈ ਤੇ ਮੈਨੂੰ ਪਤਾ ਹੈ ਕਿ ਬੱਚੇ ਨੂੰ ਕਿਤੇ ਦਾਖਲਾ ਨਹੀਂ ਮਿਲੇਗਾ। ਇਸ ਸਥਿਤੀ ਵਿੱਚ ਉਸ ਨੇ ਕੀ ਕੀਤਾ? ਉਸ ਨੇ ਆਪਣੇ ਬੱਚੇ ਨੂੰ ਕੰਪਿਊਟਰ ਕਲਾਸਾਂ ਵਿੱਚ ਪਾ ਦਿੱਤਾ ਤਾਂ ਕਿ ਉਥੇ ਕਿਸੇ ਵਿਸ਼ੇਸ਼ ਕੋਰਸ ਵਿੱਚ ਮੁਹਾਰਤ ਹਾਸਲ ਕਰ ਸਕੇ। ਅੱਜ ਜਿਸ ਤਰ੍ਹਾਂ ਦੀ ਮੁਕਾਬਲੇਬਾਜ਼ੀ ਹਰ ਪਾਸੇ ਹੈ, ਉਸ ਵਿੱਚ ਗਰੀਬ ਆਦਮੀ ਕੀ ਕਰੇ?
ਉਸ ਨੇ ਦੱਸਿਆ ਕਿ ਜਿੰਨਾ ਉਸ ਦੇ ਵੱਸ ਵਿੱਚ ਸੀ, ਓਨਾ ਉਸ ਨੇ ਕੀਤਾ ਤੇ ਆਪਣੇ ਬੇਟੇ ਨੂੰ ਟਿਊਸ਼ਨ ਵੀ ਦਿਵਾਈ, ਪਰ ਹੁਣ ਉਹ ਕੁਝ ਨਹੀਂ ਕਰ ਸਕਦਾ। ਮੈਂ ਅਜੇ ਵੀ ਸੋਚ ਰਹੀ ਸੀ ਕਿ 68 ਫੀਸਦੀ ਨੰਬਰ ਬਹੁਤ ਵਧੀਆ ਹਨ।
ਅਸੀਂ 60 ਫੀਸਦੀ ਨੰਬਰ ਲਿਆਉਂਦੇ ਸੀ ਤਾਂ ਸਾਡੇ ਮਾਂ-ਪਿਓ ਬਹੁਤ ਖੁਸ਼ ਹੋ ਜਾਂਦੇ ਸੀ, ਪਰ ਅੱਜ ਕਾਲਜ ਨੱਬੇ ਫੀਸਦੀ ਤੋਂ ਘੱਟ ਨੰਬਰਾਂ ਵਾਲੇ ਵਿਦਿਆਰਥੀ ਨੂੰ ਦਾਖਲਾ ਨਹੀਂ ਦਿੰਦੇ। ਜੇ ਕੋਈ ਖੁਸ਼ਕਿਸਮਤ ਹੋਵੇ ਤਾਂ ਤੀਜੀ-ਚੌਥੀ ਸੂਚੀ ਵਿੱਚ ਉਸ ਦਾ ਨੰਬਰ ਲੱਗ ਜਾਂਦਾ ਹੈ।
ਸਾਡੀ ਨੌਜਵਾਨ ਪੀੜ੍ਹੀ ਦਾ ਭਵਿੱਖ ਕੀ ਹੈ? ਅੱਜ ਦੇ ਨੌਜਵਾਨ ਬਹੁਤ ਸਮਝਦਾਰ, ਹਾਜ਼ਰ-ਜੁਆਬ ਤੇ ਅੱਗੇ ਵਧਣ ਲਈ ਬਹੁਤ ਉਤਾਵਲੇ ਹਨ। ਇਲੈਕਟ੍ਰਾਨਿਕ ਮੀਡੀਆ ਦੇ ਸੰਪਰਕ ਵਿੱਚ ਆਉਣ ਕਾਰਨ ਉਹ ਜ਼ਿਆਦਾ ਖਾਹਿਸ਼ੀ ਬਣ ਗਏ ਹਨ। ਉਨ੍ਹਾਂ ਨੂੰ ਪਤਾ ਹੈ ਕਿ ਭਾਰਤ ਦੀ ਹੋਰਨਾਂ ਦੇਸ਼ਾਂ ਨਾਲ ਕਿਵੇਂ ਤੁਲਨਾ ਕਰਨੀ ਹੈ। ਉਹ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਸਹੂਲਤਾਂ ਦੀ ਤੁਲਨਾ ਕਿਵੇਂ ਕਰਨੀ ਹੈ, ਜੋ ਬਾਕੀ ਬੱਚੇ ਹਾਸਲ ਕਰ ਰਹੇ ਹਨ ਤੇ ਉਨ੍ਹਾਂ ਨੂੰ ਨਹੀਂ ਮਿਲ ਰਹੀਆਂ।
ਕੀ ਇਹ ਇੱਕ ਤਰ੍ਹਾਂ ਦੀ ਨਿਰਾਸ਼ਾ ਹੈ, ਜੋ ਨਤੀਜਿਆਂ ਵਾਲੇ ਦਿਨ ਬੱਚਿਆਂ ਦੇ ਖੁਦਕੁਸ਼ੀ ਕਰਨ ਦੀ ਵਜ੍ਹਾ ਬਣਦੀ ਹੈ। ਸਾਡੀ ਸਿਖਿਆ ਪ੍ਰਣਾਲੀ ਨੂੰ ਘੱਟ ਨੰਬਰ ਲੈਣ ਵਾਲੇ ਵਿਦਿਆਰਥੀਆਂ ਲਈ ਮੰਨੇ-ਪ੍ਰਮੰਨੇ ਕਾਲਜਾਂ ਵਿੱਚ ਕੁਝ ਨਵੇਂ ਕੋਰਸ ਲਾਗੂ ਕਰਨ ਦੀ ਵੀ ਲੋੜ ਹੈ।
ਗਰੀਬ ਆਦਮੀ ਕਿੱਥੇ ਜਾਵੇ? ਮੈਂ ਇੱਕ ਵਾਰ ਫਿਰ ਸਿਆਸਤ ਦੀ ਗੱਲ ਨਹੀਂ ਕਰ ਰਹੀ, ਇਹ ਤਾਂ ਉਹ ਚੀਜ਼ ਹੈ, ਜਿਸ ‘ਤੇ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ। ਆਪਣੇ ਦੇਸ਼ ਦੇ ਭਵਿੱਖ ਤੇ ਨੌਜਵਾਨਾਂ ਨੂੰ ਪੈਸਾ ਕਮਾਉਣ ਲਈ ਗਲਤ ਰਾਹੇ ਪੈਣ ਤੋਂ ਬਚਾਉਣ ਲਈ ਕੁਝ ਕਰਨ ਦੀ ਲੋੜ ਹੈ।
ਮੈਨੂੰ ਉਮੀਦ ਹੈ ਕਿ ਨਵੀਂ ਪੀੜ੍ਹੀ ਚੰਗੇ ਕਾਲਜਾਂ ਵਿੱਚ ਜਾਣ ਤੋਂ ਅਗਾਂਹ ਸੋਚੇਗੀ ਅਤੇ ਜਿਵੇਂ ਕਿ ਸਰਕਾਰ ਨੇ ਸੁਝਾਅ ਦਿੱਤਾ ਹੈ, ਨੌਜਵਾਨ ਕੁਝ ਨਵੇਂ ਹੁਨਰਾਂ ਵਿੱਚ ਹੱਥ ਅਜ਼ਮਾਉਣਗੇ। ਉਹ ਆਪਣੇ ਹੁਨਰ ਦੀ ਵਰਤੋਂ ਰੋਜ਼ੀ-ਰੋਟੀ ਕਮਾਉਣ ਲਈ ਕਰ ਸਕਦੇ ਹਨ।