ਅਕਾਲੀ-ਭਾਜਪਾ ਸਰਕਾਰ ਵਾਲਾ ਘੋੜਿਆਂ ਦਾ ਸ਼ੌਂਕ ਕਾਂਗਰਸ ਸਰਕਾਰ ਨੂੰ ਵੀ ਜਾਗਿਆ

horse racing congress
ਚੰਡੀਗੜ੍ਹ, 12 ਅਕਤੂਬਰ (ਪੋਸਟ ਬਿਊਰੋ)- ਅਕਾਲੀ ਭਾਜਪਾ ਸਰਕਾਰ ਦੇ ਵਕਤ ਜਿਹੜਾ ਘੋੜਿਆਂ ਦੀਆਂ ਦੌੜਾਂ ਉੱਤੇ ਸ਼ਰਤਾਂ ਲਵਾਉਣ ਦਾ ਸੁਪਨਾ ਲਿਆ ਗਿਆ, ਪਰ ਸਿਰੇ ਨਹੀਂ ਸੀ ਚੜ੍ਹਿਆ, ਕਿਉਂਕਿ ਢੁਕਵੇਂ ਬੋਲੀਕਾਰ ਨਹੀਂ ਮਿਲ ਸਨ, ਉਸ ਨੂੰ ਸਿਰੇ ਚੜ੍ਹਾਉਣ ਲਈ ਹੁਣ ਕਾਂਗਰਸ ਸਰਕਾਰ ਨੇ ਨਵੇਂ ਸਿਰਿਉਂ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ।
ਘੋੜਿਆਂ ਦੀਆਂ ਦੌੜਾਂ ਤੋਂ ਇਕੱਠੀ ਹੋਣ ਵਾਲੀ ਆਮਦਨ ਬਾਰੇ ਸੋਚ ਕੇ ਅਕਾਲੀ ਭਾਜਪਾ ਸਰਕਾਰ ਨੇ ਲੁਧਿਆਣੇ ਦੇ ਮੱਤੇਵਾੜਾ ਵਿਖੇ ‘ਟਰਫ (ਘੋੜ ਦੌੜ) ਕਲੱਬ’ ਬਣਾਉਣ ਦੀ ਯੋਜਨਾ ਬਣਾਈ ਸੀ। ਇਸ ਪ੍ਰਾਜੈਕਟ ਨੂੰ ਸਿਰੇ ਚਾੜ੍ਹਨ ਲਈ ਸਰਕਾਰ ਨੇ ਮੱਤੇਵਾੜਾ ਵਿਖੇ ਪਸ਼ੂ ਪਾਲਣ ਮਹਿਕਮੇ ਦੀ ਲਗਭਗ 171 ਏਕੜ ਜ਼ਮੀਨ ਵੀ ਦੇ ਦਿੱਤੀ, ਪ੍ਰੰਤੂ ਕਲੱਬ ਵਿੱਚ ਘੋੜਿਆਂ ਦੀ ਦੌੜ ਲਈ ਬਣਨ ਵਾਲੇ ‘ਰੇਸ ਕੋਰਸ’ ਵਾਸਤੇ ਸਰਕਾਰ ਵੱਲੋਂ ਵਾਰ-ਵਾਰ ਬੋਲੀਆਂ ਮੰਗਣ ਦੇ ਬਾਵਜੂਦ ਕੋਈ ਢੁੱਕਵਾਂ ਬੋਲੀਕਾਰ ਨਹੀਂ ਸੀ ਲੱਭਾ। ਸਾਲ 2015 ਵਿੱਚ ਸਰਕਾਰ ਨੇ ਇਹ ਪ੍ਰਾਜੈਕਟ ਸ਼ੁਰੂ ਕਰਨ ਲਈ ਯਤਨ ਕੀਤੇ, ਪ੍ਰੰਤੂ ਗੱਲ ਨਹੀਂ ਸੀ ਬਣੀ। ਹੁਣ ਕਾਂਗਰਸ ਸਰਕਾਰ ਨੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ ਆਈ ਡੀ ਬੀ) ਦੇ ਰਾਹੀਂ ਇਹ ਪ੍ਰਾਜੈਕਟ ਸਿਰੇ ਲਾਉਣ ਲਈ ਯਤਨ ਸ਼ੁਰੂ ਕੀਤੇ ਹਨ। ਜਾਣਕਾਰ ਸੂਤਰਾਂ ਅਨੁਸਾਰ ਸਰਕਾਰ ਦੀ ਯੋਜਨਾ ਹੈ ਕਿ ਰੇਸ ਵਿੱਚ ਦੌੜ ਵਾਲੇ ਘੋੜਿਆਂ ‘ਤੇ ਲੱਗਣ ਵਾਲੀਆਂ ਸ਼ਰਤਾਂ ਤੋਂ ਇਲਾਵਾ ਇਸ ਕਲੱਬ ਦੀ ਮੈਂਬਰਸ਼ਿਪ ਫੀਸ, ਉਥੇ ਚੱਲਣ ਵਾਲੇ ਰੈਸਤਰਾਂ, ਐਂਟਰੀ ਫੀਸ ਆਦਿ ਤੋਂ ਮਾਲੀਏ ਵਜੋਂ ਮੋਟੀ ਕਮਾਈ ਹੋਵੇਗੀ। ਇਸ ਤੋਂ ਇਲਾਵਾ ਸਰਕਾਰ ਦੀ ਇਸ ਦੌੜ ਪਟੜੀ ਦੁਆਲੇ 9 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਅਤੇ ਘੋੜਿਆਂ ‘ਤੇ ਸ਼ਰਤਾਂ ਲਾਉਣ ਵਾਲਿਆਂ (ਬੁਕੀਜ਼) ਦੇ ਬੈਠਣ ਲਈ ਵਿਸ਼ੇਸ਼ ਸਥਾਨ, ਘੋੜਿਆਂ ਦੀ ਸਾਂਭ ਸੰਭਾਲ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਹੈ। ਇਨ੍ਹਾਂ ਸੂਤਰਾਂ ਅਨੁਸਾਰ ਇਸ ਪ੍ਰਾਜੈਕਟ ਲਈ ਪਿਛਲੀ ਸਰਕਾਰ ਨੇ ਬਾਕਾਇਦਾ ਪੰਜਾਬ ਵਿਧਾਨ ਸਭਾ ਵਿੱਚ ਇਸ ਬਾਰੇ ਬਿੱਲ ‘ਪੰਜਾਬ ਘੋੜ ਦੌੜ ਐਕਟ 2013’ ਨੂੰ ਪ੍ਰਵਾਨਗੀ ਦਿਵਾਈ ਸੀ ਅਤੇ ਇਸ ਨੂੰ ਅਮਲੀ ਰੂਪ ਦੇਣ ਦਾ ਜ਼ਿੰਮਾ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੂੰ ਸੌਂਪ ਦਿੱਤਾ ਸੀ। ਬੋਰਡ ਨੇ ਇਸ ਲਈ ਸਭ ਤੋਂ ਪਹਿਲਾਂ ਦੋ ਫਰਵਰੀ 2015 ਤਾਰੀਕ ਤੈਅ ਕਰਦਿਆਂ ਬੋਲੀਕਾਰਾਂ ਤੋਂ ਟੈਂਡਰ ਮੰਗੇ ਸਨ। ਸੂਤਰਾਂ ਮੁਤਾਬਕ ਟੈਂਡਰਾਂ ਦੀ ਇਸ ਮੰਗ ਨੂੰ ਹੁੰਗਾਰਾ ਨਹੀਂ ਸੀ ਮਿਲਿਆ, ਓਦੋਂ ਬੋਰਡ ਦਾ ਕਹਿਣਾ ਸੀ ਕਿ ਟੈਂਡਰ ਦਰਖਾਸਤਾਂ ਤਸੱਲੀ ਬਖਸ਼ ਨਹੀਂ, ਜਿਸ ਕਾਰਨ ਬੋਰਡ ਨੇ ਆਖਰੀ ਤਾਰੀਕ ਦੋ ਫਰਵਰੀ ਤੋਂ ਵਧਾ ਕੇ 27 ਫਰਵਰੀ 2015 ਕਰ ਦਿੱਤੀ ਅਤੇ ਉਸ ਤੋਂ ਬਾਅਦ ਇਹ ਵਧਾ ਕੇ 23 ਅਪ੍ਰੈਲ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ 18 ਮਈ, ਫਿਰ 16 ਜੂਨ ਅਤੇ ਫਿਰ 16 ਜੁਲਾਈ ਤੈਅ ਕੀਤੀ ਗਈ, ਪ੍ਰੰਤੂ ਢੁੱਕਵੇਂ ਬੋਲੀਕਾਰ ਫਿਰ ਵੀ ਨਹੀਂ ਪਹੁੰਚੇ।