ਅਕਾਲੀ ਦਲ ਦੇ ਦੋ ਸਾਬਕਾ ਮੇਅਰ ਮੈਦਾਨ ਤੋਂ ਕੰਨੀ ਖਿਸਕਾ ਗਏ

\

ਪਟਿਆਲਾ, 6 ਦਸੰਬਰ, (ਪੋਸਟ ਬਿਊਰੋ)- ਅਕਾਲੀ ਦਲ ਵੱਲੋਂ ਪਟਿਆਲਾ ਨਗਰ ਨਿਗਮ 

ਚੋਣਾਂ ਲਈ ਐਲਾਨੇ ਗਏ ਉਮੀਦਵਾਰਾਂ ਵਿੱਚੋਂ ਦੋ ਸਾਬਕਾ ਮੇਅਰ ਤੇ ਕੁਝਹੋਰ ਆਗੂ ਨਾਮਜ਼ਦਗੀ ਕਾਗਜ਼ ਭਰਨ ਤੋਂ ਪਹਿਲਾਂ ਹੀ ਮੈਦਾਨ ਛੱਡ ਗਏ ਹਨ। ਇਸ ਸ਼ਹਿਰ ਵਿੱਚ ਅਕਾਲੀ-ਭਾਜਪਾ ਗੱਠਜੋੜ 42 ਅਤੇ 18 ਅਨੁਪਾਤ ਵਿੱਚ ਚੋਣਾਂ ਲੜ ਰਿਹਾ ਹੈ।
ਵਰਨਣ ਯੋਗ ਹੈ ਕਿ ਇਸ ਸ਼ਹਿਰ ਦੇ ਨਗਰ ਨਿਗਮ ਉੱਤੇ ਪਿਛਲੀਆਂ ਦੋ ਵਾਰੀਆਂ ਦੌਰਾਨ ਅਕਾਲੀ-ਭਾਜਪਾ ਦਾ ਕਬਜ਼ਾ ਰਿਹਾ ਹੈ, ਪਰ ਦਸ ਸਾਲ ਨਿਗਮ ਉੱਤੇ ਰਾਜ ਕਰਨ ਵਾਲੇ ਅਕਾਲੀ ਆਗੂਆਂ ਵਿੱਚ ਸੱਤਾ ਤਬਦੀਲੀ ਮਗਰੋਂ ਚੋਣਾਂ ਵਿੱਚ ਭਿੜਨ ਦਾ ਡਰ ਪਿਆ ਹੋਇਆ ਹੈ। ਇਹ ਡਰ ਹੇਠ ਦੋ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਅਤੇ ਅਮਰਿੰਦਰ ਸਿੰਘ ਬਜਾਜ, ਜਿਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਨੇ ਉਮੀਦਵਾਰ ਐਲਾਨਿਆ ਸੀ, ਚੋਣ ਮੈਦਾਨ ਛੱਡ ਗਏ ਹਨ।
ਮਿਲ ਸਕੀ ਜਾਣਕਾਰੀ ਅਨੁਸਾਰ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਦੀ ਪਤਨੀ ਸਿਮਰਤ ਕੌਰ ਕੋਹਲੀ ਨੂੰ ਅਕਾਲੀ ਦਲ ਨੇ ਔਰਤਾਂ ਲਈ ਰਾਖਵੇਂ ਵਾਰਡ ਨੰਬਰ 31 ਤੋਂ ਉਮੀਦਵਾਰ ਐਲਾਨਿਆ ਸੀ, ਪਰ ਅੱਜ ਨਾਮਜ਼ਦਗੀ ਕਾਗਜ਼ ਭਰਨ ਦੇ ਆਖ਼ਰੀ ਦਿਨ ਸਿਮਰਤ ਕੌਰ ਕੋਹਲੀ ਨੇ ਕਾਗਜ਼ ਦਾਖ਼ਲ ਨਹੀਂ ਕੀਤੇ। ਪਾਰਟੀ ਸੂਤਰਾਂ ਮੁਤਾਬਕ ਕੋਹਲੀ ਪਰਿਵਾਰ ਦਾ ਇਹ ਨਾਂਹ-ਪੱਖੀ ਰੁਖ ਵੇਖਣ ਮਗਰੋਂ ਪਾਰਟੀ ਨੇ ਇਸ ਪਰਿਵਾਰ ਦੇ ਸਿਆਸੀ ਸਮਰਥਕ ਰਣਜੀਤ ਸਿੰਘ ਦੀ ਪਤਨੀ ਅਮਨਦੀਪ ਕੌਰ ਨੂੰ ਖੜੇ ਪੈਰ ਵਾਰਡ ਨੰਬਰ 31 ਤੋਂ ਉਮੀਦਵਾਰ ਐਲਾਨ ਦਿੱਤਾ। ਇਸ ਦੌਰਾਨ ਸਾਬਕਾ ਮੇਅਰ ਕੋਹਲੀ ਖ਼ੁਦ ਵੀ ਇਸ ਚੋਣ ਮੈਦਾਨ ਤੋਂ ਲਾਂਭੇ ਹੋ ਗਏ ਹਨ।
