ਅਕਾਲੀ ਦਲ ਵੱਲੋਂ ਪੰਜਾਬ ਦੇ ਅਮਨ-ਕਾਨੂੰਨ ਦੀ ਹਾਲ ਉੱਤੇ ਚਿੰਤਾ ਪ੍ਰਗਟ

parkash singh badal
ਚੰਡੀਗੜ੍ਹ, 16 ਜੁਲਾਈ, (ਪੋਸਟ ਬਿਊਰੋ)- ਬਾਦਲ ਅਕਾਲੀ ਦਲ ਦੇ ਵਿਧਾਇਕ ਦਲ ਦੀ ਅੱਜ ਹੋਈ ਬੈਠਕ ਵਿੱਚ ਪੰਜਾਬ ਦੀ ਵਿਗੜੀ ਹੋਈ ਅਮਨ-ਕਾਨੂੰਨ ਦੀ ਸਥਿਤੀ ਉੱਤੇ ਚਿੰਤਾ ਪ੍ਰਗਟ ਕੀਤੀ ਗਈ ਹੈ।
ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਬੈਠਕ ਵਿੱਚ ਲੁਧਿਆਣਾ ਦੇ ਇਕ ਚਰਚ ਦੇ ਪਾਦਰੀ ਸੁਲਤਾਨ ਸ਼ਾਹ ਦੇ ਕਤਲ ਉੱਤੇ ਦੁੱਖ ਪ੍ਰਗਟ ਕੀਤਾ ਗਿਆ। ਬਾਦਲ ਨੇ ਕਿਹਾ ਕਿ ਪੰਜਾਬ ਦਾ ਪ੍ਰਸ਼ਾਸਨ ਉਸ ਸ਼ਾਤੀ ਤੇ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਕਾਇਮ ਰੱਖਣ ਵਿੱਚ ਨਾਕਾਮ ਹੈ, ਜਿਹੜਾ ਮਾਹੌਲ ਇਸ ਸਾਲ ਮਾਰਚ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਕਾਗਰਸ ਸਰਕਾਰ ਨੂੰ ਸੌਂਪਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਵਿਚ ਅਚਾਨਕ ਆਏ ਨਿਘਾਰ ਦੀ ਮੁੱਖ ਵਜ੍ਹਾ ਹਾਕਮਾਂ ਦਾ ਜਨਤਕ ਸੇਵਾ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਥਾ ਫਾਲਤੂ ਕੰਮਾ ਵਿਚ ਰੁੱਝੇ ਹੋਣਾ ਹੈ। ਬਾਦਲ ਨੇ ਕਿਹਾ ਕਿ ਏਦਾਂ ਲੱਗਦਾ ਹੈ ਕਿ ਸਰਕਾਰ ਹਰ ਪਾਸੇ ਗੈਰ-ਹਾਜ਼ਰ ਹੈ ਤੇ ਲੋਕਾਂ ਤੇ ਸਰਕਾਰ ਵਿੱਚ ਬੜਾ ਵੱਡਾ ਪਾੜਾ ਹੈ। ਲੋਕਾਂ ਕੋਲ ਮੁਸ਼ਕਲਾਂ ਦੇ ਹੱਲ ਵਾਸਤੇ ਕੋਈ ਬਾਹ ਫੜਨ ਵਾਲਾ ਨਹੀਂ ਤੇ ਉਹ ਇਸ ਸਥਿਤੀ ਤੋਂ ਦੁਖੀ ਹਨ
ਬਾਦਲ ਨੇ ਕਿਹਾ ਕਿ ਜਿਹੜੇ ਲੋਕ ਸਰਕਾਰ ਚਲਾ ਰਹੇ ਹਨ, ਉਨ੍ਹਾ ਨੂੰ ਜਨਤਾ ਦੀ ਸੇਵਾ ਨੂੰ ਪਾਰਟ ਟਾਈਮ ਸ਼ੌਂਕ ਨਹੀਂ, ਫੁੱਲ ਟਾਈਮ ਮਿਸ਼ਨ ਮੰਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਏਥੇ ਆ ਕੇ ਰਹਿਣ ਜਾਂ ਇੱਥੇ ਨਿਵੇਸ਼ ਕਰਨ ਦੇ ਚਾਹਵਾਨ ਲੋਕਾ ਦਾ ਹੌਂਸਲਾ ਵਧਾਉਣ ਵਾਲੀ ਨਹੀਂ, ਸਾਡੀ ਸਰਕਾਰ ਵੇਲੇ ਦੇਸ਼ ਦੇ ਵੱਡੇ ਕਾਰੋਬਾਰੀ ਤੇ ਵਪਾਰਕ ਘਰਾਣੇ ਪੰਜਾਬ ਵਿੱਚ ਬਹੁਤ ਦਿਲਚਸਪੀ ਰੱਖਦੇ ਅਤੇ ਇਕੱਲੇ ਵੀ ਤੇ ਸਾਂਝੇ ਤੌਰ ਉੱਤੇ ਵੀ ਪੰਜਾਬ ਨਿਵੇਸ਼ ਸੰਮੇਲਨਾ ਵਿਚ ਆਉਂਦੇ ਸਨ, ਹੁਣ ਕੋਈ ਗਤੀਵਿਧੀ ਨਜ਼ਰ ਨਹੀਂ ਆਉਂਦੀ, ਜਿਸ ਦੇ ਪਿੱਛੇ ਬਾਕੀ ਪੱਖਾਂ ਤੋਂ ਇਲਾਵਾ ਅਮਨ-ਕਾਨੂੰਨ ਦੀ ਹਾਲਤ ਵੀ ਜ਼ਿੰਮੇਵਾਰ ਹੈ।