ਅਗਲੇ ਦੋ ਸਾਲਾਂ ਵਿੱਚ ਇਰਾਕ ਵਿੱਚ 20 ਪੁਲਿਸ ਅਧਿਕਾਰੀ ਤਾਇਨਾਤ ਕਰੇਗਾ ਕੈਨੇਡਾ

police officersਓਟਵਾ, 10 ਅਗਸਤ (ਪੋਸਟ ਬਿਊਰੋ) : ਟਰੂਡੋ ਸਰਕਾਰ ਦਾ ਕਹਿਣਾ ਹੈ ਕਿ ਇਰਾਕ ਵਿੱਚ ਇਸਲਾਮਿਕ ਸਟੇਟ ਤੇ ਲੈਵੇਂਟ ਨਾਲ ਮੁਕਾਬਲਾ ਕਰਨ ਲਈ ਟਰੂਡੋ ਸਰਕਾਰ 20 ਹੋਰ ਪੁਲਿਸ ਅਧਿਕਾਰੀਆਂ ਨੂੰ ਉੱਥੇ ਭੇਜੇਗੀ। ਇਹ ਸਾਰਾ ਕੁੱਝ ਸਰਕਾਰ ਵੱਲੋਂ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ ਹੈ।
ਜੂਨ ਦੇ ਅੰਤ ਵਿੱਚ ਕੈਨੇਡਾ ਨੇ ਇਰਾਕ ਵਿੱਚ ਮਿਲਟਰੀ ਮਿਸ਼ਨ ਨੂੰ ਹੋਰਨਾਂ ਦੋ ਸਾਲਾਂ ਲਈ ਵਧਾ ਦਿੱਤਾ ਹੈ। ਪੁਲਿਸ ਅਧਿਕਾਰੀ, ਜਿਨ੍ਹਾਂ ਵਿੱਚ ਪੁਰਸ਼ ਵੀ ਹੋਣਗੇ ਤੇ ਮਹਿਲਾਂਵਾਂ ਵੀ, ਆਈਐਸਆਈਐਲ ਦੇ ਨਿਯੰਤਰਣ ਤੋਂ ਪਿੱਛੇ ਜਿਹੇ ਮੁਕਤ ਕਰਵਾਏ ਗਏ ਇਲਾਕੇ ਵਿੱਚ ਸਥਾਨਕ ਪੁਲਿਸ ਦੀ ਹੋਂਦ ਨੂੰ ਮੁੜ ਸਥਾਪਿਤ ਕਰਨ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ ਉਹ ਆਪਣੇ ਹਮਰੁਤਬਾ ਇਰਾਕੀ ਅਧਿਕਾਰੀਆਂ ਨੂੰ ਲਿੰਗਕ ਸਮਾਨਤਾ, ਵੰਨ ਸੁਵੰਨਤਾ ਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਦਿਆਂ ਉੱਤੇ ਸਲਾਹ ਵੀ ਦੇਣਗੇ।
ਇਸ ਸਮੇਂ ਇਰਾਕ ਵਿੱਚ ਕੈਨੇਡਾ ਦੇ ਤਿੰਨ ਅਧਿਕਾਰੀ ਹਨ ਤੇ ਚੌਥਾ ਅਗਲੇ ਮਹੀਨੇ ਉੱਥੇ ਜਾ ਰਿਹਾ ਹੈ। ਹੋਰਨਾਂ ਪੁਲਿਸ ਅਧਿਕਾਰੀਆਂ ਨੂੰ ਅਗਲੇ ਦੋ ਸਾਲਾਂ ਵਿੱਚ ਹੌਲੀ ਹੌਲੀ ਉੱਥੇ ਭੇਜਿਆ ਜਾਵੇਗਾ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡੀਅਨ ਪੁਲਿਸ ਇਸ ਮੁਸੀਬਤ ਦੇ ਮਾਰੇ ਦੇਸ਼ ਵਿੱਚ ਸਥਿਰਤਾ ਲਿਆਉਣ ਵਿੱਚ ਮਦਦ ਕਰਨ ਲਈ ਆਪਣਾ ਯੋਗਦਾਨ ਪਾਵੇਗੀ।