ਅਗਸਤਾ ਹੈਲੀਕਾਪਟਰ ਕੇਸ ਵਿੱਚ ਭਾਰਤ ਨੂੰ ਝਟਕਾ


* ਸਾਰੇ ਦੋਸ਼ੀ ਇਟਲੀ ਦੀ ਅਦਾਲਤ ਵੱਲੋਂ ਬਰੀ
ਨਵੀਂ ਦਿੱਲੀ, 8 ਜਨਵਰੀ, (ਪੋਸਟ ਬਿਊਰੋ)- ਭਾਰਤ ਦੀ ਪਿਛਲੀ ਸਰਕਾਰ ਦੇ ਵਕਤ ਇੱਕ ਵਿਵਾਦਤ ਸੌਦੇ ਹੇਠ ਖਰੀਦੇ ਗਏ ਵੀ ਵੀ ਆਈ ਪੀ ਅਗਸਤਾ ਵੈਸਟਲੈਂਡ ਹੈਲੀਕਾਪਟਰ ਦੇ ਘੁਟਾਲਾ ਕੇਸ ਵਿੱਚ ਭਾਰਤ ਨੂੰ ਝਟਕਾ ਲੱਗਾ ਹੈ। ਇਟਲੀ ਦੀ ‘ਮਿਲਾਨ ਕੋਰਟ ਆਫ਼ ਅਪੀਲਸ’ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਟਲੀ ਦੀ ਮਿਲਾਨ ਕੋਰਟ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਬਣਾਉਣ ਵਾਲੀ ਇਸ ਕੰਪਨੀ ਦੇ ਸਾਬਕਾ ਮੁਖੀ ਬਰੂਨੋ ਸਪੈਗਨੋਲਿਨੀ ਅਤੇ ਫਿਨਮਕੈਨਿਕਾ ਦੇ ਸਾਬਕਾ ਮੁਖੀ ਗਿਸੇਪੀ ਓਰਸੀ ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਉੱਤੇ ਇਸ ਕੇਸ ਵਿੱਚ ਰਿਸ਼ਵਤ ਦੇਣ ਦਾ ਦੋਸ਼ ਸੀ। ਅਦਾਲਤ ਨੇ ਕਿਹਾ ਕਿ ਇਹੋ ਜਿਹਾ ਕੋਈ ਸਬੂਤ ਹੀ ਨਹੀਂ ਹੈ, ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਇਸ ਸੌਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਸੀ। ਇਟਲੀ ਦੀ ਅਦਾਲਤ ਨੇ ਭਾਰਤ ਦਾ ਨੁਕਸਾਨ ਹੋਣ ਦੇ ਦੋਸ਼ਾਂ ਨੂੰ ਇੱਕ ਪਾਸੇ ਕਰ ਦਿੱਤਾ ਹੈ।
ਅੱਜ ਸੋਮਵਾਰ ਨੂੰ ਦਿੱਤੇ ਗਏ ਇਸ ਫ਼ੈਸਲੇ ਵਿੱਚ ਇਟਲੀ ਦੀ ਕੋਰਟ ਨੇ ਫ਼ੈਸਲੇ ਵਿੱਚ ਇਸ ਕੇਸ ਵਿੱਚ ਦੋਸ਼ੀ ਰਹੇ ਕ੍ਰਿਸਚਨ ਮਿਸ਼ੇਲ ਅਤੇ ਹਸ਼ਕੇ ਸਮੇਤ ਤਿੰਨਾਂ ਵਿਚੋਲਿਆਂ ਨੂੰ ਵੀ ਬਰੀ ਕਰ ਦਿੱਤਾ ਹੈ। ਇਹ ਦੋਵੇਂ ਦੋਸ਼ੀ ਭਾਰਤ ਦੇ ਕੇਸ ਵਿੱਚ ਵੀ ਲੋੜੀਂਦੇ ਹਨ। ਅਗਸਤਾ ਵੈਸਟਲੈਂਡ ਕੰਪਨੀ ਦੇ ਸਾਬਕਾ ਮੁਖੀ ਬਰੂਨੋ ਸਪੈਗਨੋਲਿਨੀ ਨੂੰ ਵੀ ਇਸ ਕੇਸ ਤੋਂ ਬਰੀ ਕਰ ਦਿੱਤਾ ਗਿਆ ਹੈ। ਇੱਕ ਪੁਰਾਣੇ ਫ਼ੈਸਲੇ ਵਿੱਚ ਓਰਸੀ ਨੂੰ ਸਾਢੇ ਚਾਰ ਸਾਲ ਅਤੇ ਬਰੂਨੋ ਨੂੰ ਚਾਰ ਸਾਲ ਸਜ਼ਾ ਸੁਣਾਈ ਗਈ ਸੀ। ਇਸ ਮੁਕੱਦਮੇ ਵਿੱਚ ਬਚਾਅ ਪੱਖ ਦੇ ਕੋਲ ਦੁਬਾਰਾ ਅਪੀਲ ਕਰਨ ਦਾ ਅਧਿਕਾਰ ਹੈ, ਪਰ ਅਜੇ ਤੱਕ ਇਟਲੀ ਦੇ ਅਧਿਕਾਰੀਆਂ ਵਲੋਂ ਇਸ ਮਾਮਲੇ ਵਿੱਚ ਕੁਝ ਨਹੀਂ ਕਿਹਾ ਗਿਆ ਹੈ।