ਅਜਨਾਲਾ ਨੇੜਲੇ ਗੁਰਦੁਆਰਾ ਮਨਸਾ ਪੂਰਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

arrested
* ਦੋਸ਼ੀ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ
ਅਜਨਾਲਾ, 9 ਅਗਸਤ, (ਪੋਸਟ ਬਿਊਰੋ)- ਅੰਮ੍ਰਿਤਸਰ ਜਿ਼ਲੇ ਦੇ ਅਜਨਾਲਾ ਤਸੀਲ ਦੇ ਮੱਦੂਛਾਂਗਾ, ਤਲਵੰਡੀ ਭੰਗਵਾਂ ਤੇ ਕੋਟ ਮੁਗਲ ਦੇ ਪਿੰਡਾਂ ਦਾ ਸਾਂਝਾ ਗੁਰਦੁਆਰਾ ਮਨਸਾ ਪੂਰਨ ਸਾਹਿਬ ਵਿੱਚ ਇੱਕ ਸ਼ਰਾਰਤੀ ਵਿਅਤਕੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਅੰਗ ਪਾੜੇ ਜਾਣ ਤੋਂ ਬਾਅਦ ਉਸ ਦੀ ਗ੍ਰਿਫਤਾਰ ਦੀ ਖਬਰ ਆਈ ਹੈ।
ਸੰਬੰਧਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਰਦੁਆਰਾ ਮਨਸਾ ਪੂਰਨ ਸਾਹਿਬ ਵਿੱਚ ਰਹਿਰਾਸ ਦਾ ਪਾਠ ਕਰਨ ਲੱਗਾ ਤਾਂ ਵੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਹੋਏ ਸਨ। ਉਸ ਨੇ ਇਸ ਸਬੰਧ ਵਿੱਚਂ ਤਲਵੰਡੀ ਭੰਗਵਾਂ, ਮੱਦੂਛਾਂਗਾ ਤੇ ਕੋਟ ਮੁਗਲ ਦੇ ਨੰਬਰਦਾਰ, ਸਰਪੰਚ ਤੇ ਹੋਰ ਮੋਹਤਬਰਾਂ ਨੂੰ ਸੂਚਿਤ ਕੀਤਾ। ਇਸ ਪਿੱਛੋਂ ਸੀ ਸੀ ਟੀ ਵੀ ਕੈਮਰੇ ਦੀ ਮਦਦ ਨਾਲ ਦੋਸ਼ੀ ਦੀ ਪਛਾਣ ਰਣਜੀਤ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਤਲਵੰਡੀ ਭੰਗਵਾਂ ਵਜੋਂ ਹੋਣ ਮਗਰੋਂ ਥਾਣਾ ਰਮਦਾਸ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਰਮਦਾਸ ਥਾਣੇ ਦੇ ਮੁਖੀ ਵਿਪਨ ਕੁਮਾਰ ਪੁਲਿਸ ਪਾਰਟੀ ਨਾਲ ਗੁਰਦੁਆਰਾ ਮਨਸਾ ਪੂਰਨ ਸਾਹਿਬ ਆਏ ਤੇ ਦੋਸ਼ੀ ਰਣਜੀਤ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਤਲਵੰਡੀ ਭੰਗਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਉਹ ਦੋਸ਼ੀ ਨੂੰ ਗ੍ਰਿਫਤਾਰ ਕਰਨ ਮਗਰੋਂ ਥਾਣਾ ਰਮਦਾਸ ਨੂੰ ਲੈ ਕੇ ਚੱਲੇ ਤਾਂ ਰਸਤੇ ਵਿੱਚ 20-25 ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਦੌਰਾਨ ਥਾਣਾ ਮੁਖੀ ਅਤੇ ਉਨ੍ਹਾ ਦੀ ਪੁਲਸ ਪਾਰਟੀ ਵਿੱਚੋਂ ਇੱਕ ਥਾਣੇਦਾਰ ਜ਼ਖ਼ਮੀ ਹੋ ਗਏ। ਜਿ਼ਲਾ ਅੰਮ੍ਰਿਤਸਰ ਦਿਹਾਤੀ ਦੇ ਪੁਲਸ ਮੁਖੀ ਪਰਮਪਾਲ ਸਿੰਘ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਪੁਲਿਸ ਉੱਤੇ ਹਮਲਾ ਕੀਤਾ ਹੈ, ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਰਣਜੀਤ ਮਸੀਹ ਵਿਰੁੱਧ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਉੱਤੇ ਹਮਲਾ ਕਰਨ ਦੇ ਦੋਸ਼ ਵਿੱਚ ਕੁਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਰੋਬਿਨ ਪੁੱਤਰ ਗੁਰਕਿਰਤ ਸਿੰਘ, ਗੀਤਾ, ਭਲਵਾਨ ਤੇ ਹੋਰ 20-25 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ੀ ਨੌਜਵਾਨ ਨੂੰ ਅੱਜ ਥਾਣਾ ਰਮਦਾਸ ਦੀ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਇਸ ਦੌਰਾਨ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਹੋ ਰਹੀ ਹੈ, ਜਿਸ ਨੂੰ ਰੋਕਣ ਦੀ ਕਿਸੇ ਪਾਰਟੀ ਨੇ ਕੋਸ਼ਿਸ਼ ਨਹੀਂ ਕੀਤੀ। ਇਹ ਘਟਨਾਵਾਂ ਏਜੰਸੀਆਂ ਦੀ ਸ਼ਹਿ ਉੱਤੇ ਹੁੰਦੀਆਂ ਹਨ, ਜੋ ਸਿੱਖਾਂ ਦੇ ਜਜ਼ਬਾਤ ਨਾਲ ਖਿਲਵਾੜ ਕਰਦੀਆਂ ਹਨ।
ਦੂਸਰੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਇਸ ਘਟਨਾ ਦੇ ਸਬੰਧ ਵਿੱਚ ਸੰਸਾਰ ਭਰ ਦੇ ਈਸਾਈ ਮੱਤ ਦੇ ਮੁਖੀ ਪੋਪ ਨਾਲ ਨੂੰ ਚਿੱਠੀ ਲਿਖ ਕੇ ਜਾਣੂ ਕਰਵਾਇਆ ਜਾਵੇਗਾ। ਅੱਜ ਏਥੇ ਜਾਰੀ ਕੀਤੇ ਬਿਆਨ ਵਿੱਚ ਜਥੇਦਾਰ ਸਾਹਿਬ ਨੇ ਪੰਜਾਬ ਵਿਚ ਈਸਾਈ ਧਰਮ ਦੇ ਪੈਰੋਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਸਹਿਯੋਗ ਦੇਣ।