ਅਕਾਲੀ ਆਗੂਆਂ ਨੇ ਅਮਿਤ ਸ਼ਾਹ ਦਾ ਸਵਾਗਤ ਵੀ ਕੀਤਾ ਤੇ ਗਿਲੇ-ਸ਼ਿਕਵੇ ਵੀ ਉਲੱਦੇ


ਚੰਡੀਗੜ੍ਹ, 7 ਜੂਨ, (ਪੋਸਟ ਬਿਊਰੋ)- ਅਗਲੇ ਸਾਲ ਦੀਆਂ ਪਾਰਲੀਮੈਂਟ ਚੋਣਾਂ ਲਈ ਚੱਕਾ ਬੰਨ੍ਹਣ ਵਾਸਤੇ ਚੰਡੀਗੜ੍ਹ ਆਏ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦਾ ਅੱਜ ਸੀਨੀਅਰ ਅਕਾਲੀ ਆਗੂਆਂ ਨੇ ਸਵਾਗਤ ਵੀ ਭਰਵਾਂ ਕੀਤਾ ਤੇ ਉਸ ਅੱਗੇ ਗਿਲੇ-ਸਿ਼ਕਵੇ ਵੀ ਢੇਰੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਕਿਸਾਨਾਂ, ਮੁਲਾਜ਼ਮਾਂ, ਵਪਾਰੀਆਂ, ਕਾਰੋਬਾਰੀਆਂ, ਦਲਿਤਾਂ ਅਤੇ ਘੱਟ ਗਿਣਤੀਆਂ ਨਾਲ ਸੰਬੰਧ ਰੱਖਦੇ ਲੋਕਾਂ ਵਿੱਚ ਵਧੀ ਨਾਰਾਜ਼ਗੀ ਨੂੰ ਦੂਰ ਕਰਨ ਦੀ ਲੋੜ ਹੈ।
ਵਰਨਣ ਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਅਕਾਲੀ ਦਲ ਦੇ ਆਗੂਆਂ ਨਾਲ ਇਸ ਮੀਟਿੰਗ ਵਾਸਤੇ ਡੇਢ ਘੰਟਾ ਤੈਅ ਹੋਇਆ ਸੀ, ਪਰ ਇਹ ਦੋ ਘੰਟਿਆਂ ਤੋਂ ਵੱਧ ਸਮਾਂ ਚੱਲਦੀ ਰਹੀ ਅਤੇ ਇਸ ਦੌਰਾਨ ਹੀ ਅਕਾਲੀ ਆਗੂਆਂ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਵੀ ਤੈਅ ਹੋ ਗਈ, ਜਿਸ ਦੇ ਲਈ ਅਕਾਲੀ ਦਲ ਦਾ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਦਿੱਲੀ ਜਾਵੇਗਾ ਅਤੇ ਗੁਰੂ ਕੇ ਲੰਗਰਾਂ ਤੋਂ ਜੀ ਐਸ ਟੀ ਹਟਾਉਣ ਅਤੇ ਗੰਨਾ ਕਿਸਾਨਾਂ ਨੂੰ ਕੇਂਦਰ ਵੱਲੋਂ ਪੈਕੇਜ ਦੇਣ ਦੇ ਲਈ ਧੰਨਵਾਦ ਕਰਨ ਦੇ ਨਾਲ ਅੱਜ ਦੀ ਇਸ ਮੀਟਿੰਗ ਵਿੱਚ ਵਿਚਾਰੇ ਗਏ ਮੁੱਦੇ ਵੀ ਸਾਂਝੇ ਕਰੇਗਾ।
ਅੱਜ ਦੀ ਮੀਟਿੰਗ ਦੇ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਅਗਲੀਆਂ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਬਣਾਉਣ ਅਤੇ ਦੋਵੇਂ ਪਾਰਟੀਆਂ ਵਿਚਾਲੇ ਬਿਹਤਰ ਤਾਲਮੇਲ ਲਈ ਕੋਆਰਡੀਨੇਸ਼ਨ ਕਮੇਟੀ ਬਣਾਉਣ ਬਾਰੇ ਚਰਚਾ ਹੋਈ ਹੈ। ਦੋਵੇਂ ਪਾਰਟੀਆਂ ਵਿਚਾਲੇ ਮੱਤਭੇਦਾਂ ਅਤੇ ਮੁੱਦਿਆਂ ਬਾਰੇ ਚਰਚਾ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘ਦੋਵੇਂ ਪਾਰਟੀਆਂ ਵਿਚਾਲੇ ਕੋਈ ਮੱਤਭੇਦ ਨਹੀਂ, ਅਕਾਲੀ ਦਲ ਐਨ ਡੀ ਏ ਗੱਠਜੋੜ ਦਾ ਸਭ ਤੋਂ ਪੁਰਾਣਾ ਭਾਈਵਾਲ ਹੈ ਤੇ ਅੱਗੇ ਵੀ ਰਹੇਗਾ।’ ਉਨ੍ਹਾਂ ਕਿਹਾ ਕਿ ਉਹ ਸਗੋਂ ਐਨ ਡੀ ਏ ਗੱਠਜੋੜ ਦੇ ਹੋਰਨਾਂ ਪੁਰਾਣੇ ਭਾਈਵਾਲਾਂ ਨੂੰ ਐਨ ਡੀ ਏ ਵਿੱਚ ਟਿਕੇ ਰਹਿਣ ਦੀ ਅਪੀਲ ਕਰਨਗੇ।
ਇਸ ਦੌਰਾਨ ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਦੋਵਾਂ ਪਾਰਟੀਆਂ ਦੀ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਅਤੇ ਕਿਸਾਨਾਂ, ਦਲਿਤਾਂ, ਕਾਰੋਬਾਰੀਆਂ ਅਤੇ ਘੱਟ ਗਿਣਤੀਆਂ ਦੀ ਕੇਂਦਰ ਸਰਕਾਰ ਤੋਂ ਦੂਰੀ ਬਾਰੇ ਬਣੀ ਹੋਈ ਧਾਰਨਾ ਬਦਲਣ ਲਈ ਜ਼ਰੂਰੀ ਕਦਮ ਚੁੱਕਣ ਉੱਤੇ ਜ਼ੋਰ ਦਿੱਤਾ ਗਿਆ, ਜਿਸ ਦੇ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇਗਾ। ਅਕਾਲੀ ਆਗੂਆਂ ਨੇ ਗਿਲਾ ਵੀ ਕੀਤਾ ਕਿ ਅਕਾਲੀ ਦਲ ਸਭ ਤੋਂ ਪੁਰਾਣਾ ਭਾਜਪਾ ਦਾ ਭਾਈਵਾਲ ਹੈ, ਪਰ ਕੇਂਦਰ ਸਰਕਾਰ ਵਿੱਚ ਉਸ ਦੀ ਸੁਣਵਾਈ ਪਿਛਲੀ ਯੂ ਪੀ ਏ ਸਰਕਾਰ ਨਲੋਂ ਘੱਟ ਹੈ। ਮੋਦੀ ਸਰਕਾਰ ਨੇ ਅਕਾਲੀ ਦਲ ਦਾ ਇਕ ਵੀ ਗਵਰਨਰ ਨਹੀਂ ਲਾਇਆ ਤੇ ਨਾ ਕਿਸੇ ਹੋਰ ਪਾਸੇ ਕੋਈ ਅਹੁਦਾ ਦਿੱਤਾ ਹੈ। ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਦੋਵੇਂ ਬਾਦਲਾਂ ਤੋਂ ਬਿਨਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੂੰਦੜ, ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ ਆਦਿ ਸ਼ਾਮਲ ਸਨ।