ਦੂਸਰੇ ਪਾਸੇ ਸਾਬਕਾ ਅਕਾਲੀ ਮੇਅਰ ਅਮਰਿੰਦਰ ਸਿੰਘ ਬਜਾਜ ਪਾਰਟੀ ਨੇ ਵਾਰਡ ਨੰਬਰ 52 ਤੋਂ ਉਮੀਦਵਾਰ ਵਜੋਂ ਪੇਸ਼ ਕੀਤਾ ਸੀ, ਪਰ ਉਸ ਨੇ ਅੱਜ ਆਪਣੀ ਥਾਂ ਆਪਣੇ ਸਿਆਸੀ ਸਮਰਥਕ ਹਰਪ੍ਰੀਤ ਸਿੰਘ ਸਹਿਗਲ ਨੂੰ ਚੋਣ ਦੇ ਲਈ ਪੇਸ਼ ਕਰ ਦਿੱਤਾ। ਵਰਨਣ ਯੋਗ ਹੈ ਕਿ ਕਈ ਸਾਲ ਨਿਗਮ ਦੇ ਮੇਅਰ ਰਹੇ ਅਮਰਿੰਦਰ ਸਿੰਘ ਬਜਾਜ ਦੇ ਪਰਿਵਾਰ ਨੂੰ ਅਕਾਲੀ ਦਲ ਨੇ ਉਨ੍ਹਾਂ ਦੇ ਪੁਰਾਣੇ ਵਾਰਡ ਤੋਂ ਨਵੇਂ ਬਣੇ ਦੋ ਵਾਰਡ ਸੌਂਪੇ ਸਨ। ਸਾਬਕਾ ਮੇਅਰ ਬਜਾਜ ਨੇ ਆਪਣੀ ਪਤਨੀ ਮਨਪ੍ਰੀਤ ਕੌਰ ਬਜਾਜ ਨੂੰ ਵਾਰਡ ਨੰਬਰ 53 ਤੋਂ ਖੜਾ ਕਰ ਕੇ ਮੈਦਾਨ ਵਿੱਚ ਰਹਿਣ ਦਾ ਭਰਮ ਰੱਖਿਆ ਹੈ।
ਇਸ ਤੋਂ ਇਲਾਵਾ ਵਾਰਡ ਨੰਬਰ 42 ਤੋਂ ਅਕਾਲੀ ਦਲ ਦੇ ਉਮੀਦਵਾਰ ਰਮਨਦੀਪ ਸਿੰਘ ਧਾਲੀਵਾਲ ਵੀ ਮੈਦਾਨ ਛੱਡ ਗਏ ਦੱਸੇ ਜਾ ਰਹੇ ਹਨ ਅਤੇ ਪਾਰਟੀ ਵੱਲੋਂ ਖੜੇ ਪੈਰ ਇਸ ਵਾਰਡ ਤੋਂ ਨਵਨੀਤ ਸਿੰਘ ਵਾਲੀਆ ਦੇ ਕਾਗਜ਼ ਦਾਖਲ ਕੀਤੇ ਗਏ ਹਨ। ਜਾਣਕਾਰ ਸੂਤਰਾਂ ਅਨੁਸਾਰ ਸਾਬਕਾ ਕੌਂਸਲਰ ਨਿਰਮਲਾ ਦੇਵੀ ਵੀ ਮੈਦਾਨ ਛੱਡ ਗਈ ਹੈ ਤੇ ਪਾਰਟੀ ਵੱਲੋਂ ਉਸ ਦੀ ਥਾਂ ਸੀਮਾ ਵੈਦ ਨੇ ਕਾਗਜ਼ ਦਾਖ਼ਲ ਕੀਤੇ ਹਨ। ਪਹਿਲਾਂ ਨਿਰਮਲਾ ਦੇਵੀ ਤੇ ਸ਼ਾਰਦਾ ਦੇਵੀ ਦੇ ਆਪਸ ਵਿੱਚ ਵਾਰਡ ਬਦਲੇ ਗਏ ਸਨ। ਪਟਿਆਲਾ ਚੋਣਾਂ ਲਈ ਪਾਰਟੀ ਦੇ ਸਕਰੀਨਿੰਗ ਕਮੇਟੀ ਦੇ ਮੈਂਬਰ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਮੇਅਰਾਂ ਵੱਲੋਂ ਮੈਦਾਨ ਤੋਂ ਲਾਂਭੇ ਹੋਣ ਬਾਰੇ ਸਿਰਫ਼ ਏਨਾ ਕਿਹਾ ਕਿ ਕਮੇਟੀ ਨੇ ਪਾਰਟੀ ਦੀ ਚੜ੍ਹਤ ਬਣਾਉਣ ਲਈ ਪੂਰੀ ਵਾਹ ਲਾ ਦਿੱਤੀ ਸੀ, ਅੱਗੇ ਉਮੀਦਵਾਰਾਂ ਦੀ ਆਪਣੀ ਮਰਜ਼ੀ ਹੈ।