ਅਜੀਬ ਹੈ ਪ੍ਰਧਾਨ ਮੰਤਰੀ ਦਾ ਬੇਲੋੜੇ ਵਿਵਾਦਾਂ ਵਿੱਚ ਘਿਰਨਾ

ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਜ਼ (CSIS) ਲਈ ਜਾਸੂਸ ਬਣਨ ਦੀ ਖਵਾਹਿਸ਼ ਰੱਖਣ ਵਾਲੇ, ਦੱਖਣੀ ਉਂਟੇਰੀਓ ਦੇ ਇੱਕ ਸ਼ਰਧਾਲੂ ਈਸਾਈ ਪਰਿਵਾਰ ਵਿੱਚ ਪੈਦਾ ਹੋਏ, ਇੱਕ ਸਾਬਕਾ ਫੈਡਰਲ ਕੋਰਟ ਦੇ ਰਿਟਾਇਰਡ ਜੱਜ ਦੇ ਬੇਟੇ, ਇੱਕ ਪਤਨੀ ਦੇ ਪਤੀ ਅਤੇ ਤਿੰਨ ਬੱਚਿਆਂ ਦੇ ਪਿਤਾ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਦਫ਼ਤਰ ਵਿੱਚ ਨਿੱਜੀ ਮੀਟਿੰਗ ਕੀਤੀ ਜਾਵੇ ਤਾਂ ਇਸ ਗੱਲ ਵਿੱਚ ਕਿਸੇ ਨੂੰ ਕੁੱਝ ਵੀ ਬੁਰਾ ਵਿਖਾਈ ਨਹੀਂ ਦੇਵੇਗਾ। ਪਬਲਿਕ ਵੱਲੋਂਂ ਇਸ ਗੱਲ ਉੱਤੇ ਸੁਆਲ ਜਰੂਰ ਕੀਤੇ ਜਾ ਸਕਦੇ ਹਨ ਕਿ ਆਖਰ ਦੇਸ਼ ਦੇ ਪ੍ਰਧਾਨ ਮੰਤਰੀ ਉੱਪਰ ਵਰਨਣ ਕੀਤੇ ਗੁਣਾ ਵਾਲੇ ਵਿਅਕਤੀ ਨਾਲ ਆਪਣੇ ਦਫ਼ਤਰ ਦਾ ਕੀਮਤੀ ਸਮਾਂ ਕਿਉਂ ਬਤੀਤ ਕਰਨਗੇ? ਆਖਰ ਨੂੰ ਕੈਨੇਡਾ ਵਿੱਚ ਅਜਿਹੇ ਵਿਅਕਤੀ ਲੱਖਾਂ ਹੀ ਹੋ ਸਕਦੇ ਹਨ।

 

ਪਰ ਜੇਕਰ ਪ੍ਰਧਾਨ ਮੰਤਰੀ ਨੂੰ ਮਿਲਣ ਵਾਲਾ ਵਿਅਕਤੀ ਉਹ ਹੋਵੇ ਜਿਸਨੇ ਕਿਸੇ ਵੇਲੇ ਉਸ ਜ਼ੈਨਬ ਖਾਦਰ ਨਾਲ ਵਿਆਹ ਕਰਨ ਤੋਂ ਬਾਅਦ ਤਲਾਕ ਦਿੱਤਾ ਹੋਵੇ ਜਿਹੜੀ ਅਫਗਾਨਸਤਾਨ ਵਿੱਚ ਓਸਾਮਾ ਬਿਨ ਲਾਦੇਨ ਦੇ ਰਿਹਾਇਸ਼ੀ ਅਹਾਤੇ ਵਿੱਚ ਰਹਿੰਦੀ ਰਹੀ ਸੀ। ਓਮਰ ਖਾਦਰ ਦੀ ਇਹ ਉਹੀ ਭੈਣ ਹੈ ਜਿਸ ਨੇ  Wanted  Women ਪੁਸਤਕ ਦੀ ਲੇਖਕਾ  Deborah Scroggins ਨੂੰ ਇੱਕ ਵਿਅਕਤੀਗਤ ਮੁਲਾਕਾਤ ਵਿੱਚ ਦੱਸਿਆ ਸੀ ਕਿ ਤਾਲੀਬਾਨ ਨਾਲ ਬਿਤਾਏ ਪੰਜ ਸਾਲ ਉਸਦੇ ਜੀਵਨ ਦੇ ਸੱਭ ਤੋਂ ਵੱਧ ਚੰਗੇ ਦਿਨ ਸਨ। ਜੇ ਮੁਲਾਕਾਤ ਕਰਨ ਵਾਲਾ ਵਿਅਕਤੀ ਉਹ ਜੋਸ਼ੂਆ ਬੋਆਇਲ ਹੋਵੇ ਜੋ ਭੇਦਭਰੇ ਹਾਲਾਤਾਂ ਵਿੱਚ ਆਪਣੀ ਗਰਭਪਤੀ ਪਤਨੀ (ਜ਼ੈਨਬ ਨੂੰ ਤਲਾਕ ਦੇਣ ਤੋਂ ਬਾਅਦ ਵਾਲੀ) ਨੂੰ ਅਫਗਾਨਸਤਾਨ ਦੇ ਖਤਰਨਾਕ ਇਲਾਕਿਆਂ ਵਿੱਚ ਲੈ ਕੇ ਗਿਆ ਹੋਵੇ, ਜੋ ਪੰਜ ਸਾਲ ਅਤਿਵਾਦੀਆਂ ਵੱਲੋਂ ਬੰਦੀ ਰੱਖਣ ਦੇ ਅਰਸੇ ਦੌਰਾਨ ਆਪਣੀ ਪਤਨੀ ਦੀ ਮਰਜ਼ੀ ਦੇ ਖਿਆਫ਼ ਉਸਦੀ ਕੁੱਖੋਂ ਜਬਰੀ ਦੋ ਬੱਚੇ ਪੈਦਾ ਕਰੇ ਅਤੇ ਜਿਸ ਉੱਤੇ ਓਟਾਵਾ ਪੁਲੀਸ ਵੱਲੋਂ 30 ਦਸੰਬਰ 2017 ਨੂੰ 15 ਚਾਰਜ ਦਰਜ਼ ਕੀਤੇ ਹੋਣ, ਐਸੇ ਵਿਅਕਤੀ ਨਾਲ ਪ੍ਰਧਾਨ ਮੰਤਰੀ ਦਾ ਨਿੱਜੀ ਮੁਲਾਕਾਤ ਕਰਨਾ ਸੁਆਲ ਖੜੇ ਕਰਦਾ ਹੈ।

 

ਪ੍ਰਧਾਨ ਮੰਤਰੀ ਅਤੇ ਜੋਸ਼ੂਆ ਬੋਆਇਲ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਸਾਡੀਆਂ ਸੁਰੱਖਿਆ ਏਜੰਸੀਆਂ ਉੱਤੇ ਵੀ ਸੁਆਲ ਖੜੇ ਹੁੰਦੇ ਹਨ। ਸੁਰੱਖਿਆ ਏਜੰਸੀਆ ਵੱਲੋਂ ਕਿਸ ਆਧਾਰ ਉੱਤੇ ਇੱਕ ਅੰਤਰਰਾਸ਼ਟਰੀ ਖਿਆਤੀ ਵਾਲੇ ਸ਼ੱਕੀ ਵਿਅਕਤੀ ਨਾਲ 18 ਦਸੰਬਰ ਨੂੰ ਪ੍ਰਧਾਨ ਮੰਤਰੀ ਨਾਲ ਮੀਟਿੰਗ ਲਈ ‘ਸੱਭ ਹੱਛਾ ਹੈ’ ਦਾ ਸਰਟੀਫੀਕੇਟ ਦਿੱਤਾ ਜਾਂਦਾ ਹੈ? ਸੁਰੱਖਿਆ ਏਜੰਸੀਆਂ ਵੱਲੋਂ ‘ਸੱਭ ਹੱਛਾ’ ਦਾ ਸਰਟੀਫੀਕੇਟ ਦੇਣ ਬਾਰੇ ਪ੍ਰਧਾਨ ਮੰਤਰੀ ਨੇ ਖੁਦ ਇੱਕ ਮੁਲਾਕਾਤ ਵਿੱਚ ਕਬੂਲ ਕੀਤਾ ਹੈ। ਫੇਰ ਜੋਸ਼ੂਆ ਅਤੇ ਪ੍ਰਧਾਨ ਮੰਤਰੀ ਦੀ ਮੁਲਾਕਾਤ ਤੋਂ ਮਹਿਜ਼ 10-12 ਦਿਨ ਬਾਅਦ ਜੋਸ਼ੂਆ ਉੱਤੇ ਓਟਾਵਾ ਪੁਲੀਸ ਵੱਲੋਂ 15 ਚਾਰਜ਼ ਲਾਏ ਜਾਂਦੇ ਹਨ ਜਿਹਨਾਂ ਵਿੱਚ ਅਸਾਲਟ, ਸੈਕਸੂਅਲ ਅਸਾਲਟ, ਗੈਰਕਨੂੰਨੀ ਢੰਗ ਨਾਲ ਕਿਸੇ ਨੂੰ ਹਿਰਾਸਤ ਵਿੱਚ ਰੱਖਣਾ, ਮਾਰ ਦੇਣ ਦੀਆਂ ਧਮਕੀਆਂ ਦੇਣੀਆਂ ਆਦਿ ਵਰਗੇ ਸੰਗੀਨ ਚਾਰਜ ਸ਼ਾਮਲ ਹਨ। ਪੁਲੀਸ ਮੁਤਾਬਕ ਇਹ ਚਾਰਜ 14 ਅਕਤੂਬਰ 2017 ਤੋਂ 30 ਦਸੰਬਰ 2017 ਦਰਮਿਆਨ ਹੋਈਆਂ ਵਾਰਦਾਤਾਂ ਦੇ ਆਧਾਰ ਉੱਤੇ ਲਾਏ ਗਏ। ਇਸਦਾ ਅਰਥ ਹੈ ਕਿ ਸੁਰੱਖਿਆ ਏਜੰਸੀਆਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ 18 ਦਸੰਬਰ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਵਾਲਾ ਵਿਅਕਤੀ ਸ਼ੱਕੀ ਹੈ।

 

ਪ੍ਰਧਾਨ ਮੰਤਰੀ ਅਤੇ ਜੋਸ਼ੂਆ ਬੋਆਇਲ ਦਰਮਿਆਨ ਹੋਈ ਮਿਲਣੀ ਦੀ ਸਮੁੱਚੀ ਪ੍ਰਕਿਰਿਆ ਇਸ ਪ੍ਰਕਾਰ ਦੀ ਰਹੀ ਹੈ ਕਿ ਕੈਨੇਡੀਅਨ ਮੀਡੀਆ ਵਿੱਚ ਇਸ ਮੁਲਾਕਾਤ ਨੂੰ ਲੈ ਕੇ ਸੁਆਲ ਖੜੇ ਕੀਤੇ ਜਾ ਰਹੇ ਹਨ। ਸੀ ਬੀ ਸੀ ਤੋਂ ਲੈ ਕੇ ਟੋਰਾਂਟੋ ਸਟਾਰ, ਗਲੋਬਲ ਨਿਊਜ, ਟੋਰਾਂਟੋ ਸਨ਼ ਤੱਕ ਕਈ ਮੀਡੀਆ ਆਊਟਲੈੱਟਾਂ ਵੱਲੋਂ ਜੋਸ਼ੂਆ ਬੋਆਇਲ ਦੇ ਕਿਰਦਾਰ ਅਤੇ ਉਸਦੇ ਗੈਰਯਕੀਨੀ ਭਰੇ ਜੀਵਨ ਬਾਰੇ ਆਰਟੀਕਲ ਲਿਖੇ ਜਾ ਰਹੇ ਹਨ। ਇਹਨਾਂ ਸਾਰੇ ਆਰਟੀਕਲਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਜੋਸ਼ੂਆ ਦੀ ਸਖ਼ਸਿ਼ਅਤ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਚੇਤੇ ਰਹੇ ਕਿ ਜੋਸ਼ੂਆ ਉੱਤੇ ਲੱਗੇ ਚਾਰਜ ਹਾਲੇ ਅਦਾਲਤ ਵਿੱਚ ਸੱਚੇ ਸਾਬਤ ਨਹੀਂ ਹੋਏ ਹਨ।

 

ਜੇ ਮੰਨ ਲਿਆ ਜਾਵੇ ਕਿ ਜੋਸ਼ੂਆ ਨਾਲ ਕੀਤੀ ਗਈ ਨਿੱਜੀ ਮੁਲਾਕਾਤ ਉਸ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਤਹਿਤ ਪ੍ਰਧਾਨ ਮੰਤਰੀ ਅਮੂਮਨ ਹੀ ਅਨੇਕਾਂ ਕੈਨੇਡੀਅਨਾਂ ਨੂੰ ਮਿਲਦੇ ਰਹਿੰਦੇ ਹਨ ਤਾਂ ਚੰਗਾ ਹੋਵੇਗਾ ਕਿ ਹੁਣ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਪੱਸ਼ਟ ਕਰ ਦਿੱਤਾ ਜਾਵੇ ਕਿ ਉਸ ਮੁਲਾਕਾਤ ਵਿੱਚ ਕੀ ਵਿਚਾਰਿਆ ਗਿਆ ਸੀ? ਇਸ ਨਾਲ ਪ੍ਰਧਾਨ ਮੰਤਰੀ ਅਤੇ ਜੋਸ਼ੂਆ ਦਰਮਿਆਨ ਸਬੰਧਾਂ ਬਾਰੇ ਸ਼ੰਕੇ ਕਿਸੇ ਹੱਦ ਤੱਕ ਖਤਮ ਹੋ ਜਾਣਗੇ। ਵੈਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੂੰ ਆਪਣੇ ਜਨਤਕ ਅਕਸ ਦਾ ਖਿਆਲ ਰੱਖਦੇ ਹੋਏ ਅਜਿਹੇ ਬੇਲੋੜੇ ਵਿਵਾਦਾਂ ਤੋਂ ਦੂਰ ਰਹਿਣਾ ਹੀ ਸਹੀ ਹੋਵੇਗਾ। ਉਹਨਾਂ ਦਾ ਵਕਤ ਦੇਸ਼ ਨੂੰ ਦਰਪੇਸ਼ ਗੰਭੀਰ ਮਸਲਿਆਂ ਵੱਲ ਲੋੜੀਂਦਾ ਧਿਆਨ ਦੇਣ ਉੱਤੇ ਬਤੀਤ ਹੋਣਾ ਚਾਹੀਦਾ ਹੈ ਨਾ ਕਿ ਬੇਲੋੜੇ ਵਿਵਾਦਾਂ ਵਿੱਚ ਉਲਝਣ ਵਿੱਚ।