ਅਕਾਲੀ ਦਲ ਵੱਲੋਂ ਲੋਕਾਂ ਦਾ ਫਤਵਾ ਪ੍ਰਵਾਨ, ਸਰਕਾਰ ਨੂੰ ਸਹਿਯੋਗ ਦੇਣ ਦਾ ਐਲਾਨ

sukh* ਸੁਖਬੀਰ ਸਿੰਘ ਬਾਦਲ ਨੂੰ ਵਿਧਾਇਕ ਗਰੁੱਪ ਦਾ ਆਗੂ ਬਣਾਇਆ ਗਿਆ
ਚੰਡੀਗੜ੍ਹ, 20 ਮਾਰਚ, (ਪੋਸਟ ਬਿਊਰੋ)- ਬਾਦਲ ਅਕਾਲੀ ਦਲ ਦੀ ਕੋਰ ਕਮੇਟੀ ਨੇ ਪੰਜਾਬ ਦੇ ਲੋਕਾਂ ਵਲੋਂ ਵਿਧਾਨ ਸਭਾ ਚੋਣਾਂ ਵਿਚ ਦਿਤੇ ਗਏ ਫ਼ਤਵੇ ਨੂੰ ਪੂਰੀ ਨਿਮਰਤਾ ਤੇ ਇਮਾਨਦਾਰੀ ਨਾਲ ਪ੍ਰਵਾਨ ਕਰਦੇ ਹੋਏ ਅੱਜ ਏਥੇ ਕਿਹਾ ਹੈ ਕਿ ਅਕਾਲੀ ਦਲ ਨਵੀਂ ਸਰਕਾਰ ਨੂੰ ਉਸਾਰੂ ਸਹਿਯੋਗ ਦੇਂਦਾ ਰਹੇਗਾ। ਕੋਰ ਕਮੇਟੀ ਦੀ ਅੱਜ ਦੀ ਮੀਟਿੰਗ ਵਿੱਚ ਪਾਸ ਕੀਤੇ ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਅਤੇ ਚੰਗਾ ਰਾਜ ਦੇਣ ਦਾ ਭਰਪੂਰ ਹੁੰਗਾਰਾ ਭਰਿਆ ਹੈ, ਜਿਸ ਦੇ ਸਦਕਾ ਹੀ ਅਕਾਲੀ-ਭਾਜਪਾ ਗਠਜੋੜ ਇਨ੍ਹਾਂ ਚੋਣਾਂ ਵਿਚ ਵੋਟਾਂ ਪ੍ਰਾਪਤ ਕਰਨ ਦੇ ਪੱਖ ਤੋਂ ਦੂਸਰੇ ਸਥਾਨ ਉਤੇ ਰਿਹਾ ਹੈ, ਪਰ ਫਿਰ ਵੀ ਪਾਰਟੀ ਅਪਣੀ ਹਾਰ ਲਈ ਜ਼ਿੰਮੇਵਾਰ ਕਾਰਨਾਂ ਅਤੇ ਕਮੀਆਂ ਦੀ ਬਾਕਾਇਦਾ ਸਮੀਖਿਆ ਜ਼ਰੂਰ ਕਰੇਗੀ।
ਇਸ ਦੌਰਾਨ ਅੱਜ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਏਥੇ ਕੀਤੀ ਆਪਣੀ ਬੈਠਕ ਵਿਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਵਿਧਾਇਕ ਦਲ ਦੇ ਨੇਤਾ ਚੁਣ ਲਿਆ। ਇਸ ਦੇ ਨਾਲ ਪਾਰਟੀ ਦੇ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਪਾਰਟੀ ਦਾ ਚੀਫ਼ ਵਿੱਪ ਚੁਣਿਣਾ ਗਿਆ ਹੈ। ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਪੈਟਰਨ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਅੱਜ ਦੀ ਬੈਠਕ ਵਿਚ ਵਿਧਾਇਕਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ 10 ਸਾਲ ਕੀਤੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਾਰਟੀ ਉਨ੍ਹਾਂ ਦੀ ਅਗਵਾਈ ਵਿਚ ਵਿਰੋਧੀ ਧਿਰ ਵਜੋਂ ਉਸਾਰੂ ਭੂਮਿਕਾ ਨਿਭਾਏਗੀ ਤੇ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖੇਗੀ।
ਦੂਸਰੇ ਪਾਸੇ ਅੱਜ ਦੀ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਦੇ ਬਾਅਦ ਅਕਾਲੀ ਦਲ ਦੇ ਜਨਰਲ ਸਕੱਤਰ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਲੋਕਾਂ ਦੇ ਫ਼ਤਵੇ ਅਨੁਸਾਰ ਪੰਜਾਬ ਵਿਚ ਵਿਰੋਧੀ ਧਿਰ ਵਿੱਚ ਉਸਾਰੂ ਭੂਮਿਕਾ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਵੀਂ ਸਰਕਾਰ ਦੇ ਲੋਕ-ਪੱਖੀ ਫ਼ੈਸਲੇ ਦੀ ਹਮਾਇਤ ਕਰੇਗਾ, ਪਰ ਲੋਕਾਂ ਅਤੇ ਪੰਜਾਬ ਦੇ ਹਿਤਾਂ ਵਿਰੁਧ ਜਾਂਦੇ ਹਰ ਫ਼ੈਸਲੇ ਦਾ ਡਟ ਕੇ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਨੂੰ ਵਾਅਦੇ ਪੂਰੇ ਨਾ ਕਰ ਸਕਣ ਉਤੇ ਕਮੇਟੀਆਂ ਦਾ ਪਰਦਾ ਨਹੀਂ ਪਾਉਣਾ ਚਾਹੀਦਾ, ਉਹ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕਰੇ, ਕਿਉਂਕਿ ਇਸ ਬਾਰੇ ਲੋਂੜੀਦਾ ਰੀਕਾਰਡ ਮੌਜੂਦ ਹੈ ਅਤੇ ਨਵੀਂ ਸਰਕਾਰ ਨੂੰ 30 ਲੱੱਖ ਨੌਕਰੀਆਂ ਲਈ ਭਰਤੀ ਕਰਨ ਦਾ ਵੀ ਤੁਰੰਤ ਐਲਾਨ ਕਰਨਾ ਚਾਹੀਦਾ ਹੈ।
ਅਕਾਲੀ ਦਲ ਨੇ ਕਿਹਾ ਹੈ ਕਿ ਕਾਂਗਰਸ ਵਲੋਂ ਚੋਣ ਮੈਨੀਫ਼ੈਸਟੋ ਵਿਚ ਕੀਤੇ ਸਾਰੇ ਚੋਣ ਵਾਅਦਿਆਂ ਉਤੇ ਡਾ. ਮਨਮੋਹਨ ਸਿੰਘ ਨੇ ਨਜ਼ਰਸਾਨੀ ਕੀਤੀ ਅਤੇ ਉਨ੍ਹਾਂ ਨੂੰ ਤਦੇ ਚੋਣ ਮੈਨੀਫ਼ੈਸਟੋ ਵਿਚ ਰਖਿਆ ਗਿਆ ਸੀ, ਜਦੋਂ ਉਨ੍ਹਾਂ ਦੀ ਤਸੱਲੀ ਹੋ ਗਈ ਸੀ ਕਿ ਪੰਜਾਬ ਦੀ ਆਰਥਕ ਹਾਲਤ ਇਨ੍ਹਾਂ ਵਾਅਦਿਆਂ ਨੂੰ ਪੂਰੀ ਕਰਨ ਜੋਗੀ ਮਜ਼ਬੂਤ ਹੈ। ਅਕਾਲੀ ਦਲ ਦੀ ਕੋਰ ਕਮੇਟੀ ਨੇ ਕਿਹਾ ਕਿ ਨਵੀਂ ਸਰਕਾਰ ਦੀ ਪਹਿਲੀ ਕੈਬਨਿਟ ਵਿਚ ਪਾਸ ਕੀਤੇ ਗਏ 120 ਦੇ ਕਰੀਬ ਮਤੇ ਪਹਿਲੀ ਸਰਕਾਰ ਵਲੋਂ ਲਏ ਫ਼ੈਸਲਿਆਂ ਦੇ ਦੁਹਰਾਓ ਤੋਂ ਵੱਧ ਕੁਝ ਨਹੀਂ।
ਇਸ ਦੌਰਾਨ ਅੱਜ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਾ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸੁਚੱਜੀ ਲੀਡਰਸ਼ਿਪ ਸਦਕਾ ਪਾਰਟੀ ਨੇ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਪਾਰਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਵਿਧਾਨ ਸਭਾ ਵਿਚਲੇ ਗਰੁੱਪ ਦਾ ਮੁਖੀ ਵੀ ਨਾਮਜ਼ਦ ਕੀਤਾ ਹੈ। ਇਸ ਮੀਟਿੰਗ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ ਵਿਚ ਪੰਜਾਬ ਨੇ ਹਰ ਖੇਤਰ ਵਿਚ ਨਾਮ ਕਮਾਇਆ ਹੈ।
ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਹਰਚਰਨ ਬੈਂਸ ਨੇ ਕਿਹਾ ਕਿ ਪਾਰਟੀ ਨੇ ਅਕਾਲੀ ਵਰਕਰਾਂ ਉਤੇ ਕੀਤੇ ਜਾ ਰਹੇ ਹਮਲਿਆਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਉਤੇ ਤੁਰੰਤ ਕਾਬੂ ਪਾਇਆ ਜਾਵੇ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਜਿਥੇ ਕਿਤੇ ਕਿਸੇ ਵਰਕਰ ਵਿਰੁਧ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਕੀਤੀ ਜਾਵੇਗੀ, ਪਾਰਟੀ ਦੀ ਸਮੁੱਚੀ ਲੀਡਰਸ਼ਿਪ ਓਥੇ ਉਸ ਦੇ ਨਾਲ ਖੜੋਵੇਗੀ। ਇਸ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਉਪਿੰਦਰਜੀਤ ਕੌਰ ਤੇ ਬੀਬੀ ਜਾਗੀਰ ਕੌਰ ਹਾਜ਼ਰ ਸਨ।