ਅਜੇ ਤਾਂ ਸ਼ੁਰੂਆਤ ਹੈ : ਐਮੀ ਜੈਕਸਨ

ammy jackson
ਬ੍ਰਿਟਿਸ਼ ਮਾਡਲ ਤੇ ਐਕਟ੍ਰੈਸ ਐਮੀ ਜੈਕਸਨ ਨੇ 2012 ਵਿੱਚ ਫਿਲਮ ‘ਏਕ ਦੀਵਾਨਾ ਥਾ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਉਹ ਹਿੰਦੀ ‘ਚ ‘ਸਿੰਘ ਇਜ਼ ਬਲਿੰਗ’ ਵਿੱਚ ਅਕਸ਼ੈ ਕੁਮਾਰ ਨਾਲ ਅਤੇ ‘ਫ੍ਰੀਕੀ ਅਲੀ’ ਵਿੱਚ ਨਵਾਜੂਦੀਨ ਸਿੱਦੀਕੀ ਨਾਲ ਨਜ਼ਰ ਆਈ ਸੀ। ਕਈ ਦੱਖਣ ਭਾਰਤੀ ਫਿਲਮਾਂ ਕਰ ਚੁੱਕੀ ਐਮੀ ਇਸ ਸਾਲ ‘ਬੂਗੀਮੈਨ’ ਨਾਂਅ ਦੇ ਇੰਗਲਿਸ਼ ਅਤੇ ‘2.0’ ਨਾਂਅ ਦੀ ਤ੍ਰੈ-ਭਾਸ਼ਾ ਫਿਲਮ ਵਿੱਚ ਨਜ਼ਰ ਆਏਗੀ। ‘2.0’ ਉਹ ਰਜਨੀਕਾਂਤ ਤੇ ਅਕਸ਼ੈ ਕੁਮਾਰ ਨਾਲ ਕੰਮ ਕਰ ਰਹੀ ਹੈ। ਪੇਸ਼ ਹਨ ਆਪਣੇ ਕਰੀਅਰ ਨੂੰ ਲੈ ਕੇ ਸੰਤੁਸ਼ਟ ਐਮੀ ਨਾਲ ਇੱਕ ਗੱਲਬਾਤ ਦੇ ਅੰਸ਼ :
* ਸਭ ਤੋਂ ਪਹਿਲਾਂ ਆਪਣੇ ਬਾਰੇ ਕੁਝ ਦੱਸੋ?
– ਮੇਰਾ ਜਨਮ ਇੰਗਲੈਂਡ ਦੇ ਆਈਜਲ ਆਫ ਮੈਨ ਵਿੱਚ ਹੋਇਆ ਸੀ। ਮੇਰੇ ਪਿਤਾ ਬੀ ਬੀ ਸੀ ਰੇਡੀਓ ਵਿੱਚ ਨਿਰਮਾਤਾ ਦੇ ਤੌਰ ‘ਤੇ ਕੰਮ ਕਰਦੇ ਹਨ। ਮੈਂ ਸੇਂਟ ਐਡਵਰਡਸ ਕਾਲਜ ਵਿੱਚ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੀ ਸਿਖਿਆ ਪ੍ਰਾਪਤ ਕੀਤੀ ਹੈ। ਮਿਸ ਟੀਨ ਲਿਵਰਪੂਲ ਤੇ ਮਿਸ ਟੀਨ ਗ੍ਰੇਟ ਬ੍ਰਿਟੇਨ ਜਿੱਤਣ ਤੋਂ ਬਾਅਦ ਮੈਂ 2009 ‘ਚ ਮਿਸ ਟੀਨ ਵਰਲਡ ਦਾ ਖਿਤਾਬ ਜਿੱਤਿਆ। 2010 ਵਿੱਚ ਤਮਿਲ ਨਿਰਮਾਤਾ-ਨਿਰਦੇਸ਼ਕ ਏ ਐੱਲ ਵਿਜੇ ਨੇ ਮੈਨੂੰ ਫਿਲਮ ‘ਮਦ੍ਰਾਸਾਪੱਟੀਨਮ’ ਵਿੱਚ ਸਾਈਨ ਕੀਤਾ। ਇਹ ਫਿਲਮ ਸੁਪਰਹਿੱਟ ਰਹੀ। ਇਸ ਤੋਂ ਪਿੱਛੋਂ ਮੈਨੂੰ ਹਿੰਦੀ, ਤਮਿਲ, ਤੇਲਗੂ ਤੇ ਕੰਨੜ ਭਾਸ਼ਾਵਾਂ ਦੀਆਂ ਫਿਲਮਾਂ ਮਿਲਣ ਲੱਗੀਆਂ ਤੇ ਮੈਂ ਭਾਰਤ ਨੂੰ ਹੀ ਆਪਣਾ ਦੂਜਾ ਘਰ ਬਣਾ ਲਿਆ।
* ਤੁਸੀਂ ਭਾਰਤ ਦੇ ਹਾਲਾਤ ਦੇ ਅਨੁਕੂਲ ਖੁਦ ਨੂੰ ਕਿਵੇਂ ਢਾਲਿਆ?
– ਜਦੋਂ ਮੈਂ ਐਕਟਿੰਗ ‘ਚ ਡੈਬਿਊ ਕੀਤਾ ਸੀ ਤਾਂ ਮੈਂ ਸਿਰਫ 17 ਸਾਲ ਦੀ ਸੀ ਤੇ ਯਕੀਨਨ ਮੈਂ ਇੱਕ ਵੱਡੇ ਸਫਰ ਦਾ ਹਿੱਸਾ ਰਹੀ ਹਾਂ। ਅੱਜ ਮੈਂ 25 ਸਾਲ ਦੀ ਹਾਂ ਤੇ ਇੱਕ ਐਕਟਰ ਤੇ ਵਿਅਕਤੀ ਦੇ ਤੌਰ ‘ਤੇ ਮੇਰਾ ਬਹੁਤ ਵਿਕਾਸ ਹੋਇਆ ਹੈ। ਮੈਨੂੰ ਮਾਣ ਹੈ ਕਿ ਮੈਂ ਏ ਐੱਲ ਵਿਜੇ, ਗੌਤਮ ਮੈਨਨ ਅਤੇ ਸ਼ੰਕਰ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰ ਚੁੱਕੀ ਹਾਂ। ਮੈਨੂੰ ਫਿਲਮ ਨਗਰੀ ਵਿੱਚ ਅਜੇ ਸੱਤ ਹੀ ਹੋਏ ਹਨ, ਪਰ ਐਕਟਰ ਦੇ ਤੌਰ ‘ਤੇ ਇਹ ਮੇਰੀ ਸ਼ੁਰੂਆਤ ਹੈ।
* ਅੱਜ ਫਿਲਮ ਨਗਰੀ ‘ਚ ਆਪਣਾ ਮੈਂਟੋਰ ਕਿਸ ਨੂੰ ਮੰਨਦੇ ਹੋ?
– ਏ ਐਲ ਵਿਜੇ ਮੇਰੇ ਗੁਰੂ ਹਨ, ਕਿਉਂਕਿ ਉਨ੍ਹਾਂ ਨੇ ਹੀ ਮੇਰੀ ਪਛਾਣ ਸੁਨਹਿਰੇ ਪਰਦੇ ਨਾਲ ਕਰਾਈ ਸੀ। ਉਨ੍ਹਾਂ ਮੈਨੂੰ ਇੰਨਾ ਸ਼ਾਨਦਾਰ ਕਰੀਅਰ ਦਿੱਤਾ, ਜਿਸ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ। ਮੇਰੇ ਘਰ ਵਾਲੇ ਕਾਫੀ ਉਤਸ਼ਾਹਤ ਕਰਨ ਵਾਲੇ ਹਨ। ਮੈਨੂੰ ਫਿਲਮ ਨਗਰੀ ਵਿੱਚ ਬਹੁਤ ਵਧੀਆ ਸੁਪੋਰਟ ਸਿਸਟਮ ਮਿਲਿਆ ਹੈ ਤੇ ਆਪਣੇ ਇਸ ਸਫਰ ਦੌਰਾਨ ਮੈਂ ਬਹੁਤ ਕੁਝ ਸਿਖਿਆ ਹੈ।
* ਪਹਿਲੀ ਵਾਰ ਕੈਮਰੇ ਦਾ ਸਾਹਮਣੇ ਕਰਨ ‘ਤੇ ਕਿਹੋ ਜਿਹਾ ਮਹਿਸੂਸ ਹੋਇਆ ਸੀ?
– ਮੈਂ ਕਾਫੀ ਨਰਵਸ ਹੋ ਗਈ ਤੇ ਮੇਰੇ ਲਈ ਇਹ ਕਾਫੀ ਮੁਸ਼ਕਲ ਸੀ। ਇਥੇ ਮੌਸਮ ਦੀ ਸਥਿਤੀ ਖਾਣਾ ਅਤੇ ਪੂਰਾ ਵਾਤਾਵਰਣ ਮੇਰੇ ਲਈ ਨਵਾਂ ਸੀ। ਆਪਣੇ ਪਰਵਾਰ ਤੇ ਦੋਸਤਾਂ ਤੋਂ ਦੂਰ ਰਹਿਣਾ ਮੇਰੇ ਲਈ ਬਹੁਤ ਮੁਸ਼ਕਲ ਸੀ, ਪਰ ਫਿਲਮ ਨਗਰੀ ਨੇ ਪੂਰੇ ਦਿਲ ਨਾਲ ਮੇਰਾ ਸਵਾਗਤ ਕੀਤਾ ਸੀ ਤੇ ਮੈਨੂੰ ਕੰਫਰਟੇਬਲ ਹੋਣ ‘ਚ ਸਹਾਇਤਾ ਕੀਤੀ ਸੀ। ਹੁਣ ਤਾਂ ਹਰ ਫਿਲਮ ਦੀ ਯੂਨਿਟ ਮੈਨੂੰ ਆਪਣੇ ਪਰਵਾਰ ਵਰਗੀ ਲੱਗਦੀ ਹੈ।
* ਤੁਸੀਂ ਹੁਣ ਤੱਕ ਹਿੰਦੀ ‘ਚ ਸਿਰਫ ਤਿੰਨ ਫਿਲਮਾਂ ਹੀ ਕੀਤੀਆਂ ਹਨ। ਕੀ ਕਹੋਗੇ?
– ਜੀ ਹਾਂ, ‘ਏਕ ਦੀਵਾਨਾ ਥਾ’, ਮੇਰੀ ਹਿੰਦੀ ਡੈਬਿਊ ਫਿਲਮ ਸੀ। ਇਸ ਤੋਂ ਬਾਅਦ ਮੈਂ ‘ਸਿੰਘ ਇਜ਼ ਬਲਿੰਗ’ ਕੀਤੀ ਤੇ ਪਿਛਲੇ ਸਾਲ ‘ਫ੍ਰੀਕੀ ਅਲੀ’ ਆਈ ਸੀ। ਇਹ ਤਿੰਨੇ ਹੀ ਫਿਲਮਾਂ ਬਾਕਸ ਆਫਿਸ ‘ਤੇ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੀਆਂ, ਪਰ ਇਨ੍ਹਾਂ ਨੂੰ ਕਰਨ ਦਾ ਮੈਨੂੰ ਕੋਈ ਪਛਤਾਵਾ ਨਹੀਂ। ਇਨ੍ਹਾਂ ਫਿਲਮਾਂ ‘ਚ ਮੈਨੂੰ ਪ੍ਰਤੀਕ ਬੱਬਰ, ਅਕਸ਼ੈ ਕੁਮਾਰ ਤੇ ਨਵਾਜੂਦੀਨ ਸਿੱਦੀਕੀ ਵਰਗੇ ਵਧੀਆ ਅਭਿਨੇਤਾਵਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਸਾਰਿਆਂ ਤੋਂ ਬਹੁਤ ਕੁਝ ਸਿਖਿਆ। ਅਕਸ਼ੈ ਜਿੱਥੇ ਬਹੁਤ ਸੁਪੋਰਟਿਵ ਹਨ, ਉਥੇ ਨਵਾਜੂਦੀਨ ਨਾਲ ਕੰਮ ਕਰ ਕੇ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਸਟਾਰ ਨਾਲ ਕੰਮ ਕਰ ਰਹੇ ਹੋ। ਉਹ ਬਹੁਤ ਹੀ ਸਹਿਜ ਅਭਿਨੇਤਾ ਹਨ ਤੇ ਸੈਟ ‘ਤੇ ਹਰ ਕਿਸੇ ਦੀ ਮਦਦ ਕਰਦੇ ਹਨ।
* ਆਪਣੀ ਅਗਲੀ ਫਿਲਮ ‘2.0’ ਬਾਰੇ ਕੀ ਕਹੋਗੇ? ਇਸ ਤੋਂ ਇਲਾਵਾ ਹੋਰ ਕਿਹੜੀਆਂ ਫਿਲਮਾਂ ਕਰ ਰਹੇ ਹੋ?
– ਇੱਕ ਫਿਲਮ ਨਾਲ ਮੈਂ ਇੱਕ ਵਾਰ ਫਿਰ ਦੱਖਣ ਦੇ ਵੱਡੇ ਸ਼ਾਨਦਾਰ ਨਿਰਦੇਸ਼ਕ ਸੰਕਰ ਨਾਲ ਕੰਮ ਕਰ ਰਹੀ ਹਾਂ। ਪਹਿਲਾਂ ਮੈਂ ਉਨ੍ਹਾਂ ਨਾਲ ਫਿਲਮ ‘ਆਈ’ ਕਰ ਚੁੱਕੀ ਹਾਂ। ਇਸ ਫਿਲਮ ਵਿੱਚ ਕੰਮ ਕਰਨਾ ਮੇਰੇ ਲਈ ਇੱਕ ਸ਼ਾਨਦਾਰ ਉਪਲਬਧੀ ਹੈ ਕਿਉਂਕਿ ਇਸ ‘ਚ ਸੁਪਰਸਟਾਰ ਰਜਨੀਕਾਂਤ ਤੇ ਅਕਸ਼ੈ ਕੁਮਾਰ ਮੇਰੇ ਨਾਲ ਹਨ। ਇਹ ਫਿਲਮ 2010 ਵਿੱਚ ਆਈ ਫਿਲਮ ‘ਐਂਥੀਰਾਨ’ ਦਾ ਸੀਕਵਲ ਹੈ। ਇਹ ਭਾਰਤ ਦੀ ਸਭ ਤੋਂ ਵੱਧ ਮਹਿੰਗੀਆਂ ਫਿਲਮਾਂ ‘ਚੋਂ ਇੱਕ ਹੋਵੇਗੀ। ਇਸ ਤੋਂ ਇਲਾਵਾ ਅੰਗਰੇਜ਼ੀ ਵਿੱਚ ‘ਬੂਗੀ ਮੈਨ’ ਅਤੇ ਕੰਨੜ ‘ਚ ‘ਦਿ ਵਿਲੇਨ’ ਦੀ ਸ਼ੂਟਿੰਗ ਚੱਲ ਰਹੀ ਹੈ। ਇਹ ਸਾਰੀਆਂ ਫਿਲਮਾਂ ਮੇਰੇ ਕਰੀਅਰ ਲਈ ਬਹੁਤ ਮਹੱਤਵ ਪੂਰਨ ਹਨ। ਆਸ ਕਰਦੀ ਹਾਂ ਕਿ ਇਨ੍ਹਾਂ ਫਿਲਮਾਂ ਨਾਲ ਮੈਂ ਸਫਲਤਾ ਦੇ ਨਵੇਂ ਮੁਕਾਮ ‘ਤੇ ਪਹੁੰਚਾਂਗੀ